ਕੀ ਇੰਪਰੂਵਮੈਂਟ ਟਰੱਸਟ ਦੀ ਕੰਗਾਲੀ ਅਤੇ ਬਦਹਾਲੀ ਲਿਖੇਗੀ ਨਵਾਂ ਇਤਿਹਾਸ?

Monday, Jul 20, 2020 - 03:23 PM (IST)

ਕੀ ਇੰਪਰੂਵਮੈਂਟ ਟਰੱਸਟ ਦੀ ਕੰਗਾਲੀ ਅਤੇ ਬਦਹਾਲੀ ਲਿਖੇਗੀ ਨਵਾਂ ਇਤਿਹਾਸ?

ਜਲੰਧਰ (ਚੋਪੜਾ) - ਬਦਹਾਲੀ ਅਤੇ ਕੰਗਾਲੀ ਦੇ ਦੌਰੇ ਵਿਚੋਂ ਲੰਘ ਰਿਹਾ ਇੰਪਰੂਵਮੈਂਟ ਟਰੱਸਟ ਸ਼ਾਇਦ ਨਵਾਂ ਇਤਿਹਾਸ ਲਿਖਣ ਦੀ ਤਿਆਰੀ ਵਿਚ ਜੁਟਿਆ ਹੋਇਆ ਹੈ, ਜਿਸ ਵਿਚ ਟਰੱਸਟ ਦੀਅਾਂ ਵੱਖ-ਵੱਖ ਸਕੀਮਾਂ ਦੇ ਅਲਾਟੀਆਂ ਵੱਲੋਂ ਉਨ੍ਹਾਂ ਨਾਲ ਕੀਤੀ ਗਈ ਧੋਖਾਦੇਹੀ ਦੇ ਕੇਸਾਂ ਵਿਚ ਚੇਅਰਮੈਨ ਅਤੇ ਈ. ਓ. ਦੇ ਵੱਖ-ਵੱਖ ਅਦਾਲਤਾਂ ਵੱਲੋਂ ਰੋਜ਼ਾਨਾ ਗੈਰ-ਜ਼ਮਾਨਤੀ ਵਾਰੰਟ ਤੱਕ ਜਾਰੀ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਅਤੇ ਈ. ਓ. ਜਤਿੰਦਰ ਸਿੰਘ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਟਰੱਸਟ ਦੇ ਚੇਅਰਮੈਨ ਦਲਜੀਤ ਆਹਲੂਵਾਲੀਆ ਨੂੰ ਚੇਅਰਮੈਨ ਦਾ ਅਹੁਦਾ ਸੰਭਾਲਿਆਂ 1 ਸਾਲ ਤੋਂ ਜ਼ਿਆਦਾ ਸਮਾਂ ਬੀਤ ਚੁੱਕਿਆ ਹੈ ਪਰ ਅਰੈਸਟ ਵਾਰੰਟਾਂ ਦਾ ਪਹੀਆ ਰੁਕਣ ਦੀ ਬਜਾਏ ਲਗਾਤਾਰ ਰਫਤਾਰ ਫੜਦਾ ਜਾ ਰਿਹਾ ਹੈ ।

