ਪਤੀ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਪਤਨੀ ਦਾ ਕਤਲ

Friday, Jan 24, 2020 - 10:25 PM (IST)

ਪਤੀ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਪਤਨੀ ਦਾ ਕਤਲ

ਕਪੂਰਥਲਾ/ਫੱਤੂਢੀਂਗਾ, (ਭੂਸ਼ਣ, ਘੁੰਮਣ)– ਘਰ 'ਚ ਹੋਏ ਮਾਮੂਲੀ ਵਿਵਾਦ ਨੂੰ ਲੈ ਕੇ ਇਕ ਵਿਅਕਤੀ ਨੇ ਕਹੀ ਨਾਲ ਹਮਲਾ ਕਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਥਾਣਾ ਫੱਤੂਢੀਂਗਾ ਦੀ ਪੁਲਸ ਨੇ ਮੁਲਜ਼ਮ ਪਤੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਮੰਗਲ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਕੰਮੇਵਾਲ ਨੇ ਥਾਣਾ ਫੱਤੂਢੀਂਗਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸਦਾ ਪਿਤਾ ਪ੍ਰੇਮ ਸਿੰਘ ਪੁੱਤਰ ਵਤਨ ਸਿੰਘ ਅਕਸਰ ਹੀ ਉਸ ਦੀ ਮਾਤਾ ਵਿਮਲਾ ਰਾਣੀ ਨਾਲ ਛੋਟੀਆਂ-ਛੋਟੀਆਂ ਗੱਲਾਂ ਤੋਂ ਝਗੜਦਾ ਰਹਿੰਦਾ ਸੀ। ਬੀਤੀ ਰਾਤ ਜਦੋਂ ਉਸਦਾ ਪਿਤਾ ਆਪਣਾ ਕੰਮ ਖਤਮ ਕਰ ਕੇ ਘਰ ਆਇਆ ਤਾਂ ਉਸ ਦੀ ਮਾਤਾ ਵਿਮਲਾ ਰਾਣੀ ਨੂੰ ਰੋਟੀ ਬਣਾਉਣ ਦਾ ਦਬਾਅ ਪਾਉਣ ਲੱਗਾ ਤਾਂ ਉਸਦੀ ਮਾਤਾ ਨੇ ਕਿਹਾ ਕਿ ਉਹ ਭਾਂਡੇ ਮਾਂਜਣ ਤੋਂ ਬਾਅਦ ਉਸਨੂੰ ਰੋਟੀ ਦੇ ਦੇਵੇਗੀ। ਜਿਸ 'ਤੇ ਗੁੱਸੇ 'ਚ ਆਏ ਉਸ ਦੇ ਪਿਤਾ ਪ੍ਰੇਮ ਸਿੰਘ ਨੇ ਉਸ ਦੀ ਮਾਂ ਵਿਮਲਾ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਦੇ ਪਿਤਾ ਨੇ ਕਹੀ ਨਾਲ ਕਈ ਵਾਰ ਕਰ ਕੇ ਉਸ ਦੀ ਮਾਤਾ ਨੂੰ ਲਹੂ-ਲੁਹਾਨ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇ ਕੇ ਪ੍ਰੇਮ ਸਿੰਘ ਮੌਕੇ ਤੋਂ ਫਰਾਰ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਸਰਵਣ ਸਿੰਘ ਬੱਲ ਅਤੇ ਐੱਸ. ਐੱਚ. ਓ. ਫੱਤੂਢੀਂਗਾ ਚੰਨਣ ਸਿੰਘ ਮੌਕੇ 'ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਉਥੇ ਹੀ ਫੱਤੂਢੀਂਗਾ ਪੁਲਸ ਨੂੰ ਮ੍ਰਿਤਕਾ ਦੇ ਪਤੀ ਪ੍ਰੇਮ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਛਾਪਾਮੇਰੀ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਹੈ।


Related News