ਹਾਈ ਕਮਾਨ ਚੋਣ ਜੰਗ ’ਚ ਕੀ ਚੰਨੀ, ਸਿੱਧੂ ਤੇ ਜਾਖੜ ਤਿੰਨਾਂ ਚਿਹਰਿਆਂ ਦੇ ਨਾਲ ਉਤਰੇਗੀ ?

Tuesday, Dec 07, 2021 - 02:33 AM (IST)

ਹਾਈ ਕਮਾਨ ਚੋਣ ਜੰਗ ’ਚ ਕੀ ਚੰਨੀ, ਸਿੱਧੂ ਤੇ ਜਾਖੜ ਤਿੰਨਾਂ ਚਿਹਰਿਆਂ ਦੇ ਨਾਲ ਉਤਰੇਗੀ ?

ਜਲੰਧਰ(ਧਵਨ)- ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀ ਦੇ ਨਾਲ ਅੱਗੇ ਆਉਣ ਤੋਂ ਬਾਅਦ ਹੁਣ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਹਾਈ ਕਮਾਨ ਚੋਣ ਜੰਗ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਚੋਣ ਪ੍ਰਚਾਰ ਕਮੇਟੀ ਦੇ ਨਵੇਂ ਚੇਅਰਮੈਨ ਸੁਨੀਲ ਜਾਖੜ ਤਿੰਨਾਂ ਚਿਹਰਿਆਂ ਦੇ ਨਾਲ ਉਤਰੇਗੀ। ਕਾਂਗਰਸੀ ਨੇਤਾਵਾਂ ਦਾ ਮੰਨਣਾ ਹੈ ਕਿ ਕਾਂਗਰਸ ਹਾਈ ਕਮਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇ ਦੇ ਮੁੱਦੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਵਿਵਾਦ ’ਚ ਪੈਣ ਤੋਂ ਬਚਣਾ ਚਾਹੁੰਦੀ ਹੈ। ਸੰਭਵ ਹੈ ਕਿ ਮੁੱਖ ਮੰਤਰੀ ਅਹੁਦੇ ਦਾ ਮੁੱਦਾ ਖਾਲੀ ਛੱਡਿਆ ਜਾ ਸਕਦਾ ਹੈ ਅਤੇ ਤਿੰਨਾਂ ਵਰਗਾਂ ਦੇ ਨੇਤਾਵਾਂ ਚੰਨੀ, ਸਿੱਧੂ ਅਤੇ ਜਾਖੜ ਦੇ ਨਾਲ ਚੋਣ ਮੈਦਾਨ ’ਚ ਪਾਰਟੀ ਦੀ ਮੁਹਿੰਮ ਚਲਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ- ਧੀਆਂ-ਭੈਣਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਕੇਜਰੀਵਾਲ ਨੂੰ ਪੰਜਾਬੀ ਦੇਣਗੇ ਢੁੱਕਵਾਂ ਜਵਾਬ : CM ਚੰਨੀ

