ਪਤਨੀ ਦੀ ਪੈੜ ਦੱਬਦਾ ਹੋਟਲ ਦੇ ਕਮਰੇ ’ਚ ਜਾ ਪਹੁੰਚਿਆ ਪਤੀ, ਜਦੋਂ ਦੇਖਿਆ ਤਾਂ ਉੱਡ ਗਏ ਹੋਸ਼

Saturday, Feb 24, 2024 - 02:35 PM (IST)

ਪਤਨੀ ਦੀ ਪੈੜ ਦੱਬਦਾ ਹੋਟਲ ਦੇ ਕਮਰੇ ’ਚ ਜਾ ਪਹੁੰਚਿਆ ਪਤੀ, ਜਦੋਂ ਦੇਖਿਆ ਤਾਂ ਉੱਡ ਗਏ ਹੋਸ਼

ਲੁਧਿਆਣਾ (ਅਨਿਲ) : ਅੱਜ ਤੱਕ ਜ਼ਿਆਦਾਤਰ ਇਹੀ ਦੇਖਿਆ ਗਿਆ ਹੈ ਕਿ ਪਤਨੀ ਵੱਲੋਂ ਪਤੀ ਨੂੰ ਬਾਹਰੀ ਲੜਕੀਆਂ ਨਾਲ ਫੜਿਆ ਜਾਂਦਾ ਹੈ ਪਰ ਬੀਤੇ ਦਿਨੀਂ ਥਾਣਾ ਜੋਧੇਵਾਲ ਦੇ ਅਧੀਨ ਆਉਂਦੀ ਕਾਲੀ ਸੜਕ ਕੋਲ ਇਕ ਪਤੀ ਨੇ ਆਪਣੀ ਪਤਨੀ ਨੂੰ ਇਕ ਹੋਟਲ ਦੇ ਕਮਰੇ ’ਚੋਂ ਉਸ ਦੇ ਦੋਸਤ ਨਾਲ ਫੜ ਲਿਆ, ਜਿਸ ਤੋਂ ਬਾਅਦ ਹੋਟਲ ਦੇ ਕਮਰੇ ’ਚ ਪਤੀ-ਪਤਨੀ ਅਤੇ ਉਸ ਦੇ ਦੋਸਤ ਵਿਚਕਾਰ ਪਹਿਲਾਂ ਬਹਿਸ ਤੇ ਫਿਰ ਹੱਥੋਪਾਈ ਤੱਕ ਹੋਣੀ ਸ਼ੁਰੂ ਹੋ ਗਈ। ਪਤੀ ਮੌਕੇ ’ਤੇ ਆਪਣੇ ਪਰਿਵਾਰ ਦੇ ਅੱਧਾ ਦਰਜਨ ਦੇ ਕਰੀਬ ਰਿਸ਼ਤੇਦਾਰਾਂ ਨਾਲ ਪੁੱਜਾ ਸੀ, ਜਿਸ ਤੋਂ ਬਾਅਦ ਪਤੀ ਨੇ ਮੌਕੇ ’ਤੇ ਪਹਿਲਾਂ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਥਾਣਾ ਜੋਧੇਵਾਲ ਦੀ ਪੁਲਸ ਹੋਟਲ ਪੁੱਜੀ ਅਤੇ ਦੋਵੇਂ ਧਿਰਾਂ ਦੀਆਂ ਸਾਰੀਆਂ ਗੱਲਾਂ ਸੁਣੀਆਂ। ਇੱਥੇ ਪਤੀ-ਪਤਨੀ ਨੇ ਇਕ-ਦੂਜੇ ’ਤੇ ਗੰਭੀਰ ਦੋਸ਼ ਲਾਏ।

ਕਰੀਬ 3 ਘੰਟਿਆਂ ਤੱਕ ਹੋਟਲ ਦੇ ਬਾਹਰ ਕਾਫੀ ਹੰਗਾਮਾ ਹੁੰਦਾ ਰਿਹਾ। ਪਤੀ ਨੇ ਮੌਕੇ ’ਤੇ ਪਤਨੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ। ਪਤੀ ਨੇ ਦੱਸਿਆ ਕਿ ਉਸ ਦਾ ਵਿਆਹ 1 ਸਾਲ ਪਹਿਲਾਂ ਹੋਇਆ ਸੀ ਪਰ ਉਸ ਦੀ ਪਤਨੀ ਉਸ ਨਾਲ ਝਗੜਾ ਕਰ ਕੇ ਪਿਛਲੇ 8 ਮਹੀਨਿਆਂ ਤੋਂ ਆਪਣੇ ਪੇਕੇ ਘਰ ’ਚ ਰਹਿ ਰਹੀ ਹੈ। ਅੱਜ ਉਸ ਨੂੰ ਕਿਸੇ ਨੇ ਦੱਸਿਆ ਕਿ ਉਸ ਦੀ ਪਤਨੀ ਹੋਟਲ ’ਚ ਇਕ ਲੜਕੇ ਨਾਲ ਆਈ ਹੈ, ਜਿਸ ਤੋਂ ਬਾਅਦ ਉਹ ਆਪਣੇ ਪਰਿਵਾਰ ਦੇ ਨਾਲ ਪੁੱਜ ਗਿਆ ਅਤੇ ਹੋਟਲ ਦੇ ਕਮਰੇ ’ਚ ਪਤਨੀ ਅਤੇ ਉਸ ਦੇ ਦੋਸਤ ਨੂੰ ਦਬੋਚ ਲਿਆ। ਜਦੋਂਕਿ ਪਤਨੀ ਦਾ ਕਹਿਣਾ ਸੀ ਕਿ ਉਹ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਹੋਟਲ ਵਿਚ ਆਈ ਹੈ। ਇਸ ਸਬੰਧੀ ਜਦੋਂ ਥਾਣਾ ਮੁਖੀ ਪਰਮਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਕੋਈ ਵਿਅਕਤੀ ਆਪਣੀ ਸਹਿਮਤੀ ਨਾਲ ਕਿਤੇ ਵੀ ਜਾ ਸਕਦਾ ਹੈ। ਜੇਕਰ ਕੋਈ ਜ਼ਬਰਦਸਤੀ ਲੈ ਕੇ ਜਾਵੇ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 


author

Gurminder Singh

Content Editor

Related News