ਝੋਨੇ ਦੀ ਬਿਜਾਈ ਅਤੇ ਲਵਾਈ ਦੀ ਤਰੀਕ ਤੈਅ ਕਰਨ ਵਿਚ ਐਨੀ ਢਿੱਲ ਕਿਉਂ ?

Thursday, May 07, 2020 - 10:12 PM (IST)

ਝੋਨੇ ਦੀ ਬਿਜਾਈ ਅਤੇ ਲਵਾਈ ਦੀ ਤਰੀਕ ਤੈਅ ਕਰਨ ਵਿਚ ਐਨੀ ਢਿੱਲ ਕਿਉਂ ?

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਕੋਰੋਨਾ ਮਹਾਮਾਰੀ ਕਾਰਨ ਪੰਜਾਬ ਵਿਚ ਇਸ ਵਾਰ ਝੋਨੇ ਦੀ ਲਵਾਈ ਕਿਸਾਨਾਂ ਦੇ ਜੀਅ ਦਾ ਜੰਜਾਲ ਬਣ ਸਕਦੀ ਹੈ। ਸਰਕਾਰ ਵੱਲੋਂ ਝੋਨੇ ਦੀ ਲਵਾਈ ਅਤੇ ਪਨੀਰੀ ਦੀ ਬਿਜਾਈ ਕਰਨ ਦੇ ਹੁਕਮਾਂ ਦੀ ਉਡੀਕ ਵਿਚ ਕਿਸਾਨਾਂ ਦੇ ਸਾਹ ਸੁੱਕਦੇ ਜਾ ਰਹੇ ਹਨ ਪਰ ਸਰਕਾਰ ਨੇ ਅਜੇ ਤੱਕ ਮਾਮਲੇ ਦੀ ਗੰਭੀਰਤਾ ਨੂੰ ਨਹੀਂ ਸਮਝਿਆ। ਪਿਛਲੇ ਕੁਝ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਧਿਰਾਂ ਵੱਲੋਂ ਦਬਾਅ ਬਣਾਏ ਜਾਣ ਦੇ ਬਾਵਜੂਦ ਸਰਕਾਰ ਨੇ ਅਜੇ ਤੱਕ ਪਨੀਰੀ ਦੀ ਬਿਜਾਈ ਅਤੇ ਝੋਨੇ ਦੀ ਲਵਾਈ ਦੀ ਤਰੀਕ ਤੈਅ ਨਹੀਂ ਕੀਤੀ। ਇਸ ਮਾਮਲੇ ਦੀ ਸੱਚਾਈ ਇਹ ਹੈ ਕਿ ਕੋਰੋਨਾ ਵਾਇਰਸ ਦੇ ਭੈਅ ਕਾਰਨ ਇਸ ਵਾਰ ਝੋਨੇ ਦੀ ਲਵਾਈ ਲਈ ਲਾਵਿਆਂ ਦੀ ਵੱਡੀ ਘਾਟ ਰਹਿਣ ਦੇ ਸੰਕੇਤ ਹਨ। ਇਸ ਦੀ ਮਿਸਾਲ ਪਰਵਾਸੀ ਮਜ਼ਦੂਰਾਂ ਵੱਲੋਂ ਆਪਣੀ ਮਾਤ ਭੂਮੀ ’ਤੇ ਵਾਪਸ ਜਾਣ ਲਈ ਲੱਖਾਂ ਮਜ਼ਦੂਰਾਂ ਵੱਲੋਂ ਕਰਵਾਈ ਗਈ ਰਜਿਸਟ੍ਰੇਸ਼ਨ ਤੋਂ ਵੀ ਲਈ ਜਾ ਸਕਦੀ ਹੈ। ਇਸੇ ਲੜੀ ਦੇ ਤਹਿਤ ਬੀਤੇ ਦੋ ਦਿਨ ਪਹਿਲਾਂ ਪੰਜਾਬ ਵਿਚੋਂ 1200 ਪਰਵਾਸੀ ਮਜਦੂਰਾਂ ਨੇ ਵਾਪਸੀ ਕੀਤੀ। ਇਨ੍ਹਾਂ ਮਜ਼ਦੂਰਾਂ ਦੀ ਵਾਪਸੀ ਦਾ ਖਰਚਾ, ਜੋ ਕਿ 7 ਲੱਖ ਦੇ ਕਰੀਬ ਸੀ ਪੰਜਾਬ ਸਰਕਾਰ ਨੇ ਚੁੱਕਿਆ। ਇਸੇ ਤਰ੍ਹਾਂ ਜੇਕਰ ਪੰਜਾਬ ਵਿਚੋਂ ਲੱਖਾਂ ਮਜ਼ਦੂਰਾਂ ਦੀ ਵਾਪਸੀ ਹੋ ਜਾਂਦੀ ਹੈ ਅਤੇ ਝੋਨੇ ਦੀ ਲਵਾਈ ਲਈ ਹੋਰ ਮਜ਼ਦੂਰ ਨਹੀਂ ਆਉਂਦੇ ਤਾਂ ਝੋਨੇ ਦੀ ਲਵਾਈ ਕਿਸਾਨਾਂ ਲਈ ਵੱਡਾ ਸੰਕਟ ਬਣ ਜਾਵੇਗੀ। 