ਐੱਸ. ਸੀ. ਭਾਈਚਾਰੇ ਤੋਂ ਚੰਨੀ ਅੱਗੇ ਰਹਿਣਗੇ, ਜੱਟ ਭਾਈਚਾਰੇ ਤੋਂ ਨਵਜੋਤ ਸਿੱਧੂ ਅਤੇ ਹਿੰਦੂ ਭਾਈਚਾਰੇ ਤੋਂ ਸੁਨੀਲ ਜਾਖੜ ਅੱਗੇ ਰਹਿਣਗੇ। ਇਹ ਤਿੰਨੇ ਵਰਗ ਰਿਵਾਇਤੀ ਰੂਪ ’ਚ ਕਾਂਗਰਸ ਦਾ ਵੋਟ ਬੈਂਕ ਰਹੇ ਹਨ। ਕਾਂਗਰਸੀ ਨੇਤਾਵਾਂ ਦਾ ਮੰਨਣਾ ਹੈ ਕਿ ਜੇਕਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸੇ ਇਕ ਨੇਤਾ ਦਾ ਨਾਂ ਮੁੱਖ ਮੰਤਰੀ ਅਹੁਦੇ ਲਈ ਅੱਗੇ ਕੀਤਾ ਜਾਂਦਾ ਹੈ ਤਾਂ ਉਸ ਨਾਲ ਕਾਂਗਰਸ ਦੇ ਅੰਦਰ ਗ੍ਰਹਿ ਕਲੇਸ਼ ਦੀ ਸਥਿਤੀ ਪੈਦਾ ਹੋ ਜਾਵੇਗੀ, ਜਿਸ ਨਾਲ ਕਾਂਗਰਸ ਹਾਈ ਕਮਾਨ ਬਚਣਾ ਚਾਹੁੰਦੀ ਹੈ। ਪਿਛਲੀਆਂ 2 ਚੋਣਾਂ ’ਚ ਤਾਂ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਮੁੱਖ ਮੰਤਰੀ ਅਹੁਦੇ ਲਈ ਪਹਿਲਾਂ ਹੀ ਐਲਾਨ ਦਿੱਤਾ ਸੀ। ਮੁੱਖ ਮੰਤਰੀ ਅਹੁਦੇ ਦੀ ਦੌੜ ’ਚ ਸਿਰਫ ਉਪਰੋਕਤ ਤਿੰਨੇ ਨੇਤਾ ਹੀ ਨਹੀਂ ਰਹਿਣਗੇ ਸਗੋਂ ਇਨ੍ਹਾਂ ਤੋਂ ਇਲਾਵਾ ਵੀ ਹਿੰਦੂ ਅਤੇ ਜੱਟ ਸਿੱਖ ਭਾਈਚਾਰੇ ਤੋਂ ਇਕ-ਇਕ ਹੋਰ ਨੇਤਾ ਦਾ ਨਾਂ ਵੀ ਅੱਗੇ ਆ ਰਿਹਾ ਹੈ।

ਇਹ ਵੀ ਪੜ੍ਹੋ- ਜੇਕਰ ਭਗਵੰਤ ਮਾਨ ਸੱਚੇ ਹਨ ਤਾਂ ਦੇਣ ਸਬੂਤ, ਨਹੀਂ ਤਾਂ ਇਹ ਸਿਰਫ ਪਬਲੀਸਿਟੀ ਸਟੰਟ: ਬਿੱਟੂ (ਵੀਡੀਓ)

ਜੱਟ ਭਾਈਚਾਰੇ ਤੋਂ ਸੁਖਜਿੰਦਰ ਰੰਧਾਵਾ ਦਾ ਨਾਂ ਵੀ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਚਰਚਾ ’ਚ ਚੱਲਦਾ ਰਹੇਗਾ। ਇਸੇ ਤਰ੍ਹਾਂ ਹਿੰਦੂ ਭਾਈਚਾਰੇ ਤੋਂ ਉਪ ਮੁੱਖ ਮੰਤਰੀ ਓ. ਪੀ. ਸੋਨੀ ਵੀ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਰਹਿਣਗੇ। ਭਾਵੇਂ ਦਾਅਵੇਦਾਰਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ ਪਰ ਫਿਰ ਵੀ ਆਖਰੀ ਫ਼ੈਸਲਾ ਤਾਂ ਚੋਣ ਨਤੀਜੇ ਆਉਣ ਤੋਂ ਬਾਅਦ ਹੀ ਲਿਆ ਜਾਵੇਗਾ। ਇਸ ਸਮੇਂ ਸਾਰੇ ਨੇਤਾਵਾਂ ਉੱਤੇ ਜ਼ਿੰਮੇਵਾਰੀ ਪਾਰਟੀ ਨੂੰ ਬਹੁਮੱਤ ਦਿਵਾਉਣ ਦੀ ਰਹੇਗੀ, ਕਿਉਂਕਿ ਇਸ ਵਾਰ ਚੋਣ ਮੁਕਾਬਲਾ ਸੌਖਾ ਨਹੀਂ ਹੈ। ਚੋਣਾਂ ’ਚ ਜੇਕਰ ਕਾਂਗਰਸ ਬਹੁਮੱਤ ਹਾਸਲ ਕਰੇਗੀ ਤਾਂ ਮੁੱਖ ਮੰਤਰੀ ਦੀ ਚੋਣ ਰਾਹੁਲ ਗਾਂਧੀ ਵੱਲੋਂ ਹੀ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Bharat Thapa

Content Editor

Related News