ਪਤਨੀ ਨੇ ਕਰਵਾਇਆ ਪਤੀ ਦਾ ਕਤਲ! ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
Friday, Jun 21, 2024 - 12:03 PM (IST)
ਫਿਰੋਜ਼ਪੁਰ (ਰਾਜੇਸ਼ ਢੰਡ): ਥਾਣਾ ਜ਼ੀਰਾ ਅਧੀਨ ਪੈਂਦੇ ਪਿੰਡ ਜੱਟਾਂ ਵਾਲੀ ਵਿਖੇ ਇਕ ਔਰਤ ਵੱਲੋਂ ਆਪਣੇ ਪਤੀ ਨੂੰ ਅਗਵਾ ਕਰਕੇ ਉਸ ਦੇ ਪ੍ਰੇਮੀ ਅਤੇ ਸਾਥੀਆਂ ਨਾਲ ਮਿਲ ਕੇ ਕਤਲ ਕਰਨ ਦੇ ਮਾਮਲੇ ਦੀ ਗੁੱਥੀ ਸੁਲਝਾਉਂਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਪੁਲਸ ਨੇ ਔਰਤ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਵਾਰਦਾਤ ਦੌਰਾਨ ਵਰਤੀ ਗਈ ਕਾਰ ਬਰਾਮਦ ਕਰ ਲਈ ਹੈ। ਉਕਤ ਮਾਮਲੇ ਵਿਚ ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਜਾਵੇਗਾ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਫਿਰੋਜ਼ਪੁਰ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਸੁਖਦੀਪ ਕੌਰ ਪਤਨੀ ਮਨਜੀਤ ਸਿੰਘ ਵਾਸੀ ਮੁਹੱਲਾ ਜੱਟਾਂ, ਜ਼ੀਰਾ ਨੇ 11 ਜੂਨ 2024 ਨੂੰ ਥਾਣਾ ਸਿਟੀ ਜ਼ੀਰਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਤੀ ਮਨਜੀਤ ਸਿੰਘ ਪੁੱਤਰ ਹਰਨੇਕ ਸਿੰਘ 6 ਜੂਨ 2024 ਨੂੰ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਦੇ ਲਈ ਗਿਆ ਸੀ, ਜਿਸ ਦੇ ਨਾਲ ਉਸ ਦੀ ਗੱਲ ਹੋ ਰਹੀ ਸੀ, ਪਰ 10 ਜੂਨ ਤੋ ਉਸ ਦੇ ਪਤੀ ਦਾ ਫੋਨ ਬੰਦ ਆ ਰਿਹਾ ਹੈ,ਜਿਸ ਦੇ ਚੱਲਦੇ ਉਸ ਦੀ ਭਾਲ ਕੀਤੀ ਜਾਵੇ।
ਇਹ ਖ਼ਬਰ ਵੀ ਪੜ੍ਹੋ - ਸਵੇਰੇ-ਸਵੇਰੇ ਪੰਜਾਬ ਪੁਲਸ ਦਾ ਐਕਸ਼ਨ! ਸੁੱਤੇ ਪਏ ਲੋਕਾਂ ਦੇ ਘਰਾਂ 'ਚ ਮਾਰਿਆ ਛਾਪਾ, ਇਲਾਕੇ ਨੂੰ ਪਾਇਆ ਘੇਰਾ
ਐੱਸ.ਐੱਸ.ਪੀ. ਨੇ ਦੱਸਿਆ ਕਿ ਜਦੋਂ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸੁਖਦੀਪ ਕੌਰ ਨੇ ਜੋ ਕਿਹਾ ਉਹ ਝੂਠਾ ਪਾਇਆ ਗਿਆ ਅਤੇ ਪੁਲਸ ਪਾਰਟੀ ਨੂੰ ਸੁਖਦੀਪ ਕੌਰ ਦੇ ਪਤੀ ਨੂੰ ਅਗਵਾ ਕਰਨ ਦਾ ਸ਼ੱਕ ਹੋਇਆ। ਉਸ ਨੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਦੌਰਾਨ ਅਗਵਾ ਹੋਏ ਨੌਜਵਾਨ ਮਨਜੀਤ ਸਿੰਘ ਦੇ ਭਰਾ ਗੁਰਸੇਵਕ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਮੰਗੇਵਾਲਾ ਜ਼ਿਲ੍ਹਾ ਮੋਗਾ ਨੇ ਪੁਲਸ ਪਾਰਟੀ ਸਾਹਮਣੇ ਪੇਸ਼ ਹੋ ਕੇ ਦੱਸਿਆ ਕਿ ਉਸ ਦੀ ਭਰਜਾਈ ਸੁਖਦੀਪ ਕੌਰ ਪ੍ਰੇਮ ਸਬੰਧਾਂ ਦੇ ਚੱਲਦਿਆਂ 6 ਜੂਨ 2024 ਨੂੰ ਉਸ ਦੇ ਭਰਾ ਮਨਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਗੰਡੀਵਿੰਡ ਨੂੰ ਉਸ ਦੇ ਸਾਥੀਆਂ ਨੇ ਸੈਰ ਕਰਨ ਦੇ ਬਹਾਨੇ ਅਗਵਾ ਕਰ ਲਿਆ ਸੀ। ਜਿਸ ਤੋਂ ਬਾਅਦ ਪੁਲਸ ਨੇ ਗੁਰਦੇਵ ਸਿੰਘ ਦੇ ਬਿਆਨਾਂ ’ਤੇ 12 ਜੂਨ 2024 ਨੂੰ ਥਾਣਾ ਜ਼ੀਰਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ - ਲਹਿੰਦੇ ਪੰਜਾਬ 'ਚ ਬੇਅਦਬੀ ਕਰਨ ਵਾਲੇ ਦਾ ਥਾਣੇ ਅੰਦਰ ਗੋਲ਼ੀ ਮਾਰ ਕੇ ਕਤਲ! ਲੋਕਾਂ ਨੇ ਫੂਕਿਆ ਥਾਣਾ
