ਅਬੋਹਰ ''ਚ ਵੱਡੀ ਵਾਰਦਾਤ, ਪਤਨੀ ਨੇ ਪੁੱਤ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਘਰ ''ਚ ਹੀ ਦੱਬੀ ਲਾਸ਼

Friday, Nov 11, 2022 - 06:10 PM (IST)

ਅਬੋਹਰ (ਸੁਨੀਲ) : ਨੇੜਲੇ ਪਿੰਡ ਬਹਾਵਲਵਾਸੀ ਵਿੱਚ ਇਕ ਔਰਤ ਨੇ ਆਪਣੇ ਮੁੰਡੇ ਨਾਲ ਮਿਲ ਕੇ ਆਪਣੇ ਪਤੀ ਦਾ ਕੁਝ ਸਮੇਂ ਪਹਿਲਾਂ ਕਤਲ ਕਰ ਕੇ ਉਸ ਦੀ ਲਾਸ਼ ਨੂੰ ਘਰ ਦੇ ਵਿੱਚ ਹੀ ਖੁੱਡ ਪੁੱਟ ਕੇ ਦੱਬ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਉਸ ਥਾਂ ਤੇ ਫਰਸ਼ ਵੀ ਪਵਾ ਦਿੱਤਾ ਅਤੇ ਪੁਲਸ ਕੋਲ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ। ਜਦੋਂ ਹੌਲੀ-ਹੌਲੀ ਪੁਲਸ ਨੇ ਉਕਤ ਔਰਤ ਦਾ ਪਤੀ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਇਸ ਘਟਨਾ ਦਾ ਖ਼ੁਲਾਸਾ ਹੋਇਆ। ਘਟਨਾ ਦਾ ਪਤਾ ਲੱਗਦੇ ਹੀ ਦੋਵੋਂ ਮਾਂ-ਪੁੱਤ ਨੂੰ ਹਿਰਾਸਤ 'ਚ ਲੈ ਲਿਆ ਗਿਆ ਅਤੇ ਅੱਜ ਪੁਲਸ ਅਧਿਕਾਰੀਆਂ ਨੇ ਟੀਮ ਨਾਲ ਪਹੁੰਚ ਕੇ ਲਾਸ਼ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। 

ਇਹ ਵੀ ਪੜ੍ਹੋ- ਫਿਰੋਜ਼ਪੁਰ 'ਚ ਬੇਅਦਬੀ ਦੀ ਘਟਨਾ, ਖੇਤਾਂ 'ਚ ਗੰਦਗੀ ਭਰੀ ਥਾਂ ਤੋਂ ਮਿਲਿਆ ਗੁਟਕਾ ਸਾਹਿਬ

ਜਾਣਕਾਰੀ ਮੁਤਾਬਕ ਪਿੰਡ ਬਹਾਵਲਵਾਸੀ ਵਾਸੀ 50 ਸਾਲਾ ਮੱਖਣ ਸਿੰਘ ਪੁੱਤਰ ਹਰਨੇਕ ਸਿੰਘ ਨੂੰ ਆਪਣੀ ਪਤਨੀ ਤੇ ਕਿਸੇ ਹੋਰ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਸੀ । ਇਸ ਗੱਲ ਨੂੰ ਲੈ ਕੇ ਉਸਦਾ ਅਕਸਰ ਆਪਣੀ ਪਤਨੀ ਚਰਣਜੀਤ ਕੌਰ ਨਾਲ ਝਗੜਾ ਚੱਲਦਾ ਰਹਿੰਦਾ ਸੀ। ਇਸੇ ਦੇ ਚੱਲਦਿਆਂ ਕਰੀਬ 1 ਮਹੀਨੇ ਪਹਿਲਾਂ ਜਦ ਦੋਵਾਂ ਵਿੱਚ ਲੜਾਈ ਹੋਇਆ ਤਾਂ ਮੱਖਣ ਸਿੰਘ ਦੀ ਪਤਨੀ ਚਰਣਜੀਤ ਕੌਰ ਨੇ ਆਪਣੇ ਮੁੰਡੇ ਜਸ਼ਨ ਉਰਫ ਪ੍ਰਦੀਪ ਨਾਲ ਮਿਲ ਕੇ ਉਸਦਾ ਕਤਲ ਕਰ ਦਿੱਤੀ ਅਤੇ ਲਾਸ਼ ਨੂੰ ਖੱਡਾ ਪੁੱਟ ਕੇ ਘਰ ਵਿੱਚ ਹੀ ਦੱਬ ਦਿੱਤੀ। ਇਸ ਤੋਂ ਬਾਅਦ 18 ਅਕਤੂਬਰ ਨੂੰ ਚਰਣਜੀਤ ਕੌਰ ਨੇ ਪੁਲਸ ਕੋਲ ਆਪਣੇ ਪਤੀ ਦੀ ਗੁੰਮਸ਼ੁਦਗੀ ਰਿਪੋਰਟ ਦਰਜ ਕਰਵਾਈ।  ਇਧੱਰ ਮੱਖਣ ਸਿੰਘ ਦੇ ਗਾਇਬ ਹੋਣ ਬਾਅਦ ਪਿੰਡ ਵਿੱਚ ਸ਼ੁਰੂ ਹੋਈ ਚਰਚਾ ਹੌਲੀ-ਹੌਲੀ ਪੁਲਸ ਤੱਕ ਪਹੁੰਚੀ ਅਤੇ ਜਦ ਪੁਲਸ ਅਧਿਕਾਰੀਆਂ ਨੇ ਮੱਖਣ ਦੀ ਪਤਨੀ ਅਤੇ ਮੁੰਡੇ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਆਪਣਾ ਜ਼ੁਰਮ ਕਬੂਲ ਲਿਆ।

