ਪਤੀ ਨਾਲ ਝਗੜੇ ਤੋਂ ਬਾਅਦ ਜ਼ਮੀਨ ’ਤੇ ਡਿੱਗੀ ਪਤਨੀ ਦੀ ਮੌਤ
Friday, May 15, 2026 - 12:11 PM (IST)
ਚੰਡੀਗੜ੍ਹ (ਸੁਸ਼ੀਲ) : ਮੌਲੀਜਾਗਰਾਂ ਦੇ ਵਿਕਾਸ ਨਗਰ ’ਚ ਪਤੀ-ਪਤਨੀ ਵਿਚਕਾਰ ਹੋਈ ਲੜਾਈ ਤੋਂ ਬਾਅਦ ਪਤਨੀ ਦੀ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 45 ਸਾਲਾ ਲੀਲਾਵਤੀ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਮੁਰਦਾਘਰ ’ਚ ਰਖਵਾ ਦਿੱਤੀ ਹੈ। ਜਾਣਕਾਰੀ ਅਨੁਸਾਰ ਲੀਲਾਵਤੀ ਪਤੀ ਵਿਜੇ ਤੇ ਪੁੱਤਰ ਨਾਲ ਮੌਲੀਜਾਗਰਾਂ ’ਚ ਰਹਿੰਦੀ ਸੀ। ਵੀਰਵਾਰ ਦੁਪਹਿਰ ਨੂੰ ਪਤੀ-ਪਤਨੀ ਵਿਚਕਾਰ ਬਹਿਸ ਹੋ ਗਈ, ਜੋ ਬਾਅਦ ਝਗੜੇ ’ਚ ਬਦਲ ਗਈ।
ਝਗੜੇ ਦੌਰਾਨ ਵਿਜੇ ਨੇ ਲੀਲਾਵਤੀ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਲੀਲਾਵਤੀ ਘਰੋਂ ਬਾਹਰ ਆਈ, ਜਿੱਥੇ ਉਹ ਅਚਾਨਕ ਜ਼ਮੀਨ ’ਤੇ ਬੇਹੋਸ਼ ਹੋ ਕੇ ਡਿੱਗ ਪਈ। ਪਰਿਵਾਰ ਤੇ ਸਥਾਨਕ ਲੋਕ ਉਸਨੂੰ ਤੁਰੰਤ ਹਸਪਤਾਲ ਲੈ ਗਏ, ਪਰ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਲੀਜਾਗਰਾਂ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪਰਿਵਾਰ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਹਰਦੋਈ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਵਿਜੇ ਪੇਂਟਰ ਦਾ ਕੰਮ ਕਰਦਾ ਹੈ। ਪਰਿਵਾਰ ਤੇ ਆਲੇ-ਦੁਆਲੇ ਦੇ ਲੋਕਾਂ ਦੇ ਅਨੁਸਾਰ ਵਿਜੇ ਸ਼ਰਾਬ ਪੀਣ ਦਾ ਆਦੀ ਹੈ ਅਤੇ ਇਸ ਨੂੰ ਲੈ ਕੇ ਘਰ ’ਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ।
