ਪਤੀ ਦੀ ਜ਼ਮਾਨਤ ਕਰਵਾਉਣ ਦਾ ਝਾਂਸਾ ਦੇ ਕੇ ਵਿਆਹੁਤਾ ਨਾਲ ਕੀਤਾ ਸਮੂਹਿਕ ਜ਼ਬਰ-ਜ਼ਿਨਾਹ

Wednesday, Jun 24, 2026 - 02:19 PM (IST)

ਪਤੀ ਦੀ ਜ਼ਮਾਨਤ ਕਰਵਾਉਣ ਦਾ ਝਾਂਸਾ ਦੇ ਕੇ ਵਿਆਹੁਤਾ ਨਾਲ ਕੀਤਾ ਸਮੂਹਿਕ ਜ਼ਬਰ-ਜ਼ਿਨਾਹ

ਜ਼ੀਰਕਪੁਰ (ਧੀਮਾਨ) : ਪਤੀ ਦੀ ਜ਼ਮਾਨਤ ਕਰਵਾਉਣ ਦਾ ਝਾਂਸਾ ਦੇ ਕੇ ਵਿਆਹੁਤਾ ਨਾਲ ਸਮੂਹਿਕ ਜਬਰ-ਜ਼ਿਨਾਹ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਜ਼ੀਰਕਪੁਰ ਪੁਲਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਉੱਤਰ ਪ੍ਰਦੇਸ਼ ਤੋਂ ਪ੍ਰਾਪਤ ਜ਼ੀਰੋ ਐੱਫ. ਆਈ. ਆਰ. ਦੇ ਆਧਾਰ ’ਤੇ ਕੀਤੀ ਗਈ ਹੈ। ਸ਼ਿਕਾਇਤ ਮੁਤਾਬਕ ਪੀੜਤਾ ਜ਼ੀਰਕਪੁਰ ਦੀ ਨਿੱਜੀ ਕੰਪਨੀ ’ਚ ਕੰਮ ਕਰਦੀ ਸੀ। ਉਸ ਦੀ ਜਾਣ-ਪਛਾਣ ਆਮਿਰ ਤੇ ਸੋਨੂੰ ਨਾਲ ਹੋਈ ਸੀ। ਉਸ ਸਮੇਂ ਉਸ ਦਾ ਪਤੀ ਉੱਤਰ ਪ੍ਰਦੇਸ਼ ਦੀ ਹਸਨਪੁਰ ਜੇਲ੍ਹ ’ਚ ਬੰਦ ਸੀ। ਦੋਵਾਂ ਨੇ ਔਰਤ ਨੂੰ ਕਿਹਾ ਕਿ ਉਹ ਇਮਰਾਨ ਨਾਮਕ ਵਿਅਕਤੀ ਰਾਹੀਂ ਉਸ ਦੇ ਪਤੀ ਦੀ ਜ਼ਮਾਨਤ ਕਰਵਾਉਣ ’ਚ ਮਦਦ ਕਰ ਸਕਦੇ ਹਨ। ਪੀੜਤ ਦਾ ਦੋਸ਼ ਹੈ ਕਿ ਪਤੀ ਦੀ ਜ਼ਮਾਨਤ ਕਰਵਾਉਣ ਦਾ ਝਾਂਸਾ ਦੇ ਕੇ ਆਮਿਰ, ਸੋਨੂੰ ਤੇ ਇਮਰਾਨ ਨੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ। ਪੀੜਤਾ ਨੇ ਇਹ ਵੀ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਵੀ ਉਸ ਨਾਲ ਜਬਰ-ਜ਼ਿਨਾਹ ਕੀਤਾ ਜਾਂਦਾ ਰਿਹਾ ਅਤੇ ਕਿਸੇ ਨੂੰ ਦੱਸਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ।
ਪਤੀ ਦੀ ਰਿਹਾਈ ਤੋਂ ਬਾਅਦ ਗਰਭਵਤੀ ਹੋਣ ਦਾ ਲੱਗਿਆ ਪਤਾ
ਸ਼ਿਕਾਇਤ ਮੁਤਾਬਕ ਪਤੀ ਦੀ ਰਿਹਾਈ ਤੋਂ ਬਾਅਦ ਮੈਡੀਕਲ ਜਾਂਚ ਦੌਰਾਨ ਉਸ ਦੇ ਗਰਭਵਤੀ ਹੋਣ ਦਾ ਪਤਾ ਲੱਗਾ, ਜਿਸ ਤੋਂ ਬਾਅਦ ਉਸ ਨੇ ਆਪਣੇ ਪਤੀ ਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮਾਮਲਾ ਪੁਲਸ ਕੋਲ ਪਹੁੰਚਿਆ ਤੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਮੈਡੀਕਲ ਰਿਕਾਰਡ, ਅਲਟਰਾਸਾਊਂਡ ਰਿਪੋਰਟ ਤੇ ਹੋਰ ਸਬੂਤਾਂ ਦੀ ਵੀ ਪੜਤਾਲ ਕੀਤੀ ਗਈ। ਸੂਤਰਾਂ ਮੁਤਾਬਕ ਮਾਮਲੇ ਦੀ ਮੁੱਢਲੀ ਜਾਂਚ ਉੱਤਰ ਪ੍ਰਦੇਸ਼ ’ਚ ਕੀਤੀ ਗਈ ਸੀ। ਬਾਅਦ ’ਚ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਜ਼ੀਰੋ ਐੱਫ. ਆਈ. ਆਰ. ਪੰਜਾਬ ਪੁਲਸ ਨੂੰ ਭੇਜੀ ਗਈ। ਇਸ ਤੋਂ ਬਾਅਦ ਜ਼ੀਰਕਪੁਰ ਪੁਲਸ ਵੱਲੋਂ ਇਸ ਸਬੰਧੀ ਕੇਸ ਦਰਜ ਕੀਤਾ ਗਿਆ।
ਵਧੇਰੇ ਜਾਂਚ ਲਈ ਸ਼ਿਕਾਇਤਕਰਤਾ ਦਾ ਇੰਤਜ਼ਾਰ : ਐੱਸ. ਐੱਚ. ਓ.
ਥਾਣਾ ਜ਼ੀਰਕਪੁਰ ਦੇ ਐੱਸ. ਐੱਚ. ਓ. ਇੰਸਪੈਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਜ਼ੀਰਕਪੁਰ ਪੁਲਸ ਨੇ ਯੂ. ਪੀ. ਤੋਂ ਆਈ ਜ਼ੀਰੋ ਐੱਫ. ਆਈ. ਆਰ. ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਵਧੇਰੇ ਜਾਂਚ ਲਈ ਸ਼ਿਕਾਇਤਕਰਤਾ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰਨ ਤੇ ਹੋਰ ਤੱਥ ਇਕੱਠੇ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਉਕਤ ਤਿੰਨਾਂ ਦੋਸ਼ੀਆਂ 'ਤੇ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਨਾਲ ਜੁੜੇ ਤੱਥਾਂ ਦੀ ਪੁਸ਼ਟੀ ਤੇ ਹੋਰ ਸਬੂਤ ਇਕੱਠੇ ਕਰਨ ਦੀ ਕਾਰਵਾਈ ਜਾਰੀ ਹੈ।


author

Babita

Content Editor

Related News