ਕਿਉਂ ਨਹੀਂ ''ਬਲਬੀਰ ਸੀਨੀਅਰ'' ਨੂੰ ਦਿੱਤਾ ਗਿਆ ''ਭਾਰਤ ਰਤਨ''?

Monday, May 25, 2020 - 03:42 PM (IST)

ਕਿਉਂ ਨਹੀਂ ''ਬਲਬੀਰ ਸੀਨੀਅਰ'' ਨੂੰ ਦਿੱਤਾ ਗਿਆ ''ਭਾਰਤ ਰਤਨ''?

ਸਪੋਰਟਸ ਡੈਸਕ (ਸੁਖਵਿੰਦਰਜੀਤ ਸਿੰਘ ਮਨੌਲੀ) : ਸਵਰਗ ਸਿਧਾਰ ਗਿਆ 'ਵਿਸ਼ਵ ਤੇ ਭਾਰਤੀ ਹਾਕੀ ਦਾ ਰਤਨ' ਬਲਬੀਰ ਸਿੰਘ ਸੀਨੀਅਰ। ਹੈ ਕਿਸੇ ਕੋਲ ਕੋਈ ਜਵਾਬ ਕਿ ਬਤੌਰ ਖਿਡਾਰੀ ਤਿੰਨ ਓਲੰਪਿਕ ਸੋਨ ਤਗਮੇ ਤੇ ਟੀਮ ਟ੍ਰੇਨਰ ਵਜੋਂ ਇਕ ਗੋਲਡ ਤੇ ਇਕ ਤਾਂਬੇ ਦਾ ਤਗਮਾ ਜਿਤਾਉਣ ਵਾਲੇ ਬਲਬੀਰ ਸਿੰਘ ਸੀਨੀਅਰ ਨੂੰ ਕਿਉਂ ਨਹੀਂ ਦਿੱਤਾ ਗਿਆ 'ਭਾਰਤ ਰਤਨ'? ਟਰਿੱਪਲ ਓਲੰਪਿਕ ਹਾਕੀ ਗੋਲਡ ਮੈਡਲਿਸਟ ਅਤੇ ਦੁਨੀਆਂ ਦੇ ਮਹਾਨ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦਾ 25 ਮਈ ਨੂੰ ਸਵਰਗਵਾਸ ਹੋ ਗਿਆ। ਵਰਲਡ ਹਾਕੀ ਦਾ ਮਸੀਹਾ ਕਹੇ ਜਾਣ ਵਾਲੇ ਓਲੰਪੀਅਨ ਬਲਬੀਰ ਸਿੰਘ ਦੁਸਾਂਝ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਸਵੇਰੇ 6.17 ਵਜੇ ਆਖਰੀ ਸਾਹ ਲਿਆ। ਹਾਕੀ ਦੇ ਮਹਾਬਲੀ ਖਿਡਾਰੀ ਬਲਬੀਰ ਸਿੰਘ ਦੁਸਾਂਝ ਨੂੰ 8 ਮਈ ਨੂੰ ਫੋਰਟਿਸ 'ਚ ਦਾਖਲ ਕਰਵਾਇਆ ਗਿਆ ਸੀ। ਬਲਬੀਰ ਸਿੰਘ ਸੀਨੀਅਰ ਹੁਰਾਂ ਨੇ ਲੰਘੇ ਸਾਲ 10 ਅਕਤੂਬਰ ਨੂੰ 95 ਬਸੰਤਾਂ ਭੋਗ ਕੇ 96ਵੇਂ ਸਾਲ 'ਚ ਕਦਮ ਰੱਖਿਆ ਸੀ। ਹਸਪਤਾਲ ਦੇ ਸੂਤਰਾਂ ਅਨੁਸਾਰ ਬਲਬੀਰ ਸਿੰਘ ਸੀਨੀਅਰ ਨੂੰ 12 ਤੇ 13 ਮਈ ਨੂੰ ਪਏ ਦਿਲ ਦੇ ਦੋ ਦੌਰੇ ਜਾਨਲੇਵਾ ਸਾਬਤ ਹੋਏ। ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਤਬੀਅਤ ਪਿੱਛਲੇ ਇਕ ਸਾਲ ਤੋਂ ਨਾਸਾਜ਼ ਚਲ ਰਹੀ ਸੀ। ਲੰਘੇ ਸਾਲ ਕਰੀਬ ਦੋ ਮਹੀਨੇ ਪੀਜੀਆਈ ਚੰਡੀਗੜ੍ਹ ਤੋਂ ਇਲਾਜ ਕਰਵਾਉਣ ਬਾਅਦ ਉਹ ਤੰਦਰੁਸਤ ਹੋ ਗਏ ਸਨ। ਉਹ ਅਕਸਰ ਕਿਹਾ ਕਰਦੇ ਸਨ ਕਿ ਮੈਂ ਵਿਰੋਧੀ ਟੀਮਾਂ 'ਤੇ ਸੈਂਕੜੇ ਗੋਲ ਸਕੋਰ ਕੀਤੇ ਹਨ ਪਰ ਹੁਣ ਮੌਤ ਦੀ ਵਾਰੀ ਹੈ ਜਦੋਂ ਚਾਹੇ ਮੇਰੇ 'ਤੇ ਗੋਲ ਦਾਗ ਸਕਦੀ ਹੈ। ਬਲਬੀਰ ਸਿੰਘ ਸੀਨੀਅਰ ਦਾ ਜਨਮ ਨਾਨਕਾ ਪਿੰਡ ਹਰੀਪੁਰ ਖਾਲਸਾ, ਜ਼ਿਲ੍ਹਾ ਮੋਗਾ 'ਚ ਅਕਤੂਬਰ 10, 1924 'ਚ ਹੋਇਆ। ਬਲਬੀਰ ਸਿੰਘ ਦਾ ਪਿੰਡ ਪੁਆਧੜਾ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ 'ਚ ਪੈਂਦਾ ਹੈ। ਉਸ ਦੇ ਪਿਤਾ ਦਲੀਪ ਸਿੰਘ ਦੁਸਾਂਝ ਸੁੰਤਤਰਤਾ ਸੈਨਾਨੀ ਸਨ। ਬਲਬੀਰ ਸਿੰਘ ਦੀ ਪਤਨੀ ਸੁਸ਼ੀਲ ਕੌਰ ਲਾਹੌਰ ਤੋਂ ਸਨ। ਬਲਬੀਰ ਸਿੰਘ ਸੀਨੀਅਰ ਇਸ ਸਮੇਂ ਸੈਕਟਰ-36, ਚੰਡੀਗੜ੍ਹ 'ਚ ਬੇਟੀ ਸੁਸ਼ਬੀਰ ਕੌਰ ਤੇ ਦੋਹਤੇ ਕਬੀਰ ਸਿੰਘ ਨਾਲ ਰਹਿੰਦੇ ਸਨ। ਉਨ੍ਹਾਂ ਦੇ ਤਿੰਨੇ ਬੇਟੇ ਕੰਵਲਬੀਰ ਸਿੰਘ, ਕਰਨਬੀਰ ਸਿੰਘ ਅਤੇ ਗੁਰਬੀਰ ਸਿੰਘ ਕੈਨੇਡਾ ਦੇ ਸ਼ਹਿਰ ਵੈਨਕੁਵਰ 'ਚ ਸੈਟਲ ਹਨ। ਮੋਗਾ ਦੇ ਦੇਵ ਸਮਾਜ ਹਾਈ ਸਕੂਲ ਤੋਂ ਮੁੱਢਲੀ ਪੜ੍ਹਾਈ ਕਰਨ ਵਾਲੇ ਓਲੰਪੀਅਨ ਬਲਬੀਰ ਸਿੰਘ ਦੁਸਾਂਝ ਨੇ ਉਚੇਰੀ ਸਿੱਖਿਆ ਡੀਐਫ ਕਾਲਜ ਮੋਗਾ, ਸਿੱਖ ਨੈਸ਼ਨਲ ਕਾਲਜ ਲਾਹੌਰ ਅਤੇ ਖਾਲਸਾ ਕਾਲਜ ਅਮ੍ਰਿਤਸਰ ਤੋਂ ਹਾਸਲ ਕੀਤੀ। ਬਲਬੀਰ ਸਿੰਘ ਦੇ ਪਿਤਾ ਚਾਹੁੰਦੇ ਸਨ ਕਿ ਉਹ ਵਧੀਆ ਸਿੱਖਿਆ ਹਾਸਲ ਕਰਕੇ ਚੰਗੇ ਸਰਕਾਰੀ ਅਹੁਦੇ 'ਤੇ ਤੈਨਾਤ ਹੋਵੇ ਪਰ ਇਸ ਦੇ ਉਲਟ ਬਲਬੀਰ ਸਿੰਘ ਬਹੁਤਾ ਸਮਾਂ ਮੈਦਾਨ 'ਚ ਹਾਕੀ ਖੇਡਣ 'ਚ ਮਗਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਤੋਂ ਮਾਪਿਆਂ ਨੇ ਬਲਬੀਰ ਸਿੰਘ ਨੂੰ ਡੀਐਫ ਕਾਲਜ ਮੋਗਾ ਤੋਂ ਸ਼ਿਫਟ ਕਰਕੇ ਸਿੱਖ ਨੈਸ਼ਨਲ ਕਾਲਜ ਲਾਹੌਰ 'ਚ ਦਾਖਲ ਕਰਵਾ ਦਿੱਤਾ। ਇਸ ਦੇ ਬਾਵਜੂਦ ਵੀ ਬਲਬੀਰ ਸਿੰਘ ਦਾ ਖੇਡਣ ਦਾ ਉਤਸ਼ਾਹ ਮੱਠਾ ਨਹੀਂ ਪਿਆ ਅਤੇ ਉਸ ਨੇ ਬਿਨਾਂ ਨਾਗਾ ਹਾਕੀ ਖੇਡਣੀ ਜਾਰੀ ਰੱਖੀ। ਇਸ ਦਾ ਸਿੱਟਾ ਇਹ ਨਿਕਲਿਆ ਕਿ ਉਹ ਐਫਏ 'ਚ ਫੇਲ੍ਹ ਹੋ ਗਿਆ। ਹਾਕੀ ਕੋਚ ਹਰਬੇਲ ਸਿੰਘ ਦੇ ਕਹਿਣ 'ਤੇ ਬਲਬੀਰ ਸਿੰਘ ਨੂੰ ਲਾਹੌਰ ਤੋਂ ਖਾਲਸਾ ਕਾਲਜ ਅੰਮ੍ਰਿਤਸਰ 'ਚ ਪੜ੍ਹਨੇ ਪਾਇਆ ਗਿਆ। ਸਿਖਲਾਇਰ ਹਰਬੇਲ ਸਿੰਘ ਹੀ ਬਲਬੀਰ ਸਿੰਘ ਦਾ ਮੁੱਢਲਾ ਹਾਕੀ ਕੋਚ ਸੀ, ਜਿਸ ਤੋਂ ਸਿਖਲਾਈ ਲੈਣ ਸਦਕਾ ਬਲਬੀਰ ਸਿੰਘ ਦੁਨੀਆਂ ਦੀ ਹਾਕੀ 'ਚ ਨਿਵੇਕਲੀ ਤੋਰ ਤੁਰਿਆ। ਬਲਬੀਰ ਸਿੰਘ ਨੇ ਰਾਸ਼ਟਰੀ ਹਾਕੀ ਖੇਡਣ 'ਚ ਪੰਜਾਬ ਯੂਨੀਵਰਸਿਟੀ, ਪੰਜਾਬ ਪੁਲੀਸ ਤੇ ਪੰਜਾਬ ਸਟੇਟ ਦੀ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ। ਕੌਮੀ ਤੇ ਕੌਮਾਂਤਰੀ ਹਾਕੀ ਦੇ ਗਲਿਆਰਿਆਂ 'ਚ ਬਲਬੀਰ ਸਿੰਘ ਸੀਨੀਅਰ ਦਾ ਵੱਡਾ ਨਾਮ ਸੀ। ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਸਿੰਘ ਤੋਂ ਬਾਅਦ ਬਲਬੀਰ ਸਿੰਘ ਸੀਨੀਅਰ ਦੂਜੇ ਖਿਡਾਰੀ ਹਨ, ਜਿਨ੍ਹਾਂ ਨੂੰ ਬਤੌਰ ਖਿਡਾਰੀ, ਉਪ-ਕਪਤਾਨ ਤੇ ਕਪਤਾਨ ਵਜੋਂ ਓਲੰਪਿਕ ਹਾਕੀ ਦੇ ਤਿੰਨ ਗੋਲਡ ਮੈਡਲ ਜਿੱਤਣ ਦਾ ਮੁਕਾਮ ਹਾਸਲ ਹੋਇਆ। ਆਲਮੀ ਹਾਕੀ 'ਚ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਦੇ ਦੂਜੇ ਧਿਆਨ ਚੰਦ ਸਿੰਘ ਦਾ ਰੁਤਬਾ ਹਾਸਲ ਹੋਇਆ। ਕਿਸੇ ਸਮੇਂ ਕੌਮੀ ਹਾਕੀ ਦੀ ਸਾਹ ਰਗ ਕਹੇ ਜਾਣ ਵਾਲੇ ਸਟਰਾਈਕਰ ਬਲਬੀਰ ਸਿੰਘ ਸੀਨੀਅਰ ਦਾ ਖੇਡ ਕਰੀਅਰ ਜਿੱਤਾਂ ਨਾਲ ਆਫਰਿਆ ਪਿਆ ਹੈ। ਮਸ਼ਹੂਰ ਕੁਮੈਂਟੇਟਰ ਜਸਦੇਵ ਸਿੰਘ ਵਲੋਂ ਬਲਬੀਰ ਸਿੰਘ ਨਾਲ ਸੀਨੀਅਰ ਦਾ ਤਖੱਲਸ ਲਾਇਆ ਗਿਆ।

PunjabKesari

ਟੋਕੀਓ–1958 ਦੀਆਂ ਏਸ਼ੀਅਨ ਖੇਡਾਂ 'ਚ ਕਪਤਾਨ ਬਲਬੀਰ ਸਿੰਘ ਸੀਨੀਅਰ ਦੀ ਕਪਤਾਨੀ 'ਚ ਸੰਸਾਰਪੁਰ ਦਾ ਬਲਬੀਰ ਸਿੰਘ ਕੁਲਾਰ ਟੀਮ ਦੇ ਦਸਤੇ 'ਚ ਸ਼ਾਮਲ ਸੀ। ਕੁਮੈਂਟੇਟਰ ਜਸਦੇਵ ਸਿੰਘ ਵਲੋਂ ਬਲਬੀਰ ਸਿੰਘ ਦੁਸਾਂਝ ਨੂੰ 'ਸੀਨੀਅਰ' ਅਤੇ ਦੂਜੇ ਬਲਬੀਰ ਸਿੰਘ ਕੁਲਾਰ ਨੂੰ 'ਜੂਨੀਅਰ' ਦਾ ਨਾਮ ਦਿੱਤਾ ਗਿਆ। ਬਲਬੀਰ ਸਿੰਘ ਸੀਨੀਅਰ ਨੂੰ ਭਾਗਾਂਵਾਲਾ ਖਿਡਾਰੀ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਉਨ੍ਹਾਂ ਤੋਂ ਬਾਅਦ ਜਿਹੜਾ ਵੀ ਬਲਬੀਰ ਨਾਂ ਦਾ ਨੌਜਵਾਨ ਹਾਕੀ ਹੱਥ ਫੜ ਮੈਦਾਨ 'ਚ ਨਿੱਤਰਿਆ, ਉਸ 'ਤੇ ਹਾਕੀ ਦੇ ਦੇਵਤਾ ਨੇ ਆਪਣੀ ਖੇਡ ਦਿਆਲਤਾ ਦਾ ਅਜਿਹਾ ਹੱਥ ਰੱਖਿਆ ਕਿ ਉਹ ਰਾਤੋ-ਰਾਤ ਹਾਕੀ ਦਾ ਸਟਾਰ ਖਿਡਾਰੀ ਬਣ ਨਿਕਲਿਆ। ਬਲਬੀਰ ਸਿੰਘ ਸੀਨੀਅਰ ਦੇ ਮੈਦਾਨ 'ਚ ਕਦਮ ਰੱਖਣ ਤੋਂ ਬਾਅਦ ਜਿਹੜਾ ਵੀ ਬਲਬੀਰ ਨਾਂ ਦਾ ਨੌਜਵਾਨ ਹਾਕੀ ਹੱਥ ਫੜ ਮੈਦਾਨ 'ਚ ਨਿੱਤਰਿਆ, ਉਸ 'ਤੇ ਹਾਕੀ ਦੇ ਦੇਵਤਾ ਨੇ ਆਪਣੀ ਖੇਡ ਦਿਆਲਤਾ ਦਾ ਅਜਿਹਾ ਹੱਥ ਰੱਖਿਆ ਕਿ ਉਹ ਰਾਤੋ-ਰਾਤ ਹਾਕੀ ਦਾ ਸਟਾਰ ਖਿਡਾਰੀ ਬਣ ਨਿਕਲਿਆ। ਇਕ ਖੇਡ ਦੌਰ ਅਜਿਹਾ ਵੀ ਆਇਆ ਜਦੋਂ ਹਾਕੀ ਖੇਡਦੇ ਸਮੇਂ ਮੈਦਾਨ 'ਚੋਂ ਖਿਡਾਰੀਆਂ ਦੇ ਮੂੰਹੋਂ ਬਾਲ ਦੇਈਂ ਬੀਰਿਆ, ਫੜੀਂ ਬੀਰਿਆ, ਰੋਕੀਂ ਬੀਰਿਆ, ਅੱਗੇ ਜਾਈਂ ਬੀਰਿਆ, ਗੋਲ ਕਰੀਂ ਬੀਰਿਆ ਆਦਿ ਦੀਆਂ ਆਵਾਜ਼ਾਂ ਆਮ ਸੁਣਨ ਨੂੰ ਮਿਲਦੀਆਂ ਸਨ। ਇਕ ਵਾਰ ਦਿੱਲੀ ਦੇ ਨਹਿਰੂ ਕੌਮੀ ਹਾਕੀ ਕੱਪ 'ਚ ਜਦੋਂ ਵੱਖ-ਵੱਖ ਟੀਮਾਂ ਵਲੋਂ ਨੌਂ ਬਲਬੀਰ ਹਾਕੀ ਖੇਡਣ ਲਈ ਮੈਦਾਨ 'ਚ Îਨਿੱਤਰੇ ਤਾਂ ਟੂਰਨਾਮੈਂਟ ਦਾ ਅੱਖੀ ਡਿੱਠਾ ਹਾਲ ਸੁਣਾ ਰਹੇ ਕੂਮੈਂਟੇਟਰਾਂ ਨੂੰ ਬਲਬੀਰਾਂ ਦੀ ਮੈਦਾਨੀ ਖੇਡ ਦੀ ਚਰਚਾ ਕਰਨ 'ਚ ਵੱਡੀ ਕਠਿਨਾਈ ਦਾ ਸਾਹਮਣਾ ਕਰਨਾ ਪਿਆ। ਪਰ ਹਾਕੀ ਦੇ ਨਾਮੀਂ ਕੂਮੈਂਟੇਟਰ ਜਸਦੇਵ ਸਿੰਘ ਵਲੋਂ ਤੋੜ ਲੱਭਦੇ ਹੋਏ ਬਲਬੀਰਾਂ ਨੂੰ ਬਲਬੀਰ ਸੀਨੀਅਰ, ਬਲਬੀਰ ਜੂਨੀਅਰ, ਬਲਬੀਰ ਪੰਜਾਬ ਪੁਲੀਸਵਾਲਾ, ਬਲਬੀਰ ਰੇਲਵੇਵਾਲਾ, ਬਲਬੀਰ ਸੈਨਾਵਾਲਾ, ਬਲਬੀਰ ਦਿੱਲੀਵਾਲਾ ਅਤੇ ਬਲਬੀਰ ਨੇਵੀਵਾਲਾ ਦੇ ਨਾਵਾਂ ਨਾਲ ਕਲਾਸੀਫਿਕੇਸ਼ਨ ਕਰਕੇ ਬੁੱਤਾ ਸਾਰਿਆ ਗਿਆ। ਸਪੇਨ ਦੇ ਸ਼ਹਿਰ 'ਚ ਮੈਡਰਿਡ-1967 'ਚ ਪ੍ਰਿਥੀਪਾਲ ਸਿੰਘ ਕਪਤਾਨੀ ਹੇਠ ਅੱਠ ਦੇਸ਼ਾ ਹਾਕੀ ਮੁਕਾਬਲਾ ਖੇਡਣ ਵਾਲੀ ਭਾਰਤੀ ਹਾਕੀ ਟੀਮ ਨਾਲ ਚਾਰ ਬਲਬੀਰਾਂ ਨੂੰ ਹਾਕੀ ਮੈਦਾਨ 'ਚ ਖੇਡ ਪੈਲਾਂ ਪਾਉਣ ਦਾ ਮਾਣ ਹਾਸਲ ਹੋਇਆ। ਸਪੇਨ 'ਚ ਅੱਠ ਦੇਸ਼ਾ ਹਾਕੀ ਟੂਰਨਾਮੈਂਟ 'ਚ ਚੈਂਪੀਅਨ ਰਹੀ ਭਾਰਤੀ ਟੀਮ 'ਚ ਚਾਰ ਬਲਬੀਰ ਸ਼ਾਮਲ ਸਨ। ਬੈਂਕਾਕ-1966 ਦੀਆਂ ਪੰਜਵੀਆਂ ਏਸ਼ਿਆਈ ਖੇਡਾਂ 'ਚ ਜਦੋਂ ਭਾਰਤੀ ਹਾਕੀ ਟੀਮ ਨੇ ਪਾਕਿਸਤਾਨੀ ਖਿਡਾਰੀਆਂ ਨੂੰ 1-0 ਗੋਲ ਨਾਲ ਹਰਾ ਕੇ ਜਦੋਂ ਪਲੇਠਾ ਸੋਨ ਤਗਮਾ ਜਿੱਤਿਆ ਤਾਂ ਪੰਜਾਬ ਦੇ ਤਿੰਨ ਬਲਬੀਰਾਂ, ਬਲਬੀਰ ਸਿੰਘ ਕੁਲਾਰ ਸੈਨਾਵਾਲਾ, ਬਲਬੀਰ ਸਿੰਘ ਕੁਲਾਰ ਪੰਜਾਬ ਪੁਲੀਸ ਵਾਲਾ ਅਤੇ ਬਲਬੀਰ ਸਿੰਘ ਗਰੇਵਾਲ ਰੇਲਵੇ ਵਾਲਾ ਨੇ ਵੀ ਹੱਥ 'ਤੇ ਜਿੱਤ ਦਾ ਗਾਨਾ ਬੰਨ੍ਹਣ ਲਈ ਚੰਗੇ ਖੇਡ ਜੌਹਰ ਵਿਖਾਏ। ਹਾਕੀ ਖੇਡਣ ਵਾਲੇ ਦਿੱਲੀ ਦੇ ਪਹਿਲੇ ਬਲਬੀਰ ਨੂੰ 1935 'ਚ ਗੁਲਾਮ ਭਾਰਤ ਦੀ ਕੌਮੀ ਹਾਕੀ ਟੀਮ ਨਾਲ ਅਫਗਾਨਿਸਤਾਨ 'ਚ ਹਾਕੀ ਟੈਸਟ ਲੜੀ ਖੇਡਣ ਦਾ ਮੌਕਾ ਮਿਲਿਆ। ਦਿੱਲੀ ਵਾਲੇ ਬਲਬੀਰ ਤੋਂ ਬਾਅਦ ਬਲਬੀਰ ਸਿੰਘ ਸੀਨੀਅਰ ਅਤੇ ਬਲਬੀਰ ਸਿੰਘ ਕੁਲਾਰ ਜੂਨੀਅਰ ਸਨ, ਜਿਨ੍ਹਾਂ ਆਪਣੀ ਲਾਸਾਨੀ ਖੇਡ ਨਾਲ ਆਲਮੀ ਹਾਕੀ 'ਚ ਇਕ ਸੁਨਹਿਰਾ ਪੰਨਾ ਜੋੜਿਆ।

PunjabKesari

ਉਂਜ ਕੌਮੀ ਅਤੇ ਕੌਮਾਂਤਰੀ ਹਾਕੀ ਖੇਡਣ ਵਾਲੇ ਬਲਬੀਰਾਂ ਦੀ ਗਿਣਤੀ ਨੌਂ ਹੈ। ਇਕ ਵਾਰ ਦਿੱਲੀ ਦੇ ਨਹਿਰੂ ਕੌਮੀ ਹਾਕੀ ਕੱਪ ਵੱਖ-ਵੱਖ ਟੀਮਾਂ ਵਲੋਂ ਨੌਂ ਬਲਬੀਰ ਹਾਕੀ ਖੇਡਣ ਲਈ ਮੈਦਾਨ 'ਚ Îਨਿੱਤਰੇ ਸਨ। ਜਲੰਧਰ ਜ਼ਿਲ੍ਹੇ ਦੇ ਪਿੰਡ ਸੰਸਾਰਪੁਰ ਦੇ ਤਿੰਨ ਬਲਬੀਰਾਂ 'ਤੇ ਕੌਮਾਂਤਰੀ ਹਾਕੀ ਖੇਡਣ ਦਾ ਸਟਾਰ ਲੱਗਿਆ। ਇਨ੍ਹਾਂ ਬਲਬੀਰਾਂ 'ਚ ਬਲਬੀਰ ਸਿੰਘ ਸੀਨੀਅਰ ਤੋਂ ਇਲਾਵਾ ਤਿੰਨ ਹੋਰ ਬਲਬੀਰਾਂ, ਬਲਬੀਰ ਸਿੰਘ ਕੁਲਾਰ ਸੈਨਾਵਾਲਾ, ਬਲਬੀਰ ਸਿੰਘ ਕੁਲਾਰ ਪੰਜਾਬ ਪੁਲੀਸਵਾਲਾ ਅਤੇ ਬਲਬੀਰ ਸਿੰਘ ਗਰੇਵਾਲ ਰੇਲਵੇਵਾਲਾ ਦੀ ਪਿੱਠ 'ਤੇ ਓਲੰਪੀਅਨ ਹਾਕੀ ਖਿਡਾਰੀ ਦਾ ਠੱਪਾ ਲੱਗਿਆ। ਬਲਬੀਰ ਸਿੰਘ ਸੀਨੀਅਰ ਨੂੰ ਵਿਸ਼ਵ ਦਾ ਸਭ ਤੋਂ ਖਤਰਨਾਕ ਸੈਂਟਰ ਫਾਰਵਰਡ ਮੰਨਿਆ ਗਿਆ, ਜਿਸ ਕਰਕੇ ਉਸ ਨੂੰ 'ਟੈਰਰ ਆਫ ਡੀ' ਖਿਡਾਰੀ ਵਜੋਂ ਮਾਨਤਾ ਵੀ ਮਿਲੀ। 'ਪਦਮਸ਼੍ਰੀ ਤੇ ਅਰਜੁਨ ਅਵਾਰਡੀ' ਬਲਬੀਰ ਸਿੰਘ ਸੀਨੀਅਰ ਨੇ ਲੰਡਨ-1948, ਹੇਲਸਿੰਕੀ-1952 ਅਤੇ ਮੈਲਬਰਨ-1956 ਦੇ ਲਗਾਤਾਰ ਤਿੰਨ ਓਲੰਪਿਕ ਅਡੀਸ਼ਨਾਂ 'ਚ ਸ਼ਮੂਲੀਅਤ ਕਰਕੇ ਓਲੰਪਿਕ ਸੋਨ ਤਗਮਿਆਂ ਦੀ ਹੈਟਰਿੱਕ ਜੜਨ ਦਾ ਖੇਡ ਕਾਰਨਾਮਾ ਕੀਤਾ ਹੋਇਆ ਹੈ। ਹੇਲਸਿੰਕੀ ਤੇ ਮੈਲਬਰਨ ਓਲੰਪਿਕ 'ਚ ਜਿਥੇ ਉਹ ਮਾਰਚ ਪਾਸਟ 'ਚ ਭਾਰਤੀ ਖੇਡ ਦਾ ਦਲ ਦਾ ਝੰਡਾਬਰਦਾਰ ਰਹੇ ਉਥੇ ਮੈਲਬਰਨ ਓਲੰਪਿਕ 'ਚ ਹਾਕੀ ਟੀਮ ਦੇ ਕਮਾਨ ਵੀ ਬਲਬੀਰ ਸੀਨੀਅਰ ਦੇ ਹੱਥ ਸੀ। ਲੰਡਨ ਓਲੰਪਿਕ 'ਚ ਬਲਬੀਰ ਸੀਨੀਅਰ ਨੇ 13 ਗੋਲਾਂ 'ਚੋਂ ਆਪਣੀ ਹਾਕੀ 'ਚੋਂ 8 ਗੋਲ ਕੱਢੇ ਅਤੇ ਹੇਲਸਿੰਕੀ ਓਲੰਪਿਕ 'ਚ 13 'ਚੋਂ 9 ਗੋਲ ਕਰਨ ਦਾ ਸੁਭਾਗ ਪ੍ਰਾਪਤ ਕੀਤਾ। 