ਵੱਡੀ ਖ਼ਬਰ : ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਘਪਲੇ ''ਚ ਸ਼ਾਮਲ ਨਿਰਮਲ ਸਿੰਘ ਭੰਗੂ ਦੀ ਪਤਨੀ ਗ੍ਰਿਫ਼ਤਾਰ
Friday, Sep 15, 2023 - 02:38 AM (IST)
ਚੰਡੀਗੜ੍ਹ (ਰਮਨਜੀਤ ਸਿੰਘ) : ਵਿਜੀਲੈਂਸ ਬਿਊਰੋ ਪੰਜਾਬ ਨੇ ਵੀਰਵਾਰ ਨੂੰ ਪਰਲਜ਼ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਨਿਰਮਲ ਸਿੰਘ ਭੰਗੂ ਦੀ ਪਤਨੀ ਪ੍ਰੇਮ ਕੌਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲੈਂਸ ਦਾ ਕਹਿਣਾ ਹੈ ਕਿ ਉਹ ਤਫ਼ਤੀਸ਼ ਵਿੱਚ ਸ਼ਾਮਲ ਨਾ ਹੋ ਕੇ ਗ੍ਰਿਫ਼ਤਾਰੀ ਤੋਂ ਬਚਦੀ ਆ ਰਹੀ ਸੀ। ਉਸ ਨੂੰ ਪੀ.ਏ.ਸੀ.ਐੱਲ. ਲਿਮਟਿਡ ਨਾਲ ਸਬੰਧਤ ਜਾਇਦਾਦਾਂ ਹੜੱਪਣ ਦੇ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਸੀ ਅਤੇ ਇਸ ਨੇ ਪੰਜਾਬ ਵਿੱਚ ਪੀ.ਏ.ਸੀ.ਐੱਲ. ਤੇ ਪੀ.ਜੀ.ਐੱਫ. ਦੀਆਂ ਸਹਾਇਕ/ਸਮੂਹ ਕੰਪਨੀਆਂ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਸਬੰਧਤ ਜਾਇਦਾਦਾਂ ਨੂੰ ਵੇਚਣ ਲਈ ਆਪਣੇ ਨਜ਼ਦੀਕੀਆਂ ਨੂੰ ਅਧਿਕਾਰਤ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ : CM ਮਾਨ ਵੱਲੋਂ ਉਦਯੋਗਪਤੀਆਂ ਨੂੰ ਸੂਬੇ ਦੇ ਪੇਂਡੂ ਇਲਾਕਿਆਂ 'ਚ ਯੂਨਿਟ ਸਥਾਪਤ ਕਰਨ ਦਾ ਸੱਦਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਦੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਮੁਲਜ਼ਮ ਪ੍ਰੇਮ ਕੌਰ ਵਾਸੀ ਐੱਚ. 2138, ਫੇਜ਼-7, ਐੱਸ.ਏ.ਐੱਸ. ਨਗਰ ਨੂੰ ਪੁਲਸ ਥਾਣਾ (ਸਿਟੀ) ਜ਼ੀਰਾ, ਫਿਰੋਜ਼ਪੁਰ ਵਿਖੇ ਆਈ.ਪੀ.ਸੀ. ਦੀ ਧਾਰਾ 406, 420, 467, 468, 471, 120-ਬੀ ਤਹਿਤ ਦਰਜ ਮੁਕੱਦਮੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ 'ਚ ਸ਼ਾਮਲ ਨਹੀਂ ਹੋਈ ਅਤੇ ਫਰਾਰ ਸੀ।
ਬੁਲਾਰੇ ਨੇ ਦੱਸਿਆ ਕਿ ਪ੍ਰੇਮ ਕੌਰ ਪੀ.ਏ.ਸੀ.ਐੱਲ. ਦੀਆਂ ਕਈ ਸਮੂਹ/ਸਬਸਿਡਰੀ ਕੰਪਨੀਆਂ 'ਚ ਡਾਇਰੈਕਟਰ ਵੀ ਰਹਿ ਚੁੱਕੀ ਹੈ, ਜਿਨ੍ਹਾਂ ਵਿੱਚ ਗਿਆਨ ਸਾਗਰ ਹੈਲਥਕੇਅਰ ਲਿਮਟਿਡ, ਅਪਹਿਲ ਟਾਵਰਜ਼ ਪ੍ਰਾਈਵੇਟ ਲਿਮਟਿਡ, ਮਕਤੂਮ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਪਰਲਜ਼ ਹਾਸਪੀਟੈਲਿਟੀ ਹੋਟਲਜ਼ ਐਂਡ ਰਿਜ਼ੋਰਟਜ ਪ੍ਰਾਈਵੇਟ ਲਿਮਟਿਡ, ਵਾਲੀਆ ਐਂਡ ਮਜੂਮਦਾਰ ਰਿਅਲੇਟਰਜ਼ ਪ੍ਰਾਈਵੇਟ ਲਿਮਟਿਡ, ਵਾਲੀਆ ਐਂਡ ਮਜੂਮਦਾਰ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਹਰਵਿੰਦਰਾ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ, ਪਰਲਜ਼ ਸਪੋਰਟਸ ਵੈਂਚਰਜ਼ ਇੰਡੀਆ ਲਿਮਟਿਡ ਅਤੇ ਪਰਲਜ਼ ਬ੍ਰਾਂਡਜ਼ ਲਿਮਟਿਡ ਸ਼ਾਮਲ ਹਨ।
