ਕੀ ਇਸ ਵਾਰ ਲੁਧਿਆਣਾ ਦਾ ਸੰਸਦ ਮੈਂਬਰ ਬਣ ਸਕੇਗਾ ਕੇਂਦਰ ’ਚ ‘ਕੈਬਨਿਟ ਮੰਤਰੀ’? ਚਰਚਾਵਾਂ ਦਾ ਦੌਰ ਗਰਮ

05/28/2024 11:43:49 AM

ਲੁਧਿਆਣਾ (ਵਿਸ਼ੇਸ਼)– 1947 ’ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ ’ਚ ਲੁਧਿਆਣਾ ਲੋਕ ਸਭਾ ਸੀਟ ਤੋਂ ਜਿੱਤੇ ਸੰਸਦ ਮੈਂਬਰਾਂ ’ਚੋਂ ਕਾਂਗਰਸ ਦੇ ਮਨੀਸ਼ ਤਿਵਾੜੀ ਨੂੰ ਹੀ ਕੇਂਦਰ ’ਚ ਮੰਤਰੀ ਅਹੁਦਾ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ ਹੈ, ਉਹ 2012 ਤੋਂ 2014 ਤੱਕ ਕੇਂਦਰ ’ਚ ਸੂਚਨਾ ਤੇ ਪ੍ਰਸਾਰਣ ਮੰਤਰੀ ਰਹੇ ਹਨ। ਇਸ ਤੋਂ ਇਲਾਵਾ ਹੁਣ ਤੱਕ ਚੁਣੇ ਗਏ ਸੰਸਦ ਮੈਂਬਰਾਂ ਨੂੰ ਅਜਿਹਾ ਕੋਈ ਸੁਭਾਗ ਪ੍ਰਾਪਤ ਨਹੀਂ ਹੋਇਆ।

ਮਨੀਸ਼ ਤਿਵਾੜੀ ਵੀ ਕੇਂਦਰ ’ਚ ਇਸ ਲਈ ਮੰਤਰੀ ਬਣ ਸਕੇ ਕਿਉਂਕਿ ਉਸ ਸਮੇਂ ਕੇਂਦਰ ’ਚ ਕਾਂਗਰਸ ਦੀ ਮਨਮੋਹਨ ਸਿੰਘ ਸਰਕਾਰ ਸੀ ਤੇ ਉਹ ਕਾਂਗਰਸ ਦੇ ਸੰਸਦ ਮੈਂਬਰ ਸਨ। ਜ਼ਿਆਦਾਤਰ ਸਮਾਂ ਲੁਧਿਆਣਾ ਸੀਟ ਤੋਂ ਉਹ ਲੋਕ ਚੁਣ ਕੇ ਜਾਂਦੇ ਰਹੇ, ਜਿਨ੍ਹਾਂ ਨੂੰ ਕੇਂਦਰ ’ਚ ਸਰਕਾਰ ਨਾ ਹੋਣ ਕਾਰਨ ਵਿਰੋਧ ’ਚ ਬੈਠਣਾ ਪਿਆ। ਮੌਜੁੂਦਾ 2024 ਦੀਆਂ ਲੋਕ ਸਭਾ ਚੋਣਾਂ ’ਚ ਕੀ ਲੁਧਿਆਣਾ ਤੋਂ ਚੁਣਿਆ ਜਾਣ ਵਾਲਾ ਸੰਸਦ ਮੈਂਬਰ ਕੇਂਦਰ ’ਚ ਮੰਤਰੀ ਬਣ ਸਕੇਗਾ। ਇਸ ਸਬੰਧੀ ਵੋਟਰਾਂ ’ਚ ਚਰਚਾਵਾਂ ਦਾ ਦੌਰ ਗਰਮ ਹੈ।

ਭਾਜਪਾ
ਭਾਜਪਾ ਆਪਣੇ ਸੰਸਦ ਉਮੀਦਵਾਰ ਰਵਨੀਤ ਬਿੱਟੂ ਨੂੰ ਕੇਂਦਰ ’ਚ ਮੰਤਰੀ ਬਣਾਉਣ ਸਬੰਧੀ ਦਾਅਵਾ ਪਹਿਲੇ ਦਿਨ ਤੋਂ ਕਰਦੀ ਆ ਰਹੀ ਹੈ। ਭਾਜਪਾ ਦੇ ਦਾਅਵੇ ਨੂੰ ਲੁਧਿਆਣਾ ’ਚ ਚੋਣ ਪ੍ਰਚਾਰ ਕਰਨ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਭਾਸ਼ਣ ਤੋਂ ਵੀ ਬਲ ਮਿਲਿਆ ਹੈ, ਜਿਸ ’ਚ ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਲੋਕ ਰਵਨੀਤ ਬਿੱਟੂ ਨੂੰ ਜੇਤੂ ਬਣਾ ਕੇ ਭੇਜਣ, ਮੈਂ ਉਨ੍ਹਾਂ ਨੂੰ ਵੱਡਾ ਆਦਮੀ ਬਣਾਵਾਂਗਾ।

