ਪ੍ਰੇਮ ਸੰਬੰਧਾਂ ਦੇ ਸ਼ੱਕ ’ਚ ਪਤਨੀ ਨੂੰ ਦਿੱਤੀ ਸੀ ਖੌਫਨਾਕ ਮੌਤ, ਅਦਾਲਤ ਨੇ ਸੁਣਾਈ ਉਮਰਕੈਦ
Wednesday, Aug 28, 2019 - 06:43 PM (IST)

ਹੁਸ਼ਿਆਰਪੁਰ (ਅਮਰਿੰਦਰ)— ਪ੍ਰੇਮ ਸੰਬੰਧਾਂ ਦੇ ਸ਼ੱਕ ’ਚ ਪਤੀ ਵੱਲੋਂ ਪਤਨੀ ਨੂੰ ਦਰਦਨਾਕ ਮੌਤ ਦੇਣ ਦੇ ਮਾਮਲੇ ’ਚ ਅਦਾਲਤ ਨੇ ਮੁਲਜ਼ਮ ਪਤੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਸਚਿਨ ਪੁੱਤਰ ਚਾਂਦਗੀ ਰਾਮ ਮੂਲ ਤੌਰ ’ਤੇ ਸ਼ਾਸਤਰੀ ਨਗਰ ਦਾ ਰਹਿਣ ਵਾਲਾ ਹੈ ਅਤੇ ਹਾਲ ਵਾਸੀ ਮੁਹੱਲਾ ਫਤਿਹਗੜ੍ਹ ਹੁਸ਼ਿਆਰਪੁਰ ਦਾ ਹੈ। ਕਤਲ ਦੇ ਮਾਮਲੇ ’ਚ ਜ਼ਿਲਾ ਅਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਉਮਰਕੈਦ ਦੀ ਸਜ਼ਾ ਦੇਣ ਦੇ ਨਾਲ 50 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਹੈ। ਨਕਦ ਜੁਰਮਾਨਾ ਨਾ ਦੇਣ ’ਤੇ ਦੋਸ਼ੀ ਨੂੰ 6 ਮਹੀਨੇ ਦੀ ਕੈਦ ਹੋਰ ਕੱਟਣੀ ਪਵੇਗੀ।
ਪਤਨੀ ਨੂੰ ਕਤਲ ਕਰਕੇ ਹੋ ਗਿਆ ਸੀ ਮੌਕੇ ਤੋਂ ਫਰਾਰ
ਵਰਣਨਯੋਗ ਹੈ ਕਿ ਦੋਸ਼ੀ ਸਚਿਨ ਆਪਣੀਆਂ ਦੋ ਬੱਚੀਆਂ ਅਤੇ ਪਤਨੀ ਰਾਖੀ ਨਾਲ ਹੁਸ਼ਿਆਰਪੁਰ ਦੇ ਮੁਹੱਲਾ ਫਤਿਹਗਡ਼੍ਹ ਵਿਚ ਕਾਫ਼ੀ ਸਮੇਂ ਤੋਂ ਰਹਿ ਰਿਹਾ ਸੀ। ਸਚਿਨ ਰਿਕਸ਼ਾ ਚਲਾਉਂਦਾ ਸੀ ਪਰ ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਰਾਖੀ ਦਾ ਕਿਸੇ ਨਾਲ ਨਾਜਾਇਜ਼ ਪ੍ਰੇਮ ਸਬੰਧ ਚੱਲ ਰਿਹਾ ਹੈ। ਇਸ ਗੱਲ ਨੂੰ ਲੈ ਕੇ ਘਰ ਵਿਚ ਰੋਜ਼ਾਨਾ ਦੋਵਾਂ ਵਿਚ ਲਡ਼ਾਈ-ਝਗੜਾ ਹੁੰਦਾ ਸੀ। ਇਸ ਦੌਰਾਨ 18 ਅਪ੍ਰੈਲ 2017 ਦੀ ਰਾਤ ਨੂੰ ਜਦੋਂ ਦੋਵਾਂ ਵਿਚ ਵਿਵਾਦ ਕਾਫ਼ੀ ਵਧ ਗਿਆ ਤਾਂ ਮਕਾਨ ਮਾਲਕ ਨੇ ਜਲੰਧਰ ਵਿਚ ਰਹਿੰਦੇ ਰਾਖੀ ਦੇ ਭਰਾ ਰਾਜੂ ਅਤੇ ਪਿਤਾ ਰਾਮ ਭਰੋਸੇ ਨੂੰ ਇਸ ਦੀ ਸੂਚਨਾ ਦੇ ਦਿੱਤੀ। ਅਗਲੇ ਦਿਨ ਜਦੋਂ ਰਾਖੀ ਦੇ ਪਿਤਾ ਅਤੇ ਭਰਾ ਹੁਸ਼ਿਆਰਪੁਰ ਪਹੁੰਚੇ ਤਾਂ ਵੇਖਿਆ ਕਿ ਸਚਿਨ ਰਾਖੀ ਦਾ ਗਲਾ ਘੁੱਟ ਰਿਹਾ ਸੀ। ਰਾਜੂ ਨੂੰ ਵੇਖ ਕੇ ਦੋਸ਼ੀ ਸਚਿਨ ਮੌਕੇ ਤੋਂ ਫਰਾਰ ਹੋ ਗਿਆ।
ਮਾਡਲ ਟਾਊਨ ਪੁਲਸ ਨੇ ਅਗਲੇ ਹੀ ਦਿਨ ਕਰ ਲਿਆ ਸੀ ਕਾਬੂ
ਥਾਣਾ ਮਾਡਲ ਟਾਊਨ ਪੁਲਸ ਵੱਲੋਂ 19 ਅਪ੍ਰੈਲ 2017 ਨੂੰ ਦਰਜ ਸ਼ਿਕਾਇਤ ਅਨੁਸਾਰ ਸਚਿਨ ਦੇ ਮੌਕੇ ਤੋਂ ਫਰਾਰ ਹੋਣ ਤੋਂ ਥੋਡ਼੍ਹੀ ਦੇਰ ਬਾਅਦ ਰਾਖੀ ਦੀ ਮੌਤ ਹੋ ਗਈ ਸੀ। ਪੁਲਸ ਨੇ ਮ੍ਰਿਤਕਾ ਦੇ ਭਰਾ ਰਾਜੂ ਦੀ ਸ਼ਿਕਾਇਤ ’ਤੇ ਉਸ ਦੇ ਦੋਸ਼ੀ ਪਤੀ ਸਚਿਨ ਖਿਲਾਫ਼ ਧਾਰਾ 302 ਅਧੀਨ ਕੇਸ ਦਰਜ ਕਰ ਕੇ ਦੋਸ਼ੀ ਨੂੰ ਅਗਲੇ ਦਿਨ ਹੀ ਗ੍ਰਿਫ਼ਤਾਰ ਕਰ ਲਿਆ ਸੀ।
ਅਦਾਲਤ ’ਚੋਂ ਬਾਹਰ ਨਿਕਲਦੇ ਹੀ ਹੱਥਕਡ਼ੀ ਖੋਲ੍ਹ ਕੇ ਕੀਤੀ ਫ਼ਰਾਰ ਹੋਣ ਦੀ ਕੋਸ਼ਿਸ਼
ਦੁਪਹਿਰ ਠੀਕ ਸਵਾ 3 ਵਜੇ ਦੇ ਕਰੀਬ ਅਦਾਲਤ ਨੇ ਜਿਉਂ ਹੀ ਪਤਨੀ ਨੂੰ ਕਤਲ ਕਰਨ ਦੇ ਦੋਸ਼ ਵਿਚ ਸਚਿਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਤਾਂ ਉਹ ਘਬਰਾ ਉੱਠਿਆ। ਅਦਾਲਤ ਵਿਚੋਂ ਬਾਹਰ ਨਿਕਲਣ ਦੌਰਾਨ ਪੁਲਸ ਮੁਲਾਜ਼ਮ ਜਦੋਂ ਸਚਿਨ ਨੂੰ ਹੱਥਕਡ਼ੀ ਲਾ ਕੇ ਬਖਸ਼ੀਖਾਨੇ ਵੱਲ ਲਿਜਾਣ ਲੱਗਾ ਤਾਂ ਉਹ ਹੱਥਕਡ਼ੀ ਨੂੰ ਝਟਕਾ ਦੇ ਕੇ ਮੌਕੇ ਤੋਂ ਸੈਸ਼ਨ ਚੌਕ ਵੱਲ ਭੱਜਣ ਲਗਾ। ਅਦਾਲਤ ਵਿਚੋਂ ਦੋਸ਼ੀ ਨੂੰ ਫਰਾਰ ਹੁੰਦਾ ਵੇਖ ਕੰਪਲੈਕਸ ਵਿਚ ਕੁਝ ਦੇਰ ਲਈ ਸਨਸਨੀ ਫੈਲ ਗਈ। ਪੁਲਸ ਮੁਲਾਜ਼ਮ ਰੇਲਵੇ ਰੋਡ ਤੋਂ ਸਚਿਨ ਨੂੰ ਕਾਬੂ ਕਰਨ ਵਿਚ ਕਾਮਯਾਬ ਰਹੇ। ਉਹ ਉਸ ਨੂੰ ਹੱਥਕਡ਼ੀ ਲਾ ਕੇ ਅਦਾਲਤ ਕੰਪਲੈਕਸ ਵਿਚ ਪਹੁੰਚੇ ਤਾਂ ਕਿਤੇ ਮਾਮਲਾ ਸ਼ਾਂਤ ਹੋਇਆ।