PunjabKesari

ਹਾਲਾਤ ਦੀ ਇਸ ਨਜ਼ਾਕਤ ਨੂੰ ਸਮਝਦੇ ਹੋਏ ਹੀ ਕਿਸਾਨ ਅਤੇ ਕਿਸਾਨ ਆਗੂ  ਝੋਨਾ ਲਾਉਣ ਦੀ ਤਰੀਕ ਨੂੰ ਪਹਿਲੀ ਜੂਨ ਤੋਂ ਕਰਨ ਦੀ ਮੰਗ ਕਰ ਰਹੇ ਹਨ। ਪੰਜਾਬ ਵਿਚ ਜਮੀਨਦੋਜ਼ ਪਾਣੀ ਦੇ ਪੱਧਰ ਨੂੰ ਦੇਖਦਿਆਂ ਸਰਕਾਰ ਅਤੇ ਖੇਤੀਬਾੜੀ ਵਿਭਾਗ ਨੇ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੋਇਲ-ਵਾਟਰ ਐਕਟ 2009 ਦੇ ਤਹਿਤ ਝੋਨਾ ਲਾਉਣ ਦੀ ਤਰੀਕ 20 ਜੂਨ ਮਿਥ ਦਿੱਤੀ ਸੀ, ਜੋ ਕਿ ਅਗੇਤੀ ਬਰਸਾਤ ਨੂੰ ਦੇਖਦੇ ਹੋਏ ਪਿਛਲੇ ਸਾਲ 13 ਜੂਨ ਕਰ ਦਿੱਤੀ ਗਈ ਸੀ। ਕਿਸਾਨਾਂ  ਦਾ ਮੰਨਣਾ ਹੈ ਕਿ ਜੇਕਰ ਇਸ ਸਾਲ ਵੀ ਝੋਨੇ ਦੀ ਲਵਾਈ 15 ਜੂਨ ਤੋਂ ਸ਼ੁਰੂ ਹੁੰਦੀ ਹੈ ਤਾਂ  ਲਾਵਿਆਂ ਦੀ ਘਾਟ ਪੈਦਾ ਹੋ ਜਾਵੇਗੀ। ਲਾਵਿਆਂ ਦੀ ਇਸ ਘਾਟ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਜਾਂ ਮਸ਼ੀਨੀ ਲਵਾਈ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਖੇਤੀ ਮਾਹਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜੇਕਰ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇਣਾ ਚਾਹੁੰਦੀ ਹੈ ਤਾਂ ਬਿਜਾਈ ਦੀ ਤਰੀਕ ਮਿਥੀ ਹੋਈ ਤਰੀਕ ਨਾਲੋਂ ਐਡਵਾਂਸ ਹੋਣੀ ਚਾਹੀਦੀ ਹੈ। 

PunjabKesari

ਸਰਕਾਰ ਨੂੰ ਕਿਸਾਨਾਂ ਦੀ ਚਿੰਤਾ ਘੱਟ ਅਤੇ ਬਿਜਲੀ ਵੇਚਣ ਦਾ ਲਾਹਾ ਵੱਧ ਹੈ : ਗੁਰਪ੍ਰੀਤ ਦੱਬੜੀਖਾਨਾ
ਝੋਨੇ ਦੀ ਅਗੇਤੀ ਲਵਾਈ ਸਬੰਧੀ ਜਗਬਾਣੀ ਵੱਲੋਂ ਜਦੋਂ ਖੇਤੀ ਮਾਹਰ ਗੁਰਪ੍ਰੀਤ ਸਿੰਘ ਦਬੜੀਖਾਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਨਾਕਿਸ ਪ੍ਰਬੰਧਾਂ ਦੇ ਚਲਦਿਆਂ ਹੀ ਸਰਕਾਰ ਝੋਨੇ ਦੀ ਅਗੇਤੀ ਬਿਜਾਈ ਦਾ ਫੈਸਲਾ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਚਿੰਤਾ ਘੱਟ ਅਤੇ ਬਿਜਲੀ ਵੇਚਣ ਦਾ ਲਾਲਚ ਵੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਝੋਨੇ ਦੀ ਅਗੇਤੀ ਬਿਜਾਈ ਅਤੇ ਲਵਾਈ ਲਈ ਤਰੀਕ ਦਾ ਐਲਾਨ ਕਰ ਦਿੰਦੀ ਹੈ ਤਾਂ ਉਸ ਨੂੰ ਬਿਜਲੀ ਦਾ ਪ੍ਰਬੰਧ ਵੀ ਅਗੇਤਾ ਹੀ ਕਰਨਾ ਪਵੇਗਾ, ਜਿਸ ਕਾਰਨ ਸਰਕਾਰ ਦੇ ਦੂਜੇ ਸੂਬਿਆਂ ਨੂੰ ਬਿਜਲੀ ਵੇਚਣ ਵਾਲੇ ਮਨਸੂਬੇ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਚਾਹੀਦਾ ਇਹ ਹੈ ਕਿ ਕੋਰੋਨਾ ਵਾਇਰਸ ਦੇ ਸੰਕਟ ਅਤੇ ਲਾਵਿਆਂ ਦੀ ਘਾਟ ਨੂੰ ਦੇਖਦਿਆਂ ਝੋਨੇ ਦੀ ਸਿੱਧੀ ਬਿਜਾਈ 25 ਮਈ ਤੋਂ ਅਤੇ ਲਵਾਈ 10 ਜੂਨ ਤੋਂ ਪਹਿਲਾਂ ਐਲਾਨੀ ਜਾਣੀ ਚਾਹੀਦੀ ਹੈ। 


author

jasbir singh

News Editor

Related News