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਐੱਸ.ਪੀ. ਇਨਵੈਸਟੀਗੇਸ਼ਨ ਰਣਧੀਰ ਕੁਮਾਰ, ਗੁਰਦੀਪ ਸਿੰਘ ਡੀ.ਐੱਸ.ਪੀ. ਜ਼ੀਰਾ, ਬਲਕਾਰ ਸਿੰਘ ਡੀ.ਐੱਸ.ਪੀ. (ਡੀ) ਫ਼ਿਰੋਜ਼ਪੁਰ ਅਤੇ ਇੰਸਪੈਕਟਰ ਕਮਲਜੀਤ ਰਾਏ ਥਾਣਾ ਸਿਟੀ ਜ਼ੀਰਾ ਦੀ ਟੀਮ ਬਣਾਈ ਗਈ ਸੀ ਅਤੇ ਉਕਤ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਮਨਜੀਤ ਸਿੰਘ ਦੀ ਪਤਨੀ ਸੁਖਦੀਪ ਕੌਰ ਨੂੰ 13 ਜੂਨ ਨੂੰ ਉਸ ਦੇ ਨਾਨਕੇ ਪਿੰਡ ਕੋਟਦਾਤਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ 17 ਜੂਨ 2024 ਨੂੰ ਮਨਜੀਤ ਸਿੰਘ ਦੇ ਭਰਾ ਗੁਰਸੇਵਕ ਸਿੰਘ ਨੇ ਬਾਕੀ ਮੁਲਜ਼ਮਾਂ ਦੀ ਪਛਾਣ ਗੁਰਲੀਨ ਸਿੰਘ ਉਰਫ਼ ਮੋਟਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਵਡ਼ਿੰਗ ਮੋਹਨਪੁਰ ਵਜੋਂ ਕੀਤੀ ਸੀ। ਹਰਦਿਆਲ ਸਿੰਘ ਪੁੱਤਰ ਨਿੱਕੀ ਡਿਉਡ਼ੀ ਵਾਸੀ ਸਰਹਾਲੀ, ਜਗਜੀਵਨ ਸਿੰਘ ਉਰਫ ਜੱਗੂ ਪੁੱਤਰ ਨਿਰਮਲ ਸਿੰਘ ਅਤੇ ਹਰਦੀਪ ਸਿੰਘ ਉਰਫ ਹੈਪੀ ਵਾਸੀ ਗੰਡੀਵਿੰਡ ਵਜੋਂ ਹੋਈ ਹੈ। ਜਿਸ ਤੋਂ ਬਾਅਦ ਪੁਲਸ ਨੇ ਉਕਤ ਦੋਸ਼ੀਆਂ ਨੂੰ ਵੀ ਮਾਮਲੇ ’ਚ ਸ਼ਾਮਲ ਕਰਕੇ ਹਰਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ, ਗੁਰਲੀਨ ਉਰਫ਼ ਮੋਟਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਸਮਲਾਹਾ ਜ਼ਿਲ੍ਹਾ ਸ੍ਰੀ ਅਨੰਦਪੁਰ ਸਾਹਿਬ ਨੂੰ ਵਾਰਦਾਤ ’ਚ ਵਰਤੀ ਗਈ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਰਸ਼ਦੀਪ ਸਿੰਘ ਪੁੱਤਰ ਹਰਦਿਆਲ ਸਿੰਘ ਨੂੰ ਉਸ ਦੇ ਘਰ ਤੋਂ ਕਾਬੂ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੁਲਸ ਟੀਮ ’ਤੇ ਹੋਇਆ ਹਮਲਾ, 30 ਲੋਕਾਂ ਨੇ ਹੱਥੋਪਾਈ ਮਗਰੋਂ ਸਰਕਾਰੀ ਗੱਡੀ ਦੀ ਕੀਤੀ ਭੰਨਤੋੜ
ਐੱਸ.ਐੱਸ.ਪੀ. ਮਿਸ਼ਰਾ ਨੇ ਦੱਸਿਆ ਕਿ ਜਦੋਂ ਪੁਲਸ ਨੇ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 6 ਅਤੇ 7 ਜੂਨ ਦੀ ਰਾਤ ਨੂੰ ਮਨਜੀਤ ਸਿੰਘ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਉਸ ਦੀ ਲਾਸ਼ ਨੂੰ ਪੱਥਰਾਂ ਅਤੇ ਤਾਰ ਨਾਲ ਬੰਨ੍ਹ ਕੇ ਪਿੰਡ ਕੰਬੋਜ਼ ਨਜ਼ਦੀਕ ਬਿਆਸ ਦਰਿਆ ਵਿਚ ਸੁੱਟ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਪੁਲਸ ਮਨਜੀਤ ਸਿੰਘ ਦੀ ਲਾਸ਼ ਦੀ ਭਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਇਸ ਘਟਨਾ ਵਿਚ ਸ਼ਾਮਲ ਦੋ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8