ਈਰਾਨ-ਅਮਰੀਕਾ ਜੰਗਬੰਦੀ ਤੋਂ ਬਾਅਦ ਬਾਸਮਤੀ ਨਿਰਯਾਤ ਨੂੰ ਮਿਲੇਗੀ ਨਵੀਂ ਰਫ਼ਤਾਰ
Wednesday, Jun 17, 2026 - 12:03 PM (IST)
ਚੰਡੀਗੜ੍ਹ : ਅਮਰੀਕਾ ਅਤੇ ਈਰਾਨ ਵਿਚਾਲੇ ਹੋਏ ਜੰਗਬੰਦੀ ਸਮਝੌਤੇ ਨਾਲ ਬਾਸਮਤੀ ਚੌਲਾਂ ਦੇ ਨਿਰਯਾਤਕਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਚੱਲ ਰਹੀ ਜੰਗ ਕਾਰਨ ਬਾਸਮਤੀ ਦਾ ਨਿਰਯਾਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ, ਪਰ ਹੁਣ ਹਾਲਾਤ ਸੁਧਰਨ ਦੀ ਆਸ ਜਾਗੀ ਹੈ। ਨਿਰਯਾਤਕਾਂ ਅਨੁਸਾਰ ਜੰਗਬੰਦੀ ਤੋਂ ਬਾਅਦ ਹੁਣ ਰੁਕਿਆ ਹੋਇਆ ਨਿਰਯਾਤ ਦੁਬਾਰਾ ਤੇਜ਼ੀ ਫੜ੍ਹੇਗਾ। ਜੰਗ ਦੇ ਕਾਰਨ ਪਿਛਲੇ ਕੁੱਝ ਮਹੀਨਿਆਂ 'ਚ ਬਾਸਮਤੀ ਨਿਰਯਾਤਕਾਂ ਨੂੰ ਲਗਭਗ 500 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਝੱਲਣਾ ਪਿਆ ਹੈ।
ਜੰਗ ਸ਼ੁਰੂ ਹੁੰਦਿਆਂ ਹੀ ਈਰਾਨ ਨੇ ਹੋਰਮੁਜ਼ ਜਲਡਮਰੂਮੱਧ (Strait of Hormuz) ਸਮੁੰਦਰੀ ਮਾਰਗ ਬੰਦ ਕਰ ਦਿੱਤਾ ਸੀ, ਜਿਸ ਕਾਰਨ ਦੇਸ਼ ਤੋਂ ਹੋਣ ਵਾਲਾ ਮਹੀਨਾਵਾਰ 5 ਲੱਖ ਟਨ ਦਾ ਨਿਰਯਾਤ ਘਟ ਕੇ ਸਿਰਫ਼ 2 ਲੱਖ ਟਨ ਤੱਕ ਸਿਮਟ ਗਿਆ ਸੀ। ਸਮੁੰਦਰੀ ਰਸਤੇ ਬੰਦ ਹੋਣ ਕਾਰਨ ਲਗਭਗ 10 ਲੱਖ ਟਨ ਬਾਸਮਤੀ ਗੁਜਰਾਤ ਅਤੇ ਈਰਾਨ ਦੀਆਂ ਬੰਦਰਗਾਹਾਂ 'ਤੇ ਅਟਕੀ ਹੋਈ ਹੈ। ਪੰਜਾਬ ਬਾਸਮਤੀ ਮਿਲਰਜ਼ ਐਂਡ ਐਕਸਪੋਰਟ ਐਸੋਸੀਏਸ਼ਨ ਅਨੁਸਾਰ ਬਦਲਵੇਂ ਮਾਰਗਾਂ ਦੀ ਵਰਤੋਂ ਕਾਰਨ ਢੋਆ-ਢੁਆਈ (ਦੀ ਲਾਗਤ ਸੱਤ ਗੁਣਾ ਵੱਧ ਗਈ ਸੀ। ਪਹਿਲਾਂ ਪ੍ਰਤੀ ਕੰਟੇਨਰ ਲਾਗਤ 400 ਡਾਲਰ ਸੀ, ਜੋ ਵੱਧ ਕੇ 3,000 ਡਾਲਰ ਤੱਕ ਪਹੁੰਚ ਗਈ।
ਇਸ ਸਥਿਤੀ ਨੂੰ ਆਮ ਹੋਣ ਵਿੱਚ ਅਜੇ ਇੱਕ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਭਾਰਤ ਦੇ ਕੁੱਲ ਬਾਸਮਤੀ ਨਿਰਯਾਤ 'ਚ ਪੰਜਾਬ ਦੀ ਹਿੱਸੇਦਾਰੀ 30 ਤੋਂ 40 ਫ਼ੀਸਦੀ ਹੈ, ਜਿਸ ਕਾਰਨ ਪੰਜਾਬ ਦੇ ਨਿਰਯਾਤਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਭਾਰਤ ਆਪਣੀ ਕੁੱਲ ਬਾਸਮਤੀ ਦਾ 25 ਫ਼ੀਸਦੀ ਈਰਾਨ ਅਤੇ 20 ਫ਼ੀਸਦੀ ਇਰਾਕ ਨੂੰ ਭੇਜਦਾ ਹੈ। ਹੁਣ ਜੰਗਬੰਦੀ ਤੋਂ ਬਾਅਦ ਈਰਾਨ, ਸਾਊਦੀ ਅਰਬ, ਇਰਾਕ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਖਾੜੀ ਦੇਸ਼ਾਂ ਲਈ ਲੰਬਿਤ ਪਏ ਆਰਡਰਾਂ ਦੀ ਸਪਲਾਈ ਜਲਦੀ ਹੀ ਸ਼ੁਰੂ ਹੋ ਜਾਵੇਗੀ।