1954 ਦੇ ਸਿੰਘਾਪੁਰ ਤੇ ਮਲੇਸ਼ੀਆ ਟੂਰ 'ਚ 16 ਮੈਚਾਂ 'ਚ 121 'ਚੋਂ 83 ਗੋਲ ਤੇ 1955 'ਚ ਨਿਊਜ਼ੀਲੈਂਡ ਤੇ ਆਸਟਰੇਲੀਆ ਟੂਰ 'ਚ 37 ਮੈਚਾਂ 203 'ਚੋਂ 141 ਗੋਲ ਬਲਬੀਰ ਸਿੰਘ ਦੇ ਖਾਤੇ 'ਚ ਜਮ੍ਹਾਂ ਹੋਏ। ਬਲਬੀਰ ਸਿੰਘ ਸੀਨੀਅਰ ਦੀ ਖੇਡ ਦੀ ਖੁਸ਼ਖਤੀ ਇਹ ਵੀ ਰਹੀ ਕਿ ਕੌਮੀ ਤੇ ਕੌਮਾਂਤਰੀ ਹਾਕੀ ਖੇਡਦਿਆਂ ਰੈਫਰੀ ਵਲੋਂ ਉਸ ਨੂੰ ਫਾਊਲ ਖੇਡਣ ਕਰਕੇ ਕਦੇ ਵੀ ਚਿਤਾਵਨੀ ਵਜੋਂ ਰੈਡ ਜਾਂ ਪੀਲਾ ਕਾਰਡ ਨਹੀਂ ਵਿਖਾਇਆ ਗਿਆ। ਅਜੀਤਪਾਲ ਸਿੰਘ ਦੀ ਕਪਤਾਨੀ 'ਚ ਜਦੋਂ ਭਾਰਤੀ ਟੀਮ ਨੇ ਵਿਸ਼ਵ ਕੱਪ ਜਿੱਤਿਆ ਤਾਂ ਟੀਮ ਦੇ ਮੈਨੇਜਰ ਤੇ ਮੁੱਖ ਕੋਚ ਬਲਬੀਰ ਸੀਨੀਅਰ ਹੀ ਸਨ। ਵਿਸ਼ਵ ਕੱਪ ਖੇਡਣ ਲਈ ਕੁਆਲਾਲੰਪੁਰ ਜਾਣ ਤੋਂ ਪਹਿਲਾਂ ਇਕ ਅਣਹੋਣੀ ਇਹ ਹੋਈ ਕਿ ਉਨ੍ਹਾਂ ਦੇ ਪਿਤਾ ਗਿਆਨੀ ਦਲੀਪ ਸਿੰਘ ਦੁਸਾਂਝ ਪ੍ਰਲੋਕ ਸਿਧਾਰ ਗਏ। ਬਲਬੀਰ ਸਿੰਘ ਨੇ ਪਿਤਾ ਦਾ ਅੰਤਮ ਸੰਸਕਾਰ ਆਪਣੇ ਹੱਥੀਂ ਕੀਤਾ ਪਰ ਅੰਤਿਮ ਅਰਦਾਸ ਰਸਮ ਕੁਆਲਾਲੰਪੁਰ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕੀਤੀ। ਦਿੱਲੀ- 1982 ਦੀਆਂ ਏਸ਼ੀਅਨ ਖੇਡਾਂ ਮੌਕੇ ਬਲਬੀਰ ਸਿੰਘ ਸੀਨੀਅਰ ਨੂੰ ਖੇਡਾਂ ਦੀ ਮਸ਼ਾਲ ਜਗਾਉਣ ਦਾ ਮਾਣ  ਦਿੱਤਾ ਗਿਆ। ਮਾਸਕੋ ਓਲੰਪਿਕ-1980, ਲੰਡਨ ਵਿਸ਼ਵ ਕੱਪ-1986 ਤੇ ਬਰਲਿਨ ਚੈਂਪੀਅਨਜ਼ ਹਾਕੀ ਟਰਾਫੀ ਮੌਕੇ ਕੌਮਾਂਤਰੀ ਖੇਡ ਅਧਿਕਾਰੀਆਂ ਵਲੋਂ ਉਨ੍ਹਾਂ ਦੀਆਂ ਖੇਡ ਸੇਵਾਵਾਂ ਨੂੰ ਮੁੱਖ ਰੱਖਦਿਆਂ 'ਸਪੈਸ਼ਲ ਗੈਸਟ ਆਫ ਆਨਰ' ਦਿੱਤਾ ਗਿਆ। ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਸਕੋਰਿੰਗ ਪਾਵਰ ਦੇ ਕਮਾਲ ਨਾਲ ਜਿਥੇ ਭਾਰਤੀ ਹਾਕੀ ਟੀਮ ਜਿੱਤਾਂ ਨਾਲ ਮਾਲਾ-ਮਾਲ ਹੋਈ ਉਥੇ ਇਸ ਸਟਰਾਈਕਰ ਦੇ ਹਮਲਿਆਂ ਨੂੰ ਡੱਕਣ 'ਚ ਨਾਕਾਮ ਸਿੱਧ ਹੋਈਆਂ ਵਿਰੋਧੀ ਟੀਮਾਂ ਦੇ ਕਈ ਨਰੋਏ ਗੋਲਕੀਪਰਾਂ ਨੂੰ ਆਪਣੇ ਪੈਡ ਕਿੱਲੀ 'ਤੇ ਟੰਗਣ ਲਈ ਮਜਬੂਰ ਹੋਣਾ ਪਿਆ। ਗੋਲ ਰਾਖਿਆਂ ਤੋਂ ਇਲਾਵਾ ਬਲਬੀਰ ਸਿੰਘ ਸੀਨੀਅਰ ਨੇ ਓਲੰਪਿਕ ਚੈਂਪੀਅਨ ਬਣਨ ਦੇ ਸੁਪਨੇ ਵੇਖਣ ਵਾਲੀਆਂ ਟੀਮਾਂ ਦੇ ਡਿਫੈਂਡਰਾਂ ਦੀ ਵੀ ਚੰਗੀ ਸਾਰ ਲਈ। ਬਲਬੀਰ ਸਿੰਘ ਸੀਨੀਅਰ ਨੂੰ ਵਿਸ਼ਵ ਦਾ ਸਭ ਤੋਂ ਖਤਰਨਾਕ ਸੈਂਟਰ ਫਾਰਵਰਡ ਮੰਨਿਆ ਗਿਆ। ਆਲਮੀ ਫੀਲਡ ਹਾਕੀ 'ਚ ਬਲਬੀਰ ਸਿੰਘ ਪਲੇਠਾ ਹਾਕੀ ਪਲੇਅਰ ਹੈ, ਜਿਸ ਨੂੰ ਸਕੋਰਿੰਗ ਪਾਵਰ ਕਰਕੇ 'ਟੈਰਰ ਆਫ ਡੀ' ਭਾਵ ਡੀ ਸਰਕਲ ਅੰਦਰ ਖਤਰਨਾਕ ਸੈਂਟਰ ਫਾਰਵਰਡ ਵਜੋਂ ਮਾਨਤਾ ਹਾਸਲ ਹੋਈ। 

PunjabKesari

