ਪਿੰਡ ਵਾਸੀਆਂ ਮ੍ਰਿਤਕ ਦੀ ਪਤਨੀ ਨੂੰ ਦੱਸਿਆ ਬੇਕਸੂਰ

Monday, Jun 19, 2017 - 08:07 AM (IST)

ਲੰਬੀ  (ਜਟਾਣਾ) - ਬੀਤੇ ਮੰਗਲਵਾਰ ਨੂੰ ਲੰਬੀ ਪੁਲਸ ਵੱਲੋਂ ਕਤਲ ਕੇਸ ਦੀ ਗੁੱਥੀ ਸੁਲਝਾਉਣ ਤੋਂ ਬਾਅਦ ਅੱਜ ਉਸ ਵੇਲੇ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਹੈ, ਜਦ ਮ੍ਰਿਤਕ ਜਗਤਾਰ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ ਅਤੇ ਉਸ ਦੀ ਭੈਣ, ਪਿੰਡ ਦੇ ਸਾਬਕਾ ਸਰਪੰਚ ਸਤਪਾਲ ਸਿੰਘ, ਮੌਜੂਦਾ ਸਰਪੰਚ ਛੋਟਾ ਸਿੰਘ ਸਮੇਤ ਪਿੰਡ ਦੇ ਹੋਰ ਮੋਹਤਵਰ ਬੰਦਿਆਂ ਸਮੇਤ ਮ੍ਰਿਤਕ ਦੇ ਹੋਰ ਰਿਸ਼ਤੇਦਾਰਾਂ ਨੇ ਮ੍ਰਿਤਕ ਦੀ ਪਤਨੀ ਕੁਲਬੀਰ ਕੌਰ ਦੇ ਹੱਕ 'ਚ ਨਿਤਰਨ ਦਾ ਫੈਸਲਾ ਕੀਤਾ।
ਇਸ ਸਮੇਂ ਪਿੰਡ ਵਾਸੀਆਂ  ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਕੁਲਬੀਰ ਕੌਰ ਪਿੰਡ ਦੇ ਕਈ ਘਰਾਂ 'ਚ ਸਫਾਈ ਦਾ ਕੰਮ ਕਰ ਕੇ ਆਪਣਾ ਘਰ ਚਲਾਉਂਦੀ ਹੈ। ਲੋਕਾਂ ਨੇ ਇਸ ਮਾਮਲੇ ਦੀ ਜਾਂਚ ਕਰ ਰਹੇ ਲੰਬੀ ਥਾਣੇ ਦੇ ਏ. ਐੱਸ. ਆਈ. ਗੁਰਮੀਤ ਸਿੰਘ ਉੱਪਰ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਮ੍ਰਿਤਕ ਦੇ ਪੁੱਤਰ ਲਖਵਿੰਦਰ ਸਿੰਘ ਦੇ ਅਨਪੜ੍ਹ ਹੋਣ ਦਾ ਫਾਇਦਾ ਚੁੱਕਦੇ ਹੋਏ ਇਸ ਮਾਮਲੇ ਦੇ ਕਥਿਤ ਦੋਸ਼ੀ ਦਾ ਪੱਖ ਪੂਰਿਆ ਹੈ।
ਇਸ ਦੌਰਾਨ ਮ੍ਰਿਤਕ ਦੇ ਪੁੱਤਰ ਨੇ ਕਿਹਾ ਕਿ ਉਸ ਦੇ ਪਿਤਾ ਦਾ ਅਸਲੀ ਕਾਤਿਲ ਸੁਖਦੀਪ ਸਿੰਘ ਸੀਪਾ ਹੀ ਹੈ ਅਤੇ ਉਸ ਦੀ ਮਾਂ ਨੂੰ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ । ਪਿੰਡ ਦੇ ਸਾਬਕਾ ਸਰਪੰਚ ਸਤਪਾਲ ਸਿੰਘ ਅਤੇ ਮੌਜੂਦਾ ਸਰਪੰਚ ਛੋਟਾ ਸਿੰਘ ਨੇ ਵੀ ਮ੍ਰਿਤਕ ਦੀ ਪਤਨੀ ਨੂੰ ਨਿਰਦੋਸ਼ ਦੱਸਦੇ ਹੋਏ ਉਸ ਦੇ ਹੱਕ 'ਚ ਨਿਤਰਨ ਦਾ ਹੋਕਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਉਹ ਅੰਤ ਤੱਕ ਉਸ ਦੇ ਇਨਸਾਫ ਲਈ ਲੜਨਗੇ ਅਤੇ ਹਰ ਹੀਲੇ ਇਨਸਾਫ ਦਿਵਾ ਕੇ ਰਹਿਣਗੇ।
ਇਸ ਸਮੇਂ ਪਿੰਡ ਦੇ ਸੈਂਕੜੇ ਲੋਕਾਂ ਨੇ ਕੁਲਬੀਰ ਕੌਰ ਨੂੰ ਬੇਕਸੂਰ ਦੱਸਦੇ ਹੋਏ ਉਸ ਨੂੰ ਇਸ ਕਤਲ ਕੇਸ ਵਿਚੋਂ ਬਹਾਲ ਕਰਨ ਦੀ ਮੰਗ ਕੀਤੀ ਹੈ।
ਉਧਰ ਇਸ ਮਾਮਲੇ ਨੂੰ ਦੇਖ ਰਹੇ ਲੰਬੀ ਥਾਣੇ ਦੇ ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੁਣ ਡੀ. ਐੱਸ. ਪੀ. ਮਲੋਟ ਦੀਪਕ ਪਾਰਿਕ ਕਰ ਰਹੇ ਹਨ ਅਤੇ ਜੇਕਰ ਅਜਿਹਾ ਕੋਈ ਮਾਮਲਾ ਹੋਇਆ ਤਾਂ ਸੱਚ ਸਭ ਦੇ ਸਾਹਮਣੇ ਆ ਜਾਵੇਗਾ।
ਇਸ ਸਬੰਧੀ ਜਦੋਂ ਡੀ. ਐੱਸ. ਪੀ. ਮਲੋਟ ਦੀਪਕ ਪਾਰਿਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਜ਼ਿਕਰਯੋਗ ਹੈ ਕਿ ਬੀਤੀ 5 ਜੂਨ ਨੂੰ ਲਾਪਤਾ ਹੋਏ ਪਿੰਡ ਭੀਟੀਵਾਲਾ ਦੇ ਵਾਸੀ ਜਗਤਾਰ ਸਿੰਘ ਦੀ ਲਾਸ਼ 13 ਜੂਨ ਨੂੰ ਰਾਸਜਥਾਨ ਫੀਡਰ ਨਹਿਰਾਂ ਦੇ ਹੈੱਡਾਂ, ਮਸੀਤਾਂ ਕੋਲੋਂ ਮਿਲਣ ਤੋਂ ਬਾਅਦ ਪੁਲਸ ਨੇ ਇਸ ਕੇਸ ਹੱਲ ਕਰਨ ਦਾ ਦਾਅਵਾ ਕੀਤਾ ਸੀ, ਜਿਸ ਤੋਂ ਬਾਅਦ ਕਥਿਤ ਦੋਸ਼ੀ ਸੁਖਦੀਪ ਸਿੰਘ ਸੀਪਾ ਅਤੇ ਮ੍ਰਿਤਕ ਦੀ ਪਤਨੀ ਕੁਲਬੀਰ ਕੌਰ ਖਿਲਾਫ ਧਾਰਾ 302 ਤਹਿਤ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ ।


Related News