26 ਸਾਲ ਪਹਿਲਾਂ ਵਿਧਵਾ ਹੋਈ ਔਰਤ ਦੀ ਤੇਜ਼ੀ ਨਾਲ ਵਾਇਰਲ ਹੋਣ ਲੱਗੀ ਵੀਡੀਓ, ਜਾਣੋ ਅਚਾਨਕ ਅਜਿਹਾ ਕੀ ਹੋਇਆ
Thursday, Jun 29, 2023 - 12:03 PM (IST)
ਲੁਧਿਆਣਾ (ਖੁਰਾਣਾ) : ਕਰੀਬ 26 ਸਾਲ ਪਹਿਲਾਂ ਵਿਧਵਾ ਹੋਈ ਔਰਤ ਦਾ ਰਾਸ਼ਨ ਕਾਰਡ ਕੱਟੇ ਜਾਣ ਕਾਰਨ ਉਸ ਦੇ ਹੰਝੂ ਛਲਕ ਉੱਠੇ। ਔਰਤ ਨੇ ਦੱਸਿਆ ਕਿ ਜਗ੍ਹਾ-ਜਗ੍ਹਾ ਧੱਕੇ ਖਾਣ ਤੋਂ ਬਾਅਦ ਵੀ ਉਨ੍ਹਾਂ ਨੂੰ ਰਾਸ਼ਨ ਕਾਰਡ ਦਾ ਲਾਭ ਨਹੀਂ ਮਿਲ ਸਕਿਆ। ਅਜਿਹੀ ਹੀ ਇਕ ਵੀਡੀਓ ਕਲਿੱਪ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਆਮ ਲੋਕਾਂ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ 'ਚ ਬੀਤੇ ਮੰਗਲਵਾਰ ਨੂੰ ਪੀੜਤ ਪਰਿਵਾਰਾਂ ਦੀਆਂ ਔਰਤਾਂ ਵਲੋਂ ਵਿਰੋਧੀ ਦਲ ਦੇ ਕਾਂਗਰਸੀ ਨੇਤਾਵਾਂ ਦੀ ਅਗਵਾਈ ’ਚ ਜਗ੍ਹਾ-ਜਗ੍ਹਾ ਕੀਤੇ ਪ੍ਰਦਰਸ਼ਨ ਦੌਰਾਨ ਔਰਤ ਨੇ ਵਿਭਾਗੀ ਅਧਿਕਾਰੀਆਂ ਖ਼ਿਲਾਫ਼ ਦੋਸ਼ ਲਾਏ ਹਨ। ਉਹ ਲੋਕਾਂ ਦੇ ਘਰ ਭਾਂਡੇ ਮਾਂਜ ਕੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ ਅਤੇ ਜਦੋਂ ਉਹ ਕਣਕ ਦਾ ਲਾਭ ਲੈਣ ਲਈ ਰਾਸ਼ਨ ਡਿਪੂ ਪੁੱਜੀ ਤਾਂ ਉਸ ਨੂੰ ਸਾਫ਼ ਤੌਰ ’ਤੇ ਜਵਾਬ ਦੇ ਦਿੱਤਾ ਗਿਆ ਕਿ ਉਸ ਦਾ ਰਾਸ਼ਨ ਕਾਰਡ ਕੱਟ ਦਿੱਤਾ ਗਿਆ ਹੈ ਅਤੇ ਹੁਣ ਉਸ ਨੂੰ ਇਹ ਲਾਭ ਨਹੀਂ ਮਿਲੇਗਾ। ਔਰਤ ਦਾ ਦੋਸ਼ ਹੈ ਕਿ ਉਹ ਪਰਿਵਾਰ ’ਚ ਆਪਣੇ ਪੁੱਤਰ ਨਾਲ ਰਹਿੰਦੀ ਹੈ ਅਤੇ ਘਰ ਦੇ ਹਾਲਾਤ ਬਹੁਤ ਮਾੜੇ ਹਨ।
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋਣ 'ਚ ਰਹਿ ਗਏ ਥੋੜ੍ਹੇ ਦਿਨ, ਸਕੂਲਾਂ ਨੂੰ ਜਾਰੀ ਹੋਏ ਖ਼ਾਸ ਹੁਕਮ
