ਭਰਾ ਤੋਂ ਦੁਖੀ ਵਿਧਵਾ ਔਰਤ ਗਲੇ 'ਚ ਦਰਖਾਸਤਾਂ ਪਾ ਕੇ ਗਲੀ-ਮੁਹੱਲੇ ਘੁੰਮਣ ਲਈ ਹੋਈ ਮਜਬੂਰ

Sunday, Nov 24, 2019 - 01:05 PM (IST)

ਭਰਾ ਤੋਂ ਦੁਖੀ ਵਿਧਵਾ ਔਰਤ ਗਲੇ 'ਚ ਦਰਖਾਸਤਾਂ ਪਾ ਕੇ ਗਲੀ-ਮੁਹੱਲੇ ਘੁੰਮਣ ਲਈ ਹੋਈ ਮਜਬੂਰ

ਮੁਕੇਰੀਆਂ (ਨਾਗਲਾ)— ਆਪਣੇ ਹੀ ਭਰਾ ਤੋਂ ਦੁਖੀ ਵਿਧਵਾ ਔਰਤ ਨੇ ਕਾਰਵਾਈ ਲਈ ਦਿੱਤੀਆਂ ਦਰਖਾਸਤਾਂ ਨੂੰ ਗਲੇ 'ਚ ਪਾ ਕੇ ਗਲੀ-ਮੁਹੱਲੇ 'ਚ ਘੁੰਮਣਾ ਸ਼ੁਰੂ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਰ ਵਿਧਵਾ ਔਰਤ ਸ਼ਸ਼ੀ ਕਲਾ ਪੁੱਤਰੀ ਮਦਨ ਗੋਪਾਲ ਖੁੱਲਰ ਨਿਵਾਸੀ ਮੁਹੱਲਾ ਖੁੱਲਰਾਂ ਨੂੰ ਉਸ ਦਾ ਭਰਾ ਤੰਗ ਪਰੇਸ਼ਾਨ ਕਰਦਾ ਸੀ। ਇਸੇ ਸਬੰਧੀ ਉਸ ਨੇ ਦਰਖਾਸਤ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਸੀ। ਪੁਲਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਤੋਂ ਦੁਖੀ ਹੋ ਕੇ ਦਿੱਤੀਆਂ ਗਈਆਂ ਦਰਖਾਸਤਾਂ ਆਪਣੇ ਗਲੇ ਵਿੱਚ ਪਾ ਕੇ ਗਲੀ-ਮੁਹੱਲੇ 'ਚ ਘੁੰਮਣਾ ਸ਼ੁਰੂ ਕਰ ਦਿੱਤਾ ਹੈ। ਤਾਂ ਜੋ ਉਹ ਲੋਕਾਂ 'ਚ ਇਹ ਦੱਸ ਸਕੇ ਕਿ ਗੂੰਗੀ-ਬਹਿਰੀ ਸਰਕਾਰ ਦੇ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਗੂੰਗੇ ਬਹਿਰੇ ਬਣ ਚੁੱਕੇ ਹਨ।

ਪੀੜਤਾ ਸ਼ਸ਼ੀ ਕਲਾ ਨੇ ਆਪਣੇ ਭਰਾ-ਭਾਬੀ 'ਤੇ ਦੋਸ਼ ਲਾਉਂਦੇ ਕਿਹਾ ਕਿ ਉਹ ਮੈਨੂੰ ਕਈ ਵਰ੍ਹਿਆਂ ਤੋਂ ਜਿੱਥੇ ਤੰਗ-ਪਰੇਸ਼ਾਨ ਕਰ ਰਹੇ ਹਨ, ਉੱਥੇ ਹੀ ਉਨ੍ਹਾਂ 17 ਨਵੰਬਰ ਨੂੰ ਮੇਰੇ ਘਰ ਦੀ ਕੰਧ ਤੋੜ ਕੇ ਮੇਰੇ ਘਰ 'ਤੇ ਕਬਜ਼ਾ ਕਰ ਲਿਆ ਅਤੇ ਸਾਮਾਨ ਨੂੰ ਖੁਰਦ-ਬੁਰਦ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਮੈਂ ਇਸ ਸਬੰਧ 'ਚ ਐੱਸ. ਐੱਸ. ਪੀ. ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਦਰਖਾਸਤ ਦਿੱਤੀ ਪਰ ਅੱਜ ਤੱਕ ਮੇਰੀ ਕਿਤੇ ਵੀ ਸੁਣਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ ਕਿ ਰਾਜਨੀਤਕ ਦਬਾਅ ਕਾਰਨ ਉਹ ਗਲੀ-ਮੁਹੱਲੇ ਧੱਕੇ ਖਾਣ ਨੂੰ ਮਜਬੂਰ ਹੋ ਗਈ ਹੈ। ਉਸ ਨੇ ਇਸ ਸਬੰਧ 'ਚ ਆਪਣੀ ਬਣਾਈ ਗਈ ਵੀਡੀਓ ਵਾਇਰਲ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਉਹ ਇਸ ਦੌਰਾਨ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਪੁਲਸ-ਪ੍ਰਸ਼ਾਸਨ ਦੀ ਹੋਵੇਗੀ। ਉਸ ਨੇ ਪੰਜਾਬ ਸਰਕਾਰ ਤੋਂ ਸਵਾਲ ਕਰਦੇ ਹੋਏ ਕਿਹਾ ਕਿ ਲਾਚਾਰ ਅਤੇ ਬੇਸਹਾਰਾ ਔਰਤ ਦੀ ਕਿਤੇ ਵੀ ਸੁਣਵਾਈ ਨਹੀਂ ਹੋਵੇਗੀ?

ਇਥੇ ਵਰਨਣਯੋਗ ਹੈ ਕਿ ਸਥਾਨਕ ਵਿਧਾਇਕ ਦੇ ਨਾਲ-ਨਾਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਇਕ ਔਰਤ ਹੀ ਹੈ, ਇਸ ਦੇ ਬਾਵਜੂਦ ਲਾਚਾਰ ਔਰਤ ਦੀ ਸੁਣਵਾਈ ਨਾ ਹੋਣਾ ਇਲਾਕੇ 'ਚ ਲਗਾਤਾਰ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਸਬੰਧ 'ਚ ਜਦੋਂ ਡੀ. ਐੱਸ. ਪੀ. ਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਉਹ ਜਲਦ ਹੀ ਜਾਂਚ ਉਪਰੰਤ ਐੱਫ. ਆਈ. ਆਰ. ਦਰਜ ਕਰਨਗੇ।


author

shivani attri

Content Editor

Related News