ਉਗਰਾਹਾਂ ਧੜੇ ਵੱਲੋਂ ਪੰਜਾਬ ਦੇ ਟੋਲ ਪਲਾਜ਼ੇ ਬੰਦ ਕਰਵਾਉਣ ਲਈ ਸੰਘਰਸ਼ ਵਿੱਢਣ ਦਾ ਐਲਾਨ
Thursday, Jan 05, 2023 - 05:57 PM (IST)
ਭਵਾਨੀਗੜ੍ਹ (ਵਿਕਾਸ) : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਸਟੇਟ ਕਮੇਟੀ ਦੇ ਸੱਦੇ 'ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਹਮਾਇਤ ਕਰਦਿਆਂ ਨੇੜਲੇ ਪਿੰਡ ਕਾਲਾਝਾੜ ਵਿਖੇ ਚੰਡੀਗੜ੍ਹ-ਬਠਿੰਡਾ ਹਾਈਵੇ 'ਤੇ ਸਥਿਤ ਟੋਲ ਪਲਾਜ਼ਾ 'ਤੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ। ਇਸ ਦੌਰਾਨ 12 ਤੋਂ 3 ਵਜੇ ਤੱਕ ਟੋਲ ਪਲਾਜ਼ੇ ਨੂੰ ਵਾਹਨਾਂ ਲਈ ਪਰਚੀ ਮੁਕਤ ਕੀਤਾ ਗਿਆ। ਧਰਨੇ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵਿਸ਼ੇਸ਼ ਤੌਰ 'ਤੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਇਹ ਟੋਲ ਪਲਾਜ਼ੇ ਲਗਾਏ ਗਏ ਹਨ, ਵਾਹਨ ਖ਼ਰੀਦਦੇ ਸਮੇਂ ਖ਼ਰੀਦਦਾਰ ਵੱਲੋਂ ਉਸੇ ਵੇਲੇ ਰੋਡ ਟੈਕਸ ਭਰ ਦਿੱਤੇ ਜਾਣ ਦੇ ਬਾਵਜੂਦ ਟੋਲ ਪਲਾਜ਼ੇ ਮੋਟੀ ਪਰਚੀ ਦੇ ਰੂਪ 'ਚ ਜਨਤਾ ਤੋਂ 'ਜਜਿਆ ਟੈਕਸ' ਵਸੂਲ ਕੇ ਗਰੀਬਾਂ ਦੀਆਂ ਜੇਬਾਂ 'ਤੇ ਡਾਕਾ ਮਾਰਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- CM ਮਾਨ ਦਾ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਾ ਤੋਹਫ਼ਾ, ਪ੍ਰਿੰਸੀਪਲਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਉਗਰਾਹਾਂ ਨੇ ਆਖਿਆ ਕਿ ਆਉਣ ਵਾਲੇ ਸਮੇਂ 'ਚ ਟੋਲ ਪਲਾਜ਼ੇ ਪੂਰੀ ਤਰ੍ਹਾਂ ਬੰਦ ਕਰਵਾਉਣ ਦੇ ਲਈ ਸਖ਼ਤ ਸੰਘਰਸ਼ ਵਿੱਢੇ ਜਾਣਗੇ। ਧਰਨੇ ਵਿੱਚ ਪੀ. ਆਰ. ਟੀ. ਸੀ ਕੰਟਰੈਕਟ ਵਰਕਰਜ਼ ਯੂਨੀਅਨ, ਪੰਜਾਬ ਸਟੂਡੈਂਟ ਯੂਨੀਅਨ (ਸ਼ਹੀਦ ਰੰਧਾਵਾ), ਟੋਲ ਪਲਾਜ਼ਾ ਯੂਨੀਅਨ ਕਾਲਾਝਾੜ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਇਸ ਮੌਕੇ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ ਤੋਂ ਇਲਾਵਾ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆ, ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਅਜੈਬ ਸਿੰਘ ਲੱਖੇਵਾਲ ਪ੍ਰਧਾਨ ਬਲਾਕ ਭਵਾਨੀਗੜ੍ਹ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਹਰਜੀਤ ਸਿੰਘ ਮਹਿਲਾ, ਜਸਵੰਤ ਸਿੰਘ ਤੋਲਾਵਾਲ ਬਲਾਕ ਸੁਨਾਮ, ਸੁਖਪਾਲ ਮਾਣਕ ਕਣਕਵਾਲ, ਪਾਲ ਸਿੰਘ ਦੋਲੇਵਾਲ, ਲਾਲੀ ਦੋਲੇਵਾਲ, ਰਾਮਸ਼ਰਨ ਸਿੰਘ ਉਗਰਾਹਾਂ, ਗੋਬਿੰਦਰ ਸਿੰਘ ਮੰਗਵਾਲ, ਗਗਨ ਚੱਠਾ, ਗੁਰਦੀਪ ਛਾਜਲਾ ਆਦਿ ਨੇ ਵੀ ਸੰਬੋਧਨ ਕੀਤਾ।
ਇਹ ਵੀ ਪੜ੍ਹੋ- ਇਕ ਸਾਲ ਬਾਅਦ ਵੀ PM ਮੋਦੀ ਦੇ ਪੰਜਾਬ ਦੌਰੇ ਦੌਰਾਨ ਰਸਤਾ ਰੋਕਣ ਵਾਲਿਆਂ ਦੀ ਨਹੀਂ ਹੋਈ ਪਛਾਣ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।