ਇਸ ਦੌਰਾਨ ਮੌਕੇ ’ਤੇ ਮੌਜੂਦ ਹੋਰ ਔਰਤਾਂ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਸਰਕਾਰੀ ਨੌਕਰੀ ਕਰਦੇ ਹਨ ਅਤੇ ਆਲੀਸ਼ਾਨ ਕੋਠੀਆਂ ਸਮੇਤ ਬੇਸ਼ਕੀਮਤੀ ਗੱਡੀਆਂ ’ਚ ਐਸ਼ ਦੀ ਜ਼ਿੰਦਗੀ ਜੀਅ ਰਹੇ ਹਨ, ਉਨ੍ਹਾਂ ਦੇ ਰਾਸ਼ਨ ਕਾਰਡ ਨਹੀਂ ਕੱਟੇ ਗਏ, ਜਦੋਂ ਕਿ ਗਰੀਬ ਪਰਿਵਾਰਾਂ ਨੂੰ ਇਸ ਯੋਜਨਾ ਤੋਂ ਪੂਰੀ ਤਰ੍ਹਾਂ ਵਾਂਝਾ ਕਰ ਦਿੱਤਾ ਗਿਆ ਹੈ। ਔਰਤਾਂ ਨੇ ਕਿਹਾ ਕਿ ਡਿਪੂ ਹੋਲਡਰ, ਸਥਾਨਕ ਨੇਤਾ, ਖ਼ੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਅਤੇ ਮੁਲਾਜ਼ਮ ਇਸ ਗੱਲ ਦਾ ਜਵਾਬ ਦੇਣ ਲਈ ਤਿਆਰ ਨਹੀਂ ਕਿ ਉਨ੍ਹਾਂ ਦੇ ਰਾਸ਼ਨ ਕਾਰਡ ਕਿਨ੍ਹਾਂ ਕਾਰਨਾਂ ਕਰ ਕੇ ਰੱਦ ਕੀਤੇ ਗਏ ਹਨ। ਇਨ੍ਹਾਂ ’ਚ ਅਜਿਹੇ ਪਰਿਵਾਰ ਵੀ ਹਨ, ਜੋ ਦਿਨ ਭਰ ਮਿਹਨਤ-ਮਜ਼ਦੂਰੀ ਕਰਨ ਦੇ ਬਾਵਜੂਦ ਮੁਸ਼ਕਲ ਨਾਲ ਦੋ ਵੇਲੇ ਦੀ ਰੋਟੀ ਦਾ ਪ੍ਰਬੰਧ ਕਰ ਪਾਉਂਦੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਯੋਜਨਾ ਨਾਲ ਜੁੜੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੇ ਰਾਸ਼ਨ ਕਾਰਡ ਬਹਾਲ ਕਰ ਕੇ ਪਰਿਵਾਰਾਂ ਨੂੰ ਰਾਹਤ ਦਿੱਤੀ ਜਾਵੇ।
ਇਹ ਵੀ ਪੜ੍ਹੋ : ਕਰੋੜਾਂ ਦਾ ਬੀਮਾ ਲੈਣ ਲਈ ਕੀਤਾ ਦਿਲ ਦਹਿਲਾ ਦੇਣ ਵਾਲਾ ਕਾਰਾ, ਫਿਲਮੀ ਸਟਾਈਲ 'ਚ ਖੇਡਿਆ ਖ਼ੌਫ਼ਨਾਕ ਖੇਡ
ਅਪਾਹਜਾਂ ਤੱਕ ਦੇ ਰਾਸ਼ਨ ਕਾਰਡ ਵੀ ਕੱਟ ਦਿੱਤੇ ਗਏ : ਪ੍ਰਧਾਨ ਅੜੈਚਾ