ਇੰਝ ਹੀ ਟਰੱਸਟ ਦੀ ਇਕ ਸਕੀਮ ਬੀਬੀ ਭਾਨੀ ਕੰਪਲੈਕਸ ਨਾਲ ਸਬੰਧਤ 11 ਵੱਖ-ਵੱਖ ਕੇਸਾਂ ਵਿਚ ਚੇਅਰਮੈਨ ਅਤੇ ਈ. ਓ. ਖਿਲਾਫ ਗੈਰ-ਜ਼ਮਾਨਤੀ ਅਤੇ ਜ਼ਮਾਨਤੀ ਵਾਰੰਟ ਜਾਰੀ ਹੋਏ ਹਨ। ਇਨ੍ਹਾਂ ਵਾਰੰਟਾਂ ਦੀ ਕੜੀ ਵਿਚ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਖਿਲਾਫ 2 ਕੇਸਾਂ ਵਿਚ ਅਰੈਸਟ ਵਾਰੰਟ ਜਾਰੀ ਹੋਏ ਹਨ, ਜਦੋਂਕਿ ਈ. ਓ. ਜਤਿੰਦਰ ਸਿੰਘ ਖਿਲਾਫ 9 ਕੇਸਾਂ ਵਿਚ ਵਾਰੰਟ ਨਿਕਲੇ ਹਨ, ਜਿਨ੍ਹਾਂ ਵਿਚੋਂ 5 ਕੇਸਾਂ ਵਿਚ ਗੈਰ-ਜ਼ਮਾਨਤੀ ਅਤੇ 4 ਕੇਸਾਂ ਵਿਚ ਜ਼ਮਾਨਤੀ ਵਾਰੰਟ ਸ਼ਾਮਲ ਹਨ ਪਰ ਡਿਸਟ੍ਰਿਕ ਕਮਿਸ਼ਨ, ਸਟੇਟ ਕਮਿਸ਼ਨ ਅਤੇ ਨੈਸ਼ਨਲ ਕਮਿਸ਼ਨ ਵੱਲੋਂ ਟਰੱਸਟ ਖਿਲਾਫ਼ ਦਿੱਤੇ ਜਾ ਰਹੇ ਹੁਕਮਾਂ ਦੇ ਬਾਵਜੂਦ ਟਰੱਸਟ ਅਲਾਟੀਆਂ ਦਾ ਬਣਦਾ ਭੁਗਤਾਨ ਦੇਣ ਵਿਚ ਕੋਈ ਦਿਲਚਸਪੀ ਨਹੀਂ ਵਿਖਾ ਰਿਹਾ ਹੈ। ਭੁਗਤਾਨ ਨਾ ਹੋਣ ਕਾਰਣ ਵੱਖ-ਵੱਖ ਅਦਾਲਤਾਂ ਨੇ ਚੇਅਰਮੈਨ ਅਤੇ ਈ. ਓ. ਨੂੰ ਲੰਮੇ ਹੱਥੀਂ ਲੈਂਦਿਆਂ ਉਨ੍ਹਾਂ ਖਿਲਾਫ਼ ਲਗਾਤਾਰ ਸਖ਼ਤ ਰੁਖ਼ ਅਪਣਾਇਆ ਹੋਇਆ ਹੈ।

 ਉਹ 2 ਕੇਸ ਜਿਨ੍ਹਾਂ ’ਚ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੇ ਨਿਕਲੇ ਨੇ ਅਰੈਸਟ ਵਾਰੰਟ

ਬੀਬੀ ਭਾਨੀ ਕਾੰਪਲੈਕਸ ਵੱਲੋਂ ਸਬੰਧਤ ਅਲਾਟੀ ਦਰਸ਼ਨ ਸਿੰਘ ਨਰੂਲਾ ਦੇ ਕੇਸ ਵਿਚ ਚੇਅਰਮੈਨ ਦਲਜੀਤ ਆਹਲੂਵਾਲੀਆ ਖਿਲਾਫ਼ ਦੂਜਾ 9ਵੀਆਂ ਵਾਰ ਅਰੈਸਟ ਵਾਰੰਟ ਜਾਰੀ ਕੀਤਾ ਗਿਆ ਹੈ। ਟਰੱਸਟ ਨੇ ਅਲਾਟੀ ਦਰਸ਼ਨ ਲਾਲ ਨਰੂਲਾ ਫਲੈਟ ਨੰਬਰ 12-ਏ ਫਸਟ ਫਲੋਰ ਅਲਾਟ ਕੀਤਾ ਸੀ ਪਰ ਅਦਾਲਤ ਦੇ ਹੁਕਮਾਂ ਮੁਤਾਬਕ ਅਲਾਟੀ ਨੂੰ ਦਿੱਤੀ ਜਾਣ ਵਾਲੀ ਕੁੱਲ ਰਕਮ 14 ਲੱਖ ਰੁਪੲੇ ਦੀ ਅਦਾਇਗੀ ਕਰ ਪਾਉਣ ਵਿਚ ਅਸਫਲ ਸਾਬਤ ਹੋਏ ਚੇਅਰਮੈਨ ਖਿਲਾਫ਼ ਨਵਾਂ ਅਰੈਸਟ ਵਾਰੰਟ ਜਾਰੀ ਕੀਤਾ ਗਿਆ ਹੈ। ਕੇਸ ਦੀ ਅਗਲੀ ਸੁਣਵਾਈ 19 ਅਗਸਤ 2020 ਨੂੰ ਹੋਵੇਗੀ।

