ਚਾਕੂਆਂ ਨਾਲ ਪਤਨੀ ਨੂੰ ਵਿੰਨ੍ਹ ਪਤੀ ਨੇ ਕੀਤੀ ਖੁਦਕੁਸ਼ੀ

Wednesday, Dec 19, 2018 - 07:14 PM (IST)

ਚਾਕੂਆਂ ਨਾਲ ਪਤਨੀ ਨੂੰ ਵਿੰਨ੍ਹ ਪਤੀ ਨੇ ਕੀਤੀ ਖੁਦਕੁਸ਼ੀ

ਦੋਰਾਹਾ (ਜ. ਬ.) : ਪਿੰਡ ਅੜ੍ਹੈਚਾਂ ਵਿਖੇ ਅੱਜ ਸਵੇਰੇ ਇਕ ਪਤੀ ਵਲੋਂ ਆਪਣੀ ਪਤਨੀ ਦੇ ਪੇਟ 'ਚ ਚਾਕੂ ਨਾਲ ਹਮਲਾ ਕਰ ਕੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਗਿਆ। ਪਤਨੀ 'ਤੇ ਹਮਲਾ ਕਰਨ ਤੋਂ ਬਾਅਦ ਪਤੀ ਘਰੋਂ ਫਰਾਰ ਹੋ ਗਿਆ, ਜਿਸ ਨੇ ਕੁਝ ਸਮੇਂ ਬਾਅਦ ਟਰੇਨ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਜ਼ਖ਼ਮੀ ਔਰਤ ਦੀ ਪਛਾਣ ਵਰਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਪਿੰਡ ਅੜ੍ਹੈਚਾਂ ਥਾਣਾ ਦੋਰਾਹਾ ਵਜੋਂ ਹੋਈ ਹੈ। ਥਾਣਾ ਦੋਰਾਹਾ ਦੇ ਐੱਸ. ਐੱਚ. ਓ. ਹਰਦੀਪ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਸਬੰਧੀ ਦਿੱਤੇ ਗਏ ਬਿਆਨਾਂ 'ਚ ਜ਼ਖਮੀ ਵਰਿੰਦਰ ਕੌਰ ਦੇ ਭਾਣਜੇ ਰਮਨਦੀਪ ਸਿੰਘ ਉਰਫ ਵਿਸਕੀ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਅੜ੍ਹੈਚਾਂ ਨੇ ਦੱਸਿਆ ਕਿ ਵਰਿੰਦਰ ਕੌਰ ਦਾ ਪਤੀ ਸੁਖਵਿੰਦਰ ਸਿੰਘ ਨਸ਼ੇ ਦਾ ਆਦੀ ਸੀ ਜੋ ਅਕਸਰ ਉਸ ਦੀ ਮਾਸੀ ਨਾਲ ਲੜਾਈ-ਝਗੜਾ ਕਰਦਾ ਰਹਿੰਦਾ ਸੀ। 
ਬੁੱਧਵਾਰ ਸਵੇਰੇ 8 ਵਜੇ ਦੇ ਕਰੀਬ ਉਸ ਦੀ ਮਾਸੀ ਨੇ ਫੋਨ ਕਰਕੇ ਦੱਸਿਆ ਕਿ ਸੁਖਵਿੰਦਰ ਉਸ ਨਾਲ ਕੁੱਟ-ਮਾਰ ਕਰ ਰਿਹਾ ਹੈ, ਜਿਸ 'ਤੇ ਜਦੋਂ ਉਸ ਨੇ ਘਰ ਜਾ ਕੇ ਦੇਖਿਆ ਤਾਂ ਉਸ ਦੀ ਮਾਸੀ ਵਰਿੰਦਰ ਕੌਰ ਆਪਣੇ ਕਮਰੇ 'ਚ ਖੂਨ ਨਾਲ ਲੱਥਪੱਥ ਬੇਹੋਸ਼ ਪਈ ਸੀ, ਜਿਸ ਦੇ ਪੇਟ ਅਤੇ ਸਰੀਰ 'ਤੇ ਕਿਸੇ ਤਿੱਖੀ ਚੀਜ਼ ਦੇ ਡੂੰਘੇ ਜ਼ਖਮ ਹੋਏ ਸਨ, ਜਿਸ ਨੂੰ ਤੁਰੰਤ ਇਲਾਜ ਲਈ ਦੋਰਾਹਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਜ਼ਖ਼ਮੀ ਵਰਿੰਦਰ ਕੌਰ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਰਮਨਦੀਪ ਸਿੰਘ ਦੇ ਬਿਆਨਾਂ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। 
੍ਰਉਧਰ ਦੂਜੇ ਪਾਸੇ ਪਤਨੀ ਨੂੰ ਜ਼ਖਮੀ ਕਰਨ ਤੋਂ ਬਾਅਦ ਮ੍ਰਿਤਕ ਸਮਝਦੇ ਹੋਏ ਦੋਸ਼ੀ ਸੁਖਵਿੰਦਰ ਸਿੰਘ ਵਲੋਂ ਖੁਦ ਰੇਲਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੇ ਦੋਰਾਹਾ ਰਾਮਪੁਰ ਅੰਡਰਬ੍ਰਿਜ ਤੋਂ ਇਕ ਕਿਲੋਮੀਟਰ ਅੱਗੇ ਰੇਲਗੱਡੀ ਹੇਠਾਂ ਆ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਤੋਂ ਇਲਾਵਾ ਦੋ ਬੇਟੇ ਅਤੇ ਇਕ ਬੇਟੀ ਛੱਡ ਗਿਆ ਹੈ। ਰੇਲਵੇ ਪੁਲਸ ਦੋਰਾਹਾ ਵਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈਣ ਤੋਂ ਬਾਅਦ ਅੱਗੇ ਕਾਰਵਾਈ ਆਰੰਭ ਕਰ ਦਿੱਤੀ ਹੈ।


author

Gurminder Singh

Content Editor

Related News