ਇਹ ਖ਼ਬਰ ਵੀ ਪੜ੍ਹੋ : ਨਰਸਿੰਗ ਦੀ ਵਿਦਿਆਰਥਣ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ, ਹਸਪਤਾਲ ’ਚ ਹੀ ਕੀਤੀ ਜੀਵਨ ਲੀਲਾ ਸਮਾਪਤ

ਭਾਜਪਾ ਕੇਂਦਰ ’ਚ ਤੀਜੀ ਵਾਰ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ ਤੇ ਵੋਟਰਾਂ ਨੂੰ ਅਪੀਲ ਕਰ ਰਹੀ ਹੈ ਕਿ ਵਿਰੋਧ ’ਚ ਬੈਠਣ ਲਈ ਲੁਧਿਆਣਾ ਤੋਂ ਉਹ ਕਿਸੇ ਨੂੰ ਐੱਮ. ਪੀ. ਨਾ ਚੁਣਨ। ਭਾਜਪਾ ਹੀ ਲੁਧਿਆਣਾ ਦੇ ਸੰਸਦ ਮੈਂਬਰ ਨੂੰ ਮੰਤਰੀ ਬਣਾ ਸਕਦੀ ਹੈ ਕਿਉਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਸਮੇਤ ਹੋਰ ਕੋਈ ਵੀ ਸਿਆਸੀ ਪਾਰਟੀ ਇੰਨੀਆਂ ਸੀਟਾਂ ’ਤੇ ਚੋਣ ਨਹੀਂ ਲੜ ਰਹੀ ਕਿ ਉਹ ਆਪਣੇ ਜ਼ੋਰ ’ਤੇ ਕੇਂਦਰ ’ਚ ਸਰਕਾਰ ਬਣਾ ਸਕਣ। ਭਾਜਪਾਈਆਂ ਦਾ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨਪਿਆਰਤਾ ਕਾਰਨ ਕੇਂਦਰ ’ਚ ਕੋਈ ਵੀ ਖਿੱਚੜੀ ਸਰਕਾਰ ਵੋਟਰ ਨਹੀਂ ਬਣਾਉਣਗੇ। ਭਾਜਪਾਈਆਂ ਦਾ ਦਾਅਵਾ ਹੈ ਕਿ ਡਬਲ ਇੰਜਣ ਨਾਲ ਹੀ ਲੁਧਿਆਣਾ ਦਾ ਵਿਕਾਸ ਹੋਵੇਗਾ ਤੇ ਲੁਧਿਆਣਾ ’ਚ ਵੱਡੇ ਪ੍ਰਾਜੈਕਟ ਆ ਸਕਣਗੇ।

ਕਾਂਗਰਸ
ਲੁਧਿਆਣਾ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਚੋਣ ਮੈਦਾਨ ’ਚ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਕੇਂਦਰ ’ਚ ਕਾਂਗਰਸ ਸਰਕਾਰ ਬਣਨ ਵਾਲੀ ਹੈ ਤੇ ਇਸ ਸਰਕਾਰ ’ਚ ਉਨ੍ਹਾਂ ਨੂੰ ਮੰਤਰੀ ਅਹੁਦਾ ਜ਼ਰੂਰ ਮਿਲੇਗਾ ਤੇ ਉਹ ਲੁਧਿਆਣਾ ਦੇ ਲੋਕਾਂ ਨੂੰ ਵੱਧ ਤੋਂ ਵੱਧ ਯੋਜਨਾਵਾਂ ਦਾ ਲਾਭ ਲਿਆ ਕੇ ਦੇ ਸਕਣਗੇ। ‘ਇੰਡੀਆ’ ਗਠਜੋੜ ’ਚ ਕਾਂਗਰਸ ਸਭ ਤੋਂ ਵੱਡਾ ਦਲ ਹੈ। ਇਸ ਲਈ ਸਰਕਾਰ ਬਣਨ ’ਤੇ ਕਾਂਗਰਸ ਦਾ ਲੁਧਿਆਣਾ ਤੋਂ ਸੰਸਦ ਮੈਂਬਰ ਕੈਬਨਿਟ ਮੰਤਰੀ ਜ਼ਰੂਰ ਬਣੇਗਾ। ਹਾਲਾਂਕਿ ਲੁਧਿਆਣਾ ’ਚ ‘ਇੰਡੀਆ’ ਗਠਜੋੜ ਦੇ ਸਹਿਯੋਗੀ ਦਲ ਕਾਂਗਰਸ ਤੇ ‘ਆਪ’ ਇਕ-ਦੂਜੇ ਦੇ ਆਹਮੋ-ਸਾਹਮਣੇ ਲੜ ਰਹੇ ਹਨ।