ਇਹ ਵੀ ਪੜ੍ਹੋ- ਅੱਧੀ ਰਾਤ ਨੂੰ ਸੜਕ ’ਤੇ ਤੜਫ ਰਹੇ ਵਿਅਕਤੀ ਲਈ ਫਰਿਸ਼ਤਾ ਬਣ ਕੇ ਆਇਆ ਏ. ਸੀ. ਪੀ., ਇੰਝ ਦਿੱਤਾ ਦੂਜਾ ਜਨਮ

ਪੁਲਸ ਨੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਅੱਜ ਘਰ ਵਿੱਚ ਦੱਬੀ ਲਾਸ਼ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪੁਲਸ ਵੱਲੋਂ ਚਰਣਜੀਤ ਕੌਰ ਅਤੇ ਉਸਦੇ ਮੁੰਡੇ ਪ੍ਰਦੀਪ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਭਰਾ ਸੁਰਜੀਤ ਸਿੰਘ ਨੇ ਕਥਿਤ ਤੌਰ ਤੇ ਦੱਸਿਆ ਕਿ ਉਸਦੇ ਭਰਾ ਦੀ ਕਤਲ ਉਸਦੀ ਹੀ ਪਤਨੀ ਚਰਣਜੀਤ ਕੌਰ ਅਤੇ ਉਸਦੇ ਮੁੰਡੇ ਨੇ ਕੀਤੀ ਹੈ ਕਿਉਂਕਿ ਚਰਣਜੀਤ ਕੌਰ ਦਾ ਕਥਿਤ ਤੌਰ 'ਤੇ ਪਿੰਡ ਦੇ ਹੀ ਇਕ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ। ਜਿਸਦਾ ਪਤਾ ਉਸਦੇ ਭਰਾ ਨੂੰ ਲੱਗ ਗਿਆ ਸੀ ਅਤੇ ਦੋਵਾਂ ਵਿਚਾਲੇ ਲੜ੍ਹਾਈ ਰਹਿਣ ਲੱਗ ਗਈ ਸੀ। ਚਰਣਜੀਤ ਕੌਰ ਨੇ ਆਪਣੇ ਪਤੀ ਨੂੰ ਰਾਹ ਤੋਂ ਹਟਾਉਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਤੋਂ ਇਲਾਵਾ ਉਸ ਨੇ ਸ਼ੱਕ ਜਤਾਇਆ ਕਿ ਇਸ ਮਾਮਲੇ 'ਚ ਹੋਰ ਵੀ ਲੋਕਾਂ ਦਾ ਹੱਥ ਹੈ, ਜਿਸ ਦੇ ਚੱਲਦਿਆਂ ਦੋਸ਼ੀ ਮਾਂ-ਪੁੱਤ ਕੋਲੋਂ ਹੋਰ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਥਾਣਾ ਮੁਖੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਚਰਣਜੀਤ ਕੌਰ, ਮੁੰਡੇ ਜਸ਼ਨ ਉਰਫ ਪ੍ਰਦੀਪ ਖ਼ਿਲਾਫ਼ ਧਾਰਾ 302, 201 ਤੇ 34 ਤਹਿਤ ਮਾਮਲਾ ਦਰਜ ਕਰ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News