ਚਰਿੱਤਰ ''ਤੇ ਸ਼ੱਕ ਦੇ ਚਲਦੇ ਪਤਨੀ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ
Tuesday, Mar 17, 2020 - 04:32 PM (IST)
ਲੁਧਿਆਣਾ (ਮਹੇਸ਼) : ਥਾਣਾ ਸਦਰ ਅਧੀਨ ਆਉਂਦੇ ਪਾਲਮ ਵਿਹਾਰ ਦਾ ਇਲਾਕੇ 'ਚ 30 ਸਾਲਾ ਇਕ ਔਰਤ ਬੇਰਹਿਮੀ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਹੱਤਿਆ ਦਾ ਦੋਸ਼ ਮਿਤਕਾ ਤਾਰਾ ਦੇਵੀ ਦੇ ਪਤੀ ਵਿਜੇ ਪ੍ਰਕਾਸ਼ 'ਤੇ ਲੱਗਾ ਹੈ। ਘਟਨਾ ਦੇ ਬਾਅਦ ਤੋਂ ਉਹ ਫਰਾਰ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਸੀ। ਘਟਨਾ ਦਾ ਪਤਾ ਸੋਮਵਾਰ ਨੂੰ ਚੱਲਿਆ ਜਦੋਂ ਆਸ-ਪਾਸ ਦੇ ਲੋਕਾਂ ਨੇ ਤਾਰਾ ਦੇਵੀ ਦੀ ਲਾਸ਼ ਨੂੰ ਦੇਖਿਆ। ਉਸ ਦੇ ਸਰੀਰ 'ਤੇ ਕੁੱਟ-ਮਾਰ ਕੇ ਨਿਸ਼ਾਨ ਸਨ। ਲੋਕਾਂ ਨੇ ਤਤਕਾਲ ਪੁਲਸ ਨੂੰ ਸੂਚਿਤ ਕੀਤਾ। ਤਾਰਾ ਦੇਵੀ ਆਪਣੇ ਪਤੀ ਦੇ ਨਾਲ ਇਕ ਐੱਨ. ਆਰ. ਆਈ. ਦੀ ਕੋਠੀ 'ਚ ਰਹਿੰਦੀ ਸੀ, ਜਿਸ ਦੀ ਦੇਖ-ਰੇਖ ਦਾ ਜਿੰਮਾ ਉਨ੍ਹਾਂ 'ਤੇ ਸੀ।
ਇਹ ਵੀ ਪੜ੍ਹੋ : ਬਠਿੰਡਾ : ਬੱਚੀ ਦਾ ਗਲ ਘੁੱਟ ਕੇ ਕਤਲ ਕਰਨ ਦੇ ਮਾਮਲੇ 'ਚ ਵੱਡਾ ਖੁਲਾਸਾ
ਥਾਣਾ ਇੰਚਾਰਜ ਇੰਸਪੈਕਟਰ ਜਗਦੇਵ ਸਿੰਘ, ਲਲਤੋਂ ਚੌਕ ਇੰਚਾਰਜ ਹਰਮੇਸ਼ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜੇ। ਲਾਸ਼ ਦੀ ਰਜਿਸਟ੍ਰੇਸ਼ਨ ਕਰ ਕੇ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਜਗਦੇਵ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਤਾਰਾ ਦੇਵੀ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਸੀ ਜਦੋਂਕਿ ਵਿਜੇ ਲੋਕਾਂ ਦੀਆਂ ਗੱਡੀਆਂ ਸਾਫ ਕਰਦਾ ਸੀ। ਉਸ ਨੂੰ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਸੀ, ਉਸ ਨੂੰ ਲੱਗਦਾ ਸੀ ਕਿ ਉਸ ਦੀ ਪਤਨੀ ਦੇ ਕਿਸੇ ਨਾਲ ਨਾਜਾਇਜ਼ ਸੰਬੰਧ ਹਨ। ਇਸ ਨੂੰ ਲੈ ਕੇ ਉਹ ਪਤਨੀ ਨਾਲ ਅਕਸਰ ਝਗੜਾ ਰਹਿੰਦਾ ਸੀ। ਬੀਤੇ ਦਿਨੀਂ ਵੀ ਇਸ ਗੱਲ ਨੂੰ ਲੈ ਦੋਵਾਂ 'ਚ ਇਕ ਵਾਰ ਫਿਰ ਝਗੜਾ ਹੋਇਆ। ਤੈਸ਼ 'ਚ ਆ ਕੇ ਵਿਜੇ ਨੇ ਤਾਰਾ ਨੂੰ ਇੰਨਾ ਬੇਰਹਿਮੀ ਨਾਲ ਕੁੱਟਿਆ ਕਿ ਉਸ ਦੀ ਮੌਤ ਹੋ ਗਈ ਅਤੇ ਉਹ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਮੁਲ ਰੂਪ ਤੋਂ ਉਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ। ਉਸ ਦੇ ਪਰਿਵਾਰ ਨੂੰ ਖਬਰ ਕਰ ਦਿੱਤੀ ਗਈ ਹੈ। ਮੁਲਜ਼ਮ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਹ ਪੁਲਸ ਦੀ ਗ੍ਰਿਫਤ 'ਚ ਹੋਵੇਗਾ।
ਇਹ ਵੀ ਪੜ੍ਹੋ : ਲੁਧਿਆਣਾ : ਖੇਡ ਮੈਦਾਨਾਂ 'ਚ ਵੀ ਦਿਸਿਆ ਕੋਰੋਨਾ ਵਾਇਰਸ ਦਾ ਡਰ