ਅਕਾਲੀ ਦਲ
ਅਕਾਲੀ ਦਲ ਪੰਜਾਬ ’ਚ ਸਾਰੀਆਂ 13 ਸੀਟਾਂ ’ਤੇ ਚੋਣ ਲੜ ਰਿਹਾ ਹੈ। ਕੇਂਦਰ ’ਚ ਭਾਜਪਾ ਦੀ ਸਰਕਾਰ ਰਹਿੰਦੇ ਗਠਜੋੜ ਦੌਰਾਨ ਸਾਬਕਾ ਸਰਕਾਰਾਂ ’ਚ ਅਕਾਲੀ ਦਲ ਦੇ ਨੇਤਾ ਕੈਬਨਿਟ ਮੰਤਰੀ ਬਣਦੇ ਰਹੇ ਹਨ ਪਰ ਇਸ ਵਾਰ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਨਹੀਂ ਹੈ ਤੇ ਉਹ ‘ਇੰਡੀਆ’ ਗਠਜੋੜ ’ਚ ਵੀ ਸ਼ਾਮਲ ਨਹੀਂ ਹੈ। ਇਸ ਲਈ ਅਕਾਲੀ ਦਲ ਤੋਂ ਚੁਣਿਆ ਗਿਆ ਸੰਸਦ ਮੈਂਬਰ ਉਦੋਂ ਤੱਕ ਕੇਂਦਰ ’ਚ ਕੈਬਨਿਟ ਮੰਤਰੀ ਨਹੀਂ ਬਣ ਸਕਦਾ, ਜਦੋਂ ਤੱਕ ਉਹ ਸਰਕਾਰ ਬਣਾਉਣ ਵਾਲੇ ਕਿਸੇ ਗਠਜੋੜ ’ਚ ਸ਼ਾਮਲ ਨਾ ਹੋਵੇ।

ਆਮ ਆਦਮੀ ਪਾਰਟੀ
2024 ਦੀਆਂ ਲੋਕ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦਰ ਕੇਜਰੀਵਾਲ ਨੂੰ ਕੇਂਦਰ ’ਚ ‘ਇੰਡੀਆ’ ਗਠਜੋੜ ਦੀ ਸਰਕਾਰ ਬਣਨ ਦੀ ਪੂਰੀ ਆਸ ਹੈ ਪਰ ਪੰਜਾਬ ’ਚ ਉਨ੍ਹਾਂ ਦੀ ਪਾਰਟੀ ‘ਇੰਡੀਆ’ ਗਠਜੋੜ ਦੇ ਮੁੱਖ ਸਹਿਯੋਗੀ ਦਲ ਕਾਂਗਰਸ ਖ਼ਿਲਾਫ਼ ਚੋਣ ਲੜ ਰਹੀ ਹੈ। ਜੇਕਰ ਕੇਂਦਰ ’ਚ ‘ਇੰਡੀਆ’ ਗਠਜੋੜ ਦੀ ਸਰਕਾਰ ਬਣਦੀ ਹੈ ਤਾਂ ਕਾਂਗਰਸ ਲਈ ਉਨ੍ਹਾਂ ਦੇ ਸਾਹਮਣੇ ਚੋਣ ਲੜੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੂੰ ਕੇਂਦਰ ’ਚ ਮੰਤਰੀ ਅਹੁਦਾ ਦੇਣਾ ਸੌਖਾ ਨਹੀਂ ਹੋਵੇਗਾ ਪਰ ਗਠਜੋੜ ਦੀ ਸਿਆਸਤ ’ਚ ਕੁਝ ਵੀ ਸੰਭਵ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News