ਇਹ ਵੀ ਪੜ੍ਹੋ : ਕੇਜਰੀਵਾਲ ਦਾ ਵੱਡਾ ਦਾਅਵਾ- ਪੰਜਾਬ ਸਨਅਤਕਾਰੀ ਦੇ ਖੇਤਰ 'ਚ ਛੇਤੀ ਹੀ ਚੀਨ ਨੂੰ ਦੇਵੇਗਾ ਪਛਾੜ
ਉਸ ਦੇ ਪਤੀ ਨਿਰਮਲ ਸਿੰਘ ਭੰਗੂ, ਮੈਨੇਜਿੰਗ ਡਾਇਰੈਕਟਰ, ਪੀ.ਜੀ.ਐੱਫ਼. ਲਿਮਟਿਡ ਨੂੰ ਪਹਿਲਾਂ ਹੀ ਸੀਬੀਆਈ ਵੱਲੋਂ ਪੀ.ਜੀ.ਐੱਫ਼./ਪੀ.ਏ.ਸੀ.ਐੱਲ. ਲਿਮਟਿਡ ਵੱਲੋਂ ਚਲਾਏ ਚਿਟ ਫੰਡ (ਪੋਂਜੀ) ਘਪਲੇ 'ਚ ਗ੍ਰਿਫ਼ਤਾਰ ਕਰਕੇ ਚਾਰਜਸ਼ੀਟ ਕੀਤਾ ਹੋਇਆ ਹੈ। ਇਸ ਸਕੀਮ ਵਿੱਚ ਪੰਜਾਬ ਸਮੇਤ ਵੱਖ-ਵੱਖ ਰਾਜਾਂ ਦੇ ਲਗਭਗ 5 ਕਰੋੜ ਭੋਲੇ-ਭਾਲੇ ਨਿਵੇਸ਼ਕਾਂ ਵੱਲੋਂ 50,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਜਸਟਿਸ (ਸੇਵਾਮੁਕਤ) ਆਰ.ਐੱਮ. ਲੋਢਾ ਦੀ ਅਗਵਾਈ ਹੇਠ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਸੁਪਰੀਮ ਕੋਰਟ ਦੇ ਹੁਕਮਾਂ ਦੇ ਅਨੁਸਾਰ ਕੀਤਾ ਗਿਆ ਸੀ ਤਾਂ ਜੋ ਪੀਏਸੀਐੱਲ ਲਿਮਟਿਡ ਦੀਆਂ ਜਾਇਦਾਦਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਦੀ ਵਿਕਰੀ ਤੋਂ ਇਕੱਠੀ ਹੋਣ ਵਾਲੀ ਰਕਮ ਇਸ ਚਿਟ ਫੰਡ ਕੰਪਨੀ 'ਚ ਆਪਣੀ ਮਿਹਨਤ ਦੀ ਕਮਾਈ ਦਾ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਵਾਪਸ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਅਨੁਸੂਚਿਤ ਜਾਤੀ ਸਰਟੀਫਿਕੇਟ ਦੀ ਜਾਅਲਸਾਜ਼ੀ ਵਿਰੁੱਧ ਕਾਰਵਾਈ ਜਾਰੀ, ਪੰਚ ਤੇ ਇਕ ਹੋਰ 'ਤੇ ਡਿੱਗੀ ਗਾਜ਼
ਉਸ ਨੇ ਅੱਗੇ ਕਿਹਾ ਕਿ ਪ੍ਰੇਮ ਕੌਰ ਨੇ ਪੰਜਾਬ ਵਿੱਚ ਪੀਏਸੀਐੱਲ ਲਿਮਟਿਡ ਅਤੇ ਇਸ ਦੀਆਂ ਸਹਾਇਕ ਕੰਪਨੀਆਂ/ਸਮੂਹ ਕੰਪਨੀਆਂ ਨਾਲ ਸਬੰਧਤ ਜਾਇਦਾਦਾਂ ਨੂੰ ਅੱਗੇ ਵੇਚਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ 25 ਜੁਲਾਈ 2016 ਨੂੰ ਸੁਪਰੀਮ ਕੋਰਟ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਕੇ ਪੀ.ਏ.ਸੀ.ਐੱਲ. ਲਿਮਟਿਡ ਨਾਲ ਸਬੰਧਤ ਜਾਇਦਾਦਾਂ ਨੂੰ ਵੇਚਣ ਲਈ ਆਪਣੇ ਇਕ ਨਜ਼ਦੀਕੀ ਨੂੰ ਅਧਿਕਾਰਤ ਕੀਤਾ ਸੀ, ਜਦਕਿ ਸਰਵਉੱਚ ਅਦਾਲਤ ਵੱਲੋਂ ਇਸ ਕੰਪਨੀ ਦੀ ਭਾਰਤ ਦੇ ਅੰਦਰ ਜਾਂ ਬਾਹਰ ਸਥਿਤ ਕਿਸੇ ਵੀ ਸੰਪਤੀ ਦੀ ਕਿਸੇ ਵੀ ਤਰੀਕੇ ਨਾਲ ਵਿਕਰੀ/ਤਬਾਦਲਾ ਆਦਿ ਕਰਨ ’ਤੇ ਰੋਕ ਲਗਾਈ ਹੋਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8