ਕੇਸ ਨੰਬਰ 2 ਵਿਚ ਟਰੱਸਟ ਨੇ ਅਲਾਟੀ ਗੌਰੀ ਸ਼ੰਕਰ ਨੂੰ 51-ਏ , ਸੈਕਿੰਡ ਫਲੋਰ ਫਲੈਟ ਅਲਾਟ ਕੀਤਾ ਸੀ। ਅਦਾਲਤ ਦੇ ਫੈਸਲੇ ਅਨੁਸਾਰ ਟਰੱਸਟ ਨੇ ਕੁਲ ਰਕਮ 14 ਲੱਖ ਰੁਪਏ ਦੀ ਅਦਾਇਗੀ ਕਰਨੀ ਸੀ, ਜਿਸ ਵਿਚੋਂ ਅੱਜ ਵੀ 582813 ਦੀ ਅਦਾਇਗੀ ਬਾਕੀ ਹੈ। ਫੋਰਮ ਵੱਲੋਂ ਦਿੱਤੇ ਗਏ ਹੁਕਮਾਂ ਦੇ ਬਾਵਜੂਦ ਅਲਾਟੀ ਨੂੰ ਭੁਗਤਾਨ ਨਾ ਕੀਤੇ ਜਾਣ ਉੱਤੇ ਚੇਅਰਮੈਨ ਆਹਲੂਵਾਲੀਆ ਖਿਲਾਫ ਚੌਥਾ ਅਰੈਸਟ ਵਾਰੰਟ ਜਾਰੀ ਕੀਤਾ ਗਿਆ ਹੈ। ਕੇਸ ਦੀ ਅਗਲੀ ਸੁਣਵਾਈ 1 ਸਤੰਬਰ ਨੂੰ ਹੋਵੇਗੀ।

ਈ. ਓ. ਜਤਿੰਦਰ ਸਿੰਘ ਖਿਲਾਫ ਇਨ੍ਹਾਂ 9 ਕੇਸਾਂ ’ਚ ਨਿਕਲੇ ਵਾਰੰਟ

ਕੇਸ - ਨੰਬਰ 1

ਅਲਾਟੀ ਸੁਨੀਲ ਭਾਟੀਆ ਨੂੰ ਟਰੱਸਟ ਨੇ ਫਲੈਟ ਨੰਬਰ 5-ਏ, ਸੈਕੰਡ ਫਲੋਰ ਅਲਾਟ ਕੀਤਾ ਸੀ। ਟਰੱਸਟ ਦੇ ਖਿਲਾਫ਼ ਫੈਸਲਾ ਹੋਣ ਦੇ ਬਾਵਜੂਦ ਟਰੱਸਟ ਨੇ ਫੈਸਲੇ ਦੇ ਸਨਮਾਨ ਕਰਦਿਆਂ ਅਲਾਟੀ ਨੂੰ ਬਣਦੇ 13 ਲੱਖ ਰੁਪਏ ਦਾ ਭੁਗਤਾਨ ਨਹੀਂ ਕੀਤਾ, ਜਿਸ ਕਾਰਣ ਅਦਾਲਤ ਨੇ ਇਸ ਕੇਸ ਵਿਚ ਈ. ਓ. ਖਿਲਾਫ਼ ਤੀਜੀ ਵਾਰ ਗੈਰ-ਜ਼ਮਾਨਤੀ ਅਰੈਸਟ ਵਾਰੰਟ ਕੱਢਿਆ ਹੈ।

ਕੇਸ ਨੰਬਰ 2

ਅਲਾਟੀ ਰਾਜ ਕੁਮਾਰ ਨੂੰ ਫਲੈਟ ਨੰਬਰ 5-ਏ ਸੈਕੰਡ ਫਲੋਰ ਅਲਾਟ ਕੀਤਾ ਸੀ, ਜੋ ਕਿ ਅੱਜ ਤੱਕ ਸਿਰਫ ਕਾਗਜ਼ਾਂ ਵਿਚ ਬਣਦਾ ਹੈ, ਵੱਲੋਂ ਸਬੰਧਤ ਕੇਸ ਦਾ ਫੈਸਲਾ 12 ਮਾਰਚ 2019 ਨੂੰ ਅਲਾਟੀ ਦੇ ਪੱਖ ਵਿਚ ਦਿੱਤਾ ਸੀ। ਇਸ ਕੇਸ ਵਿਚ ਟਰੱਸਟ ਨੇ ਅਲਾਟੀ ਨੂੰ 590298 ਦੇ ਦਿੱਤੇ ਸਨ ਪਰ 582685 ਰੁਪਏ ਅਜੇ ਵੀ ਬਾਕੀ ਹਨ। ਭੁਗਤਾਨ ਨਾ ਹੋਣ ਉੱਤੇ ਈ. ਓ. ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਕੇਸ ਦੀ ਅਗਲੀ ਸੁਣਵਾਈ 19 ਅਗਸਤ ਨੂੰ ਹੋਵੇਗੀ।