ਆਲ ਇੰਡੀਆ ਫੇਅਰ ਪ੍ਰਾਇਜ਼ ਫੈੱਡਰੇਸ਼ਨ ਦੇ ਪੰਜਾਬ ਪ੍ਰਧਾਨ ਕਰਮਜੀਤ ਸਿੰਘ ਅੜੈਚਾ ਨੇ ਕਿਹਾ ਕਿ ਵਿਧਵਾ ਔਰਤਾਂ ਨਾਲ ਹੀ ਬਹੁਤ ਸਾਰੇ ਅਪਾਹਜ ਜੋ ਚੱਲਣ ਤੋਂ ਲਾਚਾਰ ਹਨ, ਤੱਕ ਦੇ ਰਾਸ਼ਨ ਕਾਰਡ ਰੀ-ਵੈਰੀਫਿਕੇਸ਼ਨ ਦੌਰਾਨ ਕੱਟ ਦਿੱਤੇ ਗਏ ਹਨ। ਪ੍ਰਧਾਨ ਨੇ ਕਿਹਾ ਕਿ ਵੱਡੀ ਗਿਣਤੀ ’ਚ ਗਰੀਬ ਤੇ ਲੋੜਵੰਦ ਪਰਿਵਾਰ ਰਾਸ਼ਨ ਡਿਪੂਆਂ, ਵਿਭਾਗੀ ਦਫਤਰਾਂ ਸਮੇਤ ਇੱਧਰ-ਉੱਧਰ ਠੋਕਰਾਂ ਖਾਣ ਲਈ ਮਜਬੂਰ ਹਨ ਪਰ ਰਾਸ਼ਨ ਕਾਰਡ ਕੱਟੇ ਜਾਣ ਕਰਨ ਉਨ੍ਹਾਂ ਨੂੰ ਅਨਾਜ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਯੋਜਨਾ ਦੇ ਅਸਲ ਹੱਕਦਾਰ ਪਰਿਵਾਰਾਂ ਦੇ ਰਾਸ਼ਨ ਕਾਰਡ ਮੁੜ ਬਹਾਲ ਕਰਨੇ ਚਾਹੀਦੇ ਹਨ।
ਕਿਸੇ ਵੀ ਯੋਗ ਪਰਿਵਾਰ ਨੂੰ ਭੁੱਖੇ ਪੇਟ ਨਹੀਂ ਸੌਣ ਦਿੱਤਾ ਜਾਵੇਗਾ : ਵਿਧਾਇਕ ਗੋਗੀ
ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਯੋਜਨਾ ਨਾਲ ਜੁੜੇ ਕਿਸੇ ਵੀ ਯੋਗ ਪਰਿਵਾਰ ਨੂੰ ਭੁੱਖੇ ਪੇਟ ਨਹੀਂ ਸੌਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵਤ ਸਿੰਘ ਮਾਨ ਵਲੋਂ ਉਕਤ ਮਾਮਲੇ ਨੂੰ ਲੈ ਕੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਦੋ-ਟੁਕ ਲਫਜ਼ਾਂ ’ਚ ਨਿਰਦੇਸ਼ ਦਿੱਤੇ ਹਨ ਕਿ ਯੋਜਨਾ ਦਾ ਗਲਤ ਤਰੀਕੇ ਨਾਲ ਹਿੱਸਾ ਬਣੇ ਪਰਿਵਾਰਾਂ ਦੇ ਰਾਸ਼ਨ ਕਾਰਡ ਰੱਦ ਕਰ ਕੇ ਉਨ੍ਹਾਂ ਸਾਰੇ ਪਰਿਵਾਰਾਂ ਦੇ ਰਾਸ਼ਨ ਕਾਰਡ ਫਿਰ ਬਹਾਲ ਕੀਤੇ ਜਾਣ ਜੋ ਰੀ-ਵੈਰੀਫਿਕੇਸ਼ਨ ਦੌਰਾਨ ਕੱਟ ਦਿੱਤੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