ਕੇਸ ਨੰਬਰ 3

ਹਰਪ੍ਰੀਤ ਸਿੰਘ ਨੂੰ ਫਲੈਟ ਨੰਬਰ 8-ਏ, ਫਸਟ ਫਲੋਰ ਅਲਾਟ ਕੀਤਾ ਗਿਆ ਸੀ। ਇਸ ਫਲੈਟ ਦੀ ਉਸਾਰੀ ਵੀ ਅੱਜ ਤੱਕ ਨਹੀਂ ਹੋ ਪਾਈ ਹੈ। ਅਦਾਲਤ ਨੇ ਕੇਸ ਅਲਾਟੀ ਦੇ ਪੱਖ ਵਿਚ ਕਰਦਿਆਂ ਟਰੱਸਟ ਨੂੰ ਬਣਦੇ 8 ਲੱਖ ਰੁਪਏ ਦੇਣ ਦੇ ਹੁਕਮ ਜਾਰੀ ਕੀਤੇ। ਸਟੇਟ ਕਮਿਸ਼ਨ ਨੇ ਵੀ ਇਸ ਕੇਸ ਸਬੰਧੀ ਟਰੱਸਟ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਫੋਰਮ ਨੇ ਇਕ ਵਾਰ ਫਿਰ ਈ. ਓ. ਦਾ ਗੈਰ-ਜ਼ਮਾਨਤੀ ਅਰੈਸਟ ਵਾਰੰਟ ਕੱਢਿਆ ਹੈ। ਇਸ ਕੇਸ ਦੀ ਅਗਲੀ ਸੁਣਵਾਈ 7 ਸਤੰਬਰ 2020 ਨੂੰ ਹੋਵੇਗੀ।

ਕੇਸ ਨੰਬਰ 4

ਅਲਾਟੀ ਦਾਲ ਚੰਦ ਗੁਪਤਾ, ਫਲੈਟ ਨੰਬਰ 8-ਏ, ਸੈਕੰਡ ਫਲੋਰ ਦੇ ਮਾਮਲੇ ਵਿਚ ਅਦਾਲਤ ਨੇ ਫੈਸਲਾ ਦਿੱਤਾ ਕਿ ਟਰੱਸਟ ਅਲਾਟੀ ਨੂੰ 388000 ਦਾ ਭੁਗਤਾਨ ਕਰੇਗਾ। ਟਰੱਸਟ ਨੇ ਫੈਸਲੇ ਦੇ ਖਿਲਾਫ਼ ਸਟੇਟ ਕਮਿਸ਼ਨ ਵਿਚ ਅਪੀਲ ਦਰਜ ਕੀਤੀ ਪਰ ਕਮਿਸ਼ਨ ਨੇ ਉਸ ਨੂੰ ਵੀ ਡਿਸਮਿਸ ਕਰ ਦਿੱਤਾ। ਅਲਾਟੀ ਨੂੰ ਫੈਸਲੇ ਮੁਤਾਬਕ ਭੁਗਤਾਨ ਨਾ ਕਰ ਪਾਉਣ ਕਾਰਣ ਅਦਾਲਤ ਨੇ ਈ. ਓ. ਖਿਲਾਫ਼ ਤੀਜਾ ਗੈਰ-ਜ਼ਮਾਨਤੀ ਅਰੈਸਟ ਵਾਰੰਟ ਕੱਢਿਆ ਹੈ।

ਕੇਸ ਨੰਬਰ 5

ਟਰੱਸਟ ਨੇ ਗੁਰਮੀਤ ਸਿੰਘ ਨੂੰ ਫਲੈਟ ਨੰਬਰ 39-ਏ, ਸੈਕੰਡ ਫਲੋਰ ਅਲਾਟ ਕੀਤਾ ਸੀ ਪਰ ਆਪਣੇ ਨਾਲ ਧੋਖਾਦੇਹੀ ਹੁੰਦੀ ਵੇਖ ਅਲਾਟੀ ਨੇ ਕੰਜ਼ਿੳੂਮਰ ਫੋਰਮ ਦਾ ਦਰਵਾਜ਼ਾ ਖੜਕਾਇਆ। ਕੇਸ ਦਾ ਫੈਸਲਾ ਟਰੱਸਟ ਦੇ ਖਿਲਾਫ਼ ਆਇਆ ਅਤੇ ਫੋਰਮ ਨੇ ਟਰੱਸਟ ਨੂੰ ਅਲਾਟੀ ਦੇ ਬਣਦੇ 12 ਲੱਖ ਰੁਪਏ ਕਰਨ ਦੇ ਹੁਕਮ ਦਿੱਤੇ ਪਰ ਟਰੱਸਟ ਅਲਾਟੀ ਨੂੰ ਬਣਦੀ ਅਦਾਇਗੀ ਨਹੀਂ ਂ ਕਰ ਪਾਇਆ। ਟਰੱਸਟ ਵੱਲੋਂ ਸਟੇਟ ਕਮਿਸ਼ਨ ਵਿਚ ਕੀਤੀ ਗਈ ਅਪੀਲ ਵੀ ਡਿਸਮਿਸ ਕਰ ਦਿੱਤੀ ਗਈ, ਜਿਸ ਉੱਤੇ ਫੋਰਮ ਨੇ ਤੀਜੀ ਵਾਰ ਗੈਰ-ਜ਼ਮਾਨਤੀ ਅਰੈਸਟ ਵਾਰੰਟ ਕੱਢਦੇ ਹੋਏ ਅਲਾਟੀ ਨੂੰ ਭੁਗਤਾਨ ਕਰਨ, ਨਹੀਂ ਤਾਂ ਈ. ਓ. ਦੀ ਗ੍ਰਿਫਤਾਰੀ ਲਈ 7 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ।

ਕੇਸ ਨੰਬਰ 6

ਅਲਾਟੀ ਕਮਲ ਦੇਵ ਨੂੰ ਟਰੱਸਟ ਨੇ ਫਲੈਟ ਨੰਬਰ 43-ਏ ਗਰਾਊਂਡ ਫਲੋਰ ਅਲਾਟ ਕੀਤਾ ਸੀ। ਫਲੈਟ ਦਾ ਕਬਜ਼ਾ ਨਾ ਮਿਲਣ ਉੱਤੇ ਅਲਾਟੀ ਨੇ ਟਰੱਸਟ ਖਿਲਾਫ਼ ਕੇਸ ਦਰਜ ਕੀਤਾ। ਕੇਸ ਦਾ ਫੈਸਲਾ ਟਰੱਸਟ ਦੇ ਖਿਲਾਫ਼ ਹੋਇਆ, ਜਿਸ ਵਿਚ ਟਰੱਸਟ ਨੇ ਅਲਾਟੀ ਨੂੰ 669097 ਰੁਪਿਆਂ ਦੀ ਅਦਾਇਗੀ ਤਾਂ ਕਰ ਦਿੱਤੀ ਪਰ 647077 ਰੁਪਏ ਬਾਕੀ ਰੱਖ ਲਏ ਸਨ। ਫੋਰਮ ਦੇ ਹੁਕਮਾਂ ਦੀ ਪਾਲਣਾ ਨਾ ਹੋਣ ਉੱਤੇ ਈ. ਓ. ਜਤਿੰਦਰ ਸਿੰਘ ਖਿਲਾਫ਼ ਨਵੇਂ ਅਰੈਸਟ ਵਾਰੰਟ ਨੂੰ ਜਾਰੀ ਕੀਤਾ ਗਿਆ ਹੈ। ਕੇਸ ਦੀ ਅਗਲੀ ਸੁਣਵਾਈ 19 ਅਗਸਤ ਨੂੰ ਹੋਵੇਗੀ।

ਕੇਸ ਨੰਬਰ 7

ਫਲੈਟ ਨੰਬਰ 53-ਏ, ਸੈਕੰਡ ਫਲੋਰ ਦੇ ਅਲਾਟੀ ਬਨਵਾਰੀ ਲਾਲ ਖੰਨਾ ਵੱਲੋਂ ਸਬੰਧਤ ਕੇਸ ਵਿਚ ਫੋਰਮ ਦੇ ਹੁਕਮ ਉੱਤੇ ਅਲਾਟੀ ਨੂੰ 590300 ਰੁਪਏ ਮਿਲ ਚੁੱਕੇ ਹਨ, ਜਦੋਂ ਕਿ 582813 ਦਾ ਭੁਗਤਾਨ ਹੋਣਾ ਅਜੇ ਵੀ ਬਾਕੀ ਹੈ। ਫੋਰਮ ਦੇ ਹੁਕਮਾਂ ਦੀ ਪਾਲਣਾ ਨਾ ਹੋਣ ’ਤੇ ਅਲਾਟੀ ਖਿਲਾਫ਼ ਤੀਜੀ ਵਾਰ ਅਰੈਸਟ ਵਾਰੰਟ ਜਾਰੀ ਕੀਤਾ ਗਿਆ ਹੈ। ਇਸ ਕੇਸ ਦੀ ਅਗਲੀ ਸੁਣਵਾਈ 19 ਅਗਸਤ ਨੂੰ ਨਿਰਧਾਰਿਤ ਕੀਤੀ ਗਈ ਹੈ।

ਕੇਸ ਨੰਬਰ 8

ਅਲਾਟੀ ਸੁਖਦੇਵ ਸਿੰਘ ਨੂੰ ਟਰੱਸਟ ਨੇ ਫਲੈਟ ਨੰਬਰ 16-ਏ, ਸੈਕੰਡ ਫਲੋਰ ਅਲਾਟ ਕੀਤਾ ਗਿਆ ਸੀ। ਅਲਾਟੀ ਵੱਲੋਂ ਦਰਜ ਕਰਵਾਏ ਕੇਸ ਵਿਚ ਫੋਰਮ ਵੱਲੋਂ ਹੁਕਮ ਜਾਰੀ ਕਰਨ ਉੱਤੇ ਟਰੱਸਟ ਨੇ ਅਲਾਟੀ ਨੂੰ 571660 ਰੁਪਿਆਂ ਦਾ ਭੁਗਤਾਨ ਕਰ ਦਿੱਤਾ ਸੀ ਪਰ ਅਜੇ ਤੱਕ 660962 ਰੁਪਿਆਂ ਦਾ ਭੁਗਤਾਨ ਬਕਾਇਆ ਹੈ, ਜਿਸ ਉੱਤੇ ਫੋਰਮ ਨੇ ਈ. ਓ. ਖਿਲਾਫ਼ ਤੀਜਾ ਅਰੈਸਟ ਵਾਰੰਟ ਕੱਢਦਿਆਂ ਕੇਸ ਦੀ ਅਗਲੀ ਸੁਣਵਾਈ 19 ਅਗਸਤ ਨੂੰ ਰੱਖੀ ਹੈ।

ਕੇਸ ਨੰਬਰ 9

ਅਲਾਟੀ ਨਵਤੇਜ ਸਿੰਘ ਚਾਹਲ ਜੋ ਕਿ ਰਿਟਾਇਰਡ ਡੀ. ਐੱਸ. ਪੀ. ਵਿਜੀਲੈਂਸ ਹਨ, ਨੂੰ ਟਰੱਸਟ ਨੇ ਸਕੀਮ ਵਿਚ 77-ਏ, ਸੈਕੰਡ ਫਲੋਰ ਫਲੈਟ ਅਲਾਟ ਕੀਤਾ। ਫਲੈਟ ਦਾ ਕਬਜ਼ਾ ਨਾ ਮਿਲਣ ਉੱਤੇ ਅਲਾਟੀ ਨੇ ਫੋਰਮ ਵਿਚ ਕੇਸ ਦਰਜ ਕੀਤਾ। ਫੋਰਮ ਦੇ ਫੈਸਲੇ ਤੋਂ ਬਾਅਦ ਟਰੱਸਟ ਨੇ ਅਲਾਟੀ ਨੂੰ 509060 ਰੁਪਿਆਂ ਦਾ ਭੁੁਗਤਾਨ ਕਰ ਦਿੱਤਾ ਪਰ 686146 ਬਕਾਇਆ ਅਦਾ ਨਾ ਹੋਣ ਕਾਰਣ ਫੋਰਮ ਨੇ ਟਰੱਸਟ ਦੇ ਈ. ਓ. ਖਿਲਾਫ਼ ਸਖਤ ਰੁਖ਼ ਅਪਣਾਉਂਦਿਆਂ ਤੀਜੀ ਵਾਰ ਅਰੈਸਟ ਵਾਰੰਟ ਕੱਢਿਆ ਹੈ। ਕੇਸ ਦੀ ਅਗਲੀ ਸੁਣਵਾਈ 19 ਅਗਸਤ ਨੂੰ ਰੱਖੀ ਗਈ ਹੈ।


author

Harinder Kaur

Content Editor

Related News