ਬਲਬੀਰ ਸਿੰਘ ਸੀਨੀਅਰ ਦੀ ਖੇਡ ਦੀ ਖੁਸ਼ਖਤੀ ਇਹ ਰਹੀ ਕਿ ਕੌਮੀ ਤੇ ਕੌਮਾਂਤਰੀ ਹਾਕੀ ਖੇਡਦਿਆਂ ਮੈਚ ਰੈਫਰੀ ਵਲੋਂ ਉਸ ਨੂੰ ਫਾਊਲ ਖੇਡਣ ਵਜੋਂ ਕਦੇ ਕੋਈ ਰੈੱਡ ਜਾਂ ਪੀਲਾ ਕਾਰਡ ਨਹੀਂ ਮਿਲਿਆ। ਬਲਬੀਰ ਸਿੰਘ ਇੰਡੀਆ ਦਾ ਇਕਲੌਤਾ ਪਲੇਅਰ ਹੈ, ਜਿਸ ਨੂੰ ਕੁੱਲ ਆਲਮ ਦੇ 16 ਆਈਕੋਨ ਹਾਕੀ ਖਿਡਾਰੀਆਂ 'ਚ ਸਥਾਨ ਨਸੀਬ ਹੋਇਆ। 2006 'ਚ ਬਲਬੀਰ ਸਿੰਘ ਨੂੰ 'ਬੈਸਟ ਸਿੱਖ ਹਾਕੀ ਪਲੇਅਰ' ਦਾ ਖਿਤਾਬ ਦਿੱਤਾ ਗਿਆ। ਪਰ ਇਸ ਸਨਮਾਨ ਨਾਲ ਕੋਈ ਝਮੇਲਾ ਖੜ੍ਹਾ ਹੋਣ ਦੇਡਰੋਂ ਬਲਬੀਰ ਸਿੰਘ ਨੇ ਇਹ ਖਿਤਾਬ ਕੌਮੀ ਹਾਕੀ ਟੀਮ ਦੀ ਬਿਹਤਰੀ ਲਈ ਹਾਕੀ ਇੰਡੀਆ ਨੂੰ ਸਮਰਪਿਤ ਕਰ ਦਿੱਤਾ। ਕੌਮੀ ਅਤੇ ਕੌਮਾਂਤਰੀ ਫੀਲਡ ਹਾਕੀ ਨੂੰ ਦਿੱਤੀਆਂ ਲਾਸ਼ਾਨੀਆ ਖੇਡ ਸੇਵਾਵਾਂ ਬਦਲੇ ਕੇਂਦਰੀ ਖੇਡ ਮੰਤਰਾਲੇ ਵਲੋਂ ਬਲਬੀਰ ਸਿੰਘ ਸੀਨੀਅਰ ਨੂੰ 'ਅਰਜੁਨਾ ਐਵਾਰਡ' ਅਤੇ 1957 'ਚ 'ਪਦਮਸ਼੍ਰੀ' ਦੇ ਵਕਾਰੀ ਖੇਡ ਸਨਮਾਨਾਂ ਨਾਲ ਨਿਵਾਜਿਆ ਗਿਆ। 2015 'ਚ ਓਲੰਪੀਅਨ ਬਲਬੀਰ ਸਿੰਘ ਨੂੰ 'ਇੰਡੀਅਨ ਸਪੋਰਟਸਮੈਨ ਆਫ ਦਿ ਟਵੰਟੀਅਥ ਸੈਂਚਰੀ' ਨਾਮਜ਼ਦ ਕੀਤਾ ਗਿਆ। ਬਲਬੀਰ ਸਿੰਘ ਸੀਨੀਅਰ ਨੇ ਤਿੰਨ ਵਾਰ ਓਲੰਪਿਕ ਹਾਕੀ ਅਤੇ ਇਕ ਵਾਰ ਏਸ਼ਿਆਈ ਖੇਡਾਂ 'ਚ ਕੌਮੀ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ। ਬਲਬੀਰ ਸਿੰਘ ਸੀਨੀਅਰ ਫੀਲਡ ਹਾਕੀ 'ਚ ਦੁਨੀਆਂ ਦਾ ਇਕੋ ਇਕ ਸਟਾਰ ਖਿਡਾਰੀ ਹੈ, ਜਿਸ ਨੂੰ ਬਤੌਰ ਖਿਡਾਰੀ, ਉਪ-ਕਪਤਾਨ, ਕਪਤਾਨ ਅਤੇ ਟੀਮ ਸਿਖਲਾਇਰ ਵਜੋਂ ਭਾਰਤੀ ਹਾਕੀ ਟੀਮ ਨੂੰ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਬਣਾਉਣ ਦਾ ਮਾਣ ਨਸੀਬ ਹੋਇਆ। ਬਲਬੀਰ ਸਿੰਘ ਸੀਨੀਅਰ ਦੀ ਕਪਤਾਨੀ 'ਚ ਟੋਕੀਓ ਏਸ਼ਿਆਈ ਖੇਡਾਂ ਦੇ ਪਲੇਠੇ ਹਾਕੀ ਮੁਕਾਬਲੇ 'ਚ ਭਾਰਤੀ ਟੀਮ ਨੇ ਚਾਂਦੀ ਦਾ ਮੈਡਲ ਹਾਸਲ ਕੀਤਾ। ਬਲਬੀਰ ਸਿੰਘ ਨੇ ਖੇਡ ਮੈਦਾਨ 'ਚ ਜਿਨ੍ਹਾਂ ਹੱਥਾਂ ਨਾਲ ਵਿਰੋਧੀ ਟੀਮਾਂ ਦੇ ਤੂੰਬੇ ਉਡਾਏ, ਉਨ੍ਹਾਂ ਹੱਥਾਂ ਨਾਲ ਆਲਮੀ ਹਾਕੀ ਨੂੰ ਕਲਮਬੰਦ ਵੀ ਕੀਤਾ। ਬਲਬੀਰ ਸਿੰਘ ਨੇ 1977 'ਚ 'ਦਿ ਗੋਲਡਨ ਹੈਟਰਿੱਕ' ਤੇ 2008 'ਚ 'ਦਿ ਗੋਲਡਨ ਯਾਰਡ ਸਟਿੱਕ' ਹਾਕੀ ਨਾਲ ਸਬੰਧਤ ਦੋ ਕਿਤਾਬਾਂ ਵੀ ਲਿਖੀਆਂ। ਲੰਡਨ-1948 ਓਲੰਪਿਕ 'ਚ ਅਰਜਨਟੀਨਾ ਵਿਰੁੱਧ ਬਲਬੀਰ ਸਿੰਘ ਨੇ ਕਰੀਅਰ ਦੇ ਪਲੇਠੇ ਓਲੰਪਿਕ ਮੈਚ 'ਚ 6 ਗੋਲਾਂ ਨਾਲ ਡਬਲ ਹੈਟਰਿੱਕ ਪੂਰੀ ਕਰਕੇ ਖੇਡ ਹਲਕਿਆਂ ਨੂੰ ਸੁੰਨ ਕਰ ਦਿੱਤਾ। ਕਪਤਾਨ ਕਿਸ਼ਨ ਸਿੰਘ ਦੀ ਅਗਵਾਈ 'ਚ ਭਾਰਤੀ ਟੀਮ ਨੇ 9-1 ਗੋਲ ਅੰਤਰ ਦੀ ਸਕੋਰ ਲਾਈਨ ਨਾਲ ਮੈਚ 'ਤੇ ਜਿੱਤ ਦੀ ਮੋਹਰ ਲਾਈ। ਇਸ ਮੈਚ ਦੀ ਖਾਸੀਅਤ ਇਹ ਰਹੀ ਕਿ ਅਰਜਨਟੀਨੀ ਕੋਚ ਨੇ ਬਲਬੀਰ ਸਿੰਘ ਦੇ ਹਮਲਿਆਂ ਦੀ ਧਾਰ ਨੂੰ ਖੁੰਢਾ ਕਰਨ ਲਈ ਪੂਰੀ ਵਾਹ ਲਾਈ। ਵਿਰੋਧੀ ਕੋਚਿੰਗ ਕੈਂਪ ਵਲੋਂ ਬਾਹਰ ਬੈਂਚ 'ਤੇ ਬੈਠੇ ਰੱਖਿਅਕਾਂ ਅਤੇ ਗੋਲਚੀ ਨੂੰ ਬਦਲਵੇਂ ਖਿਡਾਰੀਆਂ ਵਜੋਂ ਮੈਦਾਨ 'ਚ ਉਤਾਰਿਆ ਗਿਆ। ਪਰ ਕੋਚ ਦੀ ਕੋਈ ਵੀ ਰਣਨੀਤੀ ਬਲਬੀਰ ਸਿੰਘ ਦੀ ਪੈਨੀ ਖੇਡ ਨੂੰ ਨਕੇਮ ਪਾਉਣ 'ਚ ਰੰਗ ਨਹੀਂ ਲਿਆ ਸਕੀ। ਮੈਚ ਸਮਾਪਤੀ ਦੇ ਹੁੱਟਰ ਤੋਂ ਬਾਅਦ ਅਰਜਨਟੀਨੀ ਕੋਚ ਦਾ ਬਲਬੀਰ ਸਿੰਘ ਬਾਰੇ ਤਰਕ ਸੀ ਕਿ ਮੈਨੂੰ ਨਹੀਂ ਲੱਗਦਾ ਕਿ ਭਵਿੱਖ 'ਚ ਕੋਈ ਡਿਫੈਂਸ ਲਾਈਨ ਇਸ ਹਮਲਾਵਰ ਖਿਡਾਰੀ ਨੂੰ ਕਾਬੂ ਕਰਨ ਦੇ ਸਮਰੱਥ ਹੋਵੇਗੀ। ਇਸ ਓਲੰਪਿਕ ਅਡੀਸ਼ਨ 'ਚ ਮੇਜ਼ਬਾਨ ਬ੍ਰਿਟੇਨ ਦੀ ਟੀਮ ਨਾਲ ਖੇਡੇ ਫਾਈਨਲ ਮੈਚ ਬਲਬੀਰ ਸਿੰਘ ਦੀ ਹਾਕੀ 'ਚੋਂ ਫੇਰ ਦੋ ਗੋਲ ਨਿਕਲੇ। ਓਲੰਪਿਕ ਚੈਂਪੀਅਨ ਬਣੀ ਕੌਮੀ ਟੀਮ ਨੇ ਮੈਚ 4-0 ਗੋਲ ਜਿੱਤ ਕੇ ਸੋਨ ਤਗਮਾ 'ਤੇ ਕਬਜ਼ਾ ਜਮਾਇਆ। ਬਲਬੀਰ ਸਿੰਘ ਸੀਨੀਅਰ ਫਾਈਨਲ 'ਚ ਮੇਜ਼ਬਾਨ ਬ੍ਰਿਟੇਨ ਦੀ ਟੀਮ 'ਤੇ ਨਿੱਜੀ ਦੋ ਗੋਲ ਦਾਗਣ ਨੂੰ ਖੇਡ ਕਰੀਅਰ ਦੀ ਸ਼ਾਨਦਾਰ ਪਾਰੀ ਮੰਨਦਾ ਹੈ। ਉਸ ਦਾ ਕਹਿਣਾ ਹੈ ਕਿ ਅੰਗਰੇਜ਼ਾਂ ਨੂੰ ਭਾਰਤ 'ਚੋਂ ਕੱਢਣ ਤੋਂ ਕੁੱਝ ਮਹੀਨੇ ਬਾਅਦ ਬ੍ਰਿਟੇਨ ਨੂੰ ਹੋਮ ਗਰਾਊਂਡ 'ਤੇ ਚਿੱਤ ਕਰਕੇ ਓਲੰਪਿਕ ਚੈਂਪੀਅਨ ਬਣਨ ਨੂੰ ਦੇਸ਼ 'ਚ ਕੌਮੀ ਹਾਕੀ ਟੀਮ ਦੀ ਮਾਣਮੱਤੀ ਪ੍ਰਾਪਤੀ ਵਜੋਂ ਵੇਖਿਆ ਗਿਆ। ਹੇਲਸਿੰਕੀ-1952 ਖੇਡਣ ਵਾਲੀ ਕੌਮੀ ਹਾਕੀ ਟੀਮ 'ਚ ਬਲਬੀਰ ਸਿੰਘ ਸੀਨੀਅਰ ਨੂੰ ਉਪ-ਕਪਤਾਨ ਥਾਪਿਆ ਗਿਆ। ਕੇ.ਡੀ. ਸਿੰਘ ਬਾਬੂ ਕਮਾਨ 'ਚ ਕੌਮੀ ਹਾਕੀ ਟੀਮ ਨੇ ਸੋਨ ਤਗਮਾ ਜਿੱਤਣ 'ਚ ਸਫਲਤਾ ਹਾਸਲ ਕੀਤੀ। ਬ੍ਰਿਟੇਨ ਨਾਲ ਖੇਡੇ ਸੈਮੀਫਾਈਨਲ 'ਚ ਬਲਬੀਰ ਸਿੰਘ ਦੀ ਬਣਾਈ ਹੈਟਰਿਕ ਸਦਕਾ ਟੀਮ ਨੇ 3-1 ਨਾਲ ਜਿੱਤ ਦਰਜ ਕਰਕੇ ਫਾਈਨਲ ਖੇਡਣ ਦਾ ਟਿਕਟ ਕਟਾਇਆ। ਇਸ ਓਲੰਪਿਕ ਮੁਕਾਬਲੇ 'ਚ ਸੋਨੇ ਦੇ ਮੈਡਲ ਲਈ ਹਾਲੈਂਡ ਨਾਲ ਖੇਡੇ ਮੈਚ 'ਚ ਸੈਂਟਰ ਫਾਰਵਰਡ ਬਲਬੀਰ ਸਿੰਘ ਸੀਨੀਅਰ ਨੇ ਫਾਈਨਲ 'ਚ ਪੰਜ ਗੋਲ ਕਰਕੇ ਨਵਾਂ ਓਲੰਪਿਕ ਰਿਕਾਰਡ ਸਿਰਜਿਆ। ਬਲਬੀਰ ਸਿੰਘ ਤੋਂ ਪਹਿਲਾਂ ਓਲੰਪਿਕ ਦੇ ਫਾਈਨਲ ਮੈਚ 'ਚ ਚਾਰ ਗੋਲ ਕਰਨ ਦਾ ਰਿਕਾਰਡ ਬ੍ਰਿਟੇਨ ਦੇ ਹਮਲਾਵਰ ਖਿਡਾਰੀ ਰਿਗੀ ਪਰਿਡਮੋਰ ਨੇ ਲੰਡਨ-1908 'ਚ ਹੋਈਆਂ ਪਹਿਲੀਆਂ ਓਲੰਪਿਕ ਖੇਡਾਂ 'ਚ ਆਪਣੇ ਨਾਮ ਦਰਜ ਕਰਵਾਇਆ ਸੀ। ਹੇਲਸਿੰਕੀ ਓਲੰਪਿਕ ਹਾਕੀ 'ਚ ਹਾਲੈਂਡ 'ਤੇ 6-1 ਗੋਲਾਂ ਨਾਲ ਜਿੱਤ ਕਰਨ ਵਾਲੀ ਭਾਰਤੀ ਹਾਕੀ ਟੀਮ ਵਲੋਂ ਪੂਰੇ ਮੁਕਾਬਲੇ 'ਚ ਕੀਤੇ 13 ਗੋਲਾਂ 'ਚੋਂ 9 ਗੋਲ ਬਲਬੀਰ ਸਿੰਘ ਸੀਨੀਅਰ ਦੀ ਸਟਿੱਕ 'ਚੋਂ ਨਿਕਲੇ ਸਨ। ਬਲਬੀਰ ਸਿੰਘ ਸੀਨੀਅਰ ਦੀ ਕਪਤਾਨੀ 'ਚ ਮੈਲਬਰਨ-1956 ਦੀਆਂ ਓਲੰਪਿਕ ਖੇਡਾਂ 'ਚ ਕੌਮੀ ਟੀਮ ਨੇ ਸੋਨੇ ਦਾ ਤਗਮਾ ਹਾਸਲ ਕੀਤਾ। ਇਸ ਓਲੰਪਿਕ ਮੁਕਾਬਲੇ 'ਚ ਬਲਬੀਰ ਸਿੰਘ ਨੇ ਅਫਗਾਨਿਸਤਾਨ ਨਾਲ ਖੇਡੇ ਦੂਜੇ ਮੈਚ 'ਚ ਪੰਜ ਗੋਲ ਦਾਗਣ ਦਾ ਕਰਿਸ਼ਮਾ ਕੀਤਾ। ਕਾਬਲੇਗੌਰ ਹੈ ਕਿ ਬਲਬੀਰ ਸਿੰਘ ਨੇ ਓਲੰਪਿਕ ਹਾਕੀ ਮੁਕਾਬਲੇ 'ਚ ਦੂਜੀ ਵਾਰ ਇਕ ਮੈਚ 'ਚ ਪੰਜ ਗੋਲ ਕਰਨ ਦਾ ਕਾਰਨਾਮਾ ਆਪਣੇ ਨਾਮ ਕੀਤਾ। ਮੈਲਬਰਨ ਓਲੰਪਿਕ ਤੋਂ ਪਹਿਲਾਂ ਬਲਬੀਰ ਸਿੰਘ ਸੀਨੀਅਰ ਨੇ ਹੇਲਸਿੰਕੀ ਓਲੰਪਿਕ ਦੇ ਫਾਈਨਲ 'ਚ ਹਾਲੈਂਡ ਵਿਰੁੱਧ ਪੰਜ ਗੋਲ ਕੀਤੇ ਸਨ। ਮੈਲਬਰਨ ਓਲੰਪਿਕਮੁਕਾਬਲੇ 'ਚ ਸੱਟ ਲੱਗਣ ਕਾਰਨ ਬਲਬੀਰ ਸਿੰਘ ਬਾਕੀ ਦੇ ਪੂਲ ਮੈਚ ਖੇਡਣੋਂ ਮੈਦਾਨ 'ਚੋਂ ਗੈਰ-ਹਾਜ਼ਰ ਰਿਹਾ। ਪਰ ਚੋਟ ਦੇ ਬਾਵਜੂਦ ਕੋਚਿੰਗ ਕੈਂਪ ਵਲੋਂ ਟੀਮ ਦਾ ਮਨੋਬਲ ਵਧਾਉਣ ਲਈ ਬਲਬੀਰ ਸਿੰਘ ਨੂੰ ਸੈਮੀਫਾਈਨਲ ਅਤੇ ਫਾਈਨਲ ਖੇਡਣ ਲਈ ਮੈਦਾਨ 'ਚ ਉਤਾਰਿਆ ਗਿਆ। ਕੌਮੀ ਹਾਕੀ ਟੀਮ ਨੇ ਪਾਕਿਸਤਾਨ ਨੂੰ ਫਸਵੇਂ ਫਾਈਨਲ 'ਚ 1-0 ਗੋਲ ਨਾਲ ਹਰਾ ਕੇ ਓਲੰਪਿਕ ਚੈਂਪੀਅਨ ਬਣਨ ਦਾ ਜੱਸ ਖੱਟਿਆ। ਓਲੰਪਿਕ ਹਾਕੀ ਦੇ ਫਾਈਨਲ ਮੈਚ ਤੋਂ ਇਲਾਵਾ ਇਕ ਮੈਚ 'ਚ ਭਾਵ ਦੋ ਵਾਰ ਪੰਜ ਗੋਲ ਕਰਨ ਦਾ ਰਿਕਾਰਡ ਅਜੇ ਤੱਕ ਬਲਬੀਰ ਸਿੰਘ ਸੀਨੀਅਰ ਦੇ ਨਾਮ ਬੋਲਦਾ ਹੈ। ਇਹ ਕਾਰਨਾਮਾ ਬਲਬੀਰ ਸਿੰਘ ਨੇ ਹੇਲਸਿੰਕੀ-1952 ਓਲੰਪਿਕ 'ਚ ਹਾਲੈਂਡ ਵਿਰੁੱਧ ਫਾਈਨਲ 'ਚ ਪੰਜ ਗੋਲ ਕਰਕੇ ਰਿਕਾਰਡ ਡਾਇਰੀ 'ਚ ਆਪਣੇ ਨਾਲ ਦਰਜ ਕਰਵਾਇਆ ਸੀ। ਹਾਕੀ ਦੇ ਕੁੱਝ ਜਾਣਕਾਰਾਂ ਦਾ ਕਹਿਣਾ ਸੀ ਕਿ ਬਲਬੀਰ ਸਿੰਘ ਨੇ ਪੰਜ ਗੋਲ ਕਰਕੇ ਮੇਜਰ ਧਿਆਨ ਚੰਦ ਸਿੰਘ ਵਲੋਂ ਬਰਲਿਨ-1936 ਦੇ ਓਲੰਪਿਕ ਅਡੀਸ਼ਨ 'ਚ ਜਰਮਨੀ ਵਿਰੁੱਧ ਫਾਈਨਲ 'ਚ ਕੀਤੇ ਪੰਜ ਗੋਲਾਂ ਦੀ ਬਰਾਬਰੀ ਕੀਤੀ ਸੀ। ਪਰ ਆਲਮੀ ਹਾਕੀ 'ਚ ਜਾਦੂਗਰ ਧਿਆਨ ਚੰਦ ਸਿੰਘ ਵਲੋਂ 'ਗੋਲ' ਨਾਂ ਦੇ ਟਾਈਟਲ ਹੇਠ ਲਿਖੀ ਬਾਇਓਗ੍ਰਾਫੀ ਜਿਹੜੀ 'ਸਪੋਰਟਸ ਐਂਡ ਪਾਸਟ ਟਾਈਮ' ਵਲੋਂ 1952 'ਚ ਪ੍ਰਕਾਸ਼ਿਤ ਕੀਤੀ ਗਈ, ਵਿਚ ਖੁਲਾਸਾ ਕੀਤਾ ਹੈ ਕਿ ਬਰਲਿਨ ਓਲੰਪਿਕ ਦੇ ਫਾਈਨਲ 'ਚ ਮੇਜ਼ਬਾਨ ਜਰਮਨੀ ਦੇ ਖਿਡਾਰੀਆਂ ਨੂੰ 8-1 ਹਰਾਇਆ ਗਿਆ। ਇਨ੍ਹਾਂ ਗੋਲਾਂ 'ਚ ਮੇਰੇ ਵਲੋਂ ਤਿੰਨ, ਦਾਰਾ ਵਲੋਂ ਦੋ, ਰੂਪ ਸਿੰਘ, ਤਪਸਿਲ ਅਤੇ ਜਫਰ ਵਲੋਂ ਇਕ-ਇਕ ਗੋਲ ਦਾਗਿਆ ਗਿਆ। ਦੁਨੀਆਂ ਦੀ ਹਾਕੀ ਦੇ ਮੈਜੀਸ਼ੀਅਨ ਮੇਜਰ ਧਿਆਨ ਚੰਦ ਸਿੰੰਘ ਵਲੋਂ ਸਥਿਤੀ ਸਪਸ਼ਟ ਕਰਨ ਤੋਂ ਬਾਅਦ ਓਲੰਪਿਕ ਖੇਡਾਂ ਦੇ ਫਾਈਨਲ 'ਚ 05 (ਪੰਜ ਗੋਲ) ਦੇ ਰਿਕਾਰਡ ਹੋਲਡਰ ਬਲਬੀਰ ਸਿੰਘ ਸੀਨੀਅਰ ਹੀ ਹਨ।

ਬਲਬੀਰ ਸਿੰਘ ਸੀਨੀਅਰ ਮਹਾਨ ਹਾਕੀ ਖਿਡਾਰੀ ਨਾਮਜ਼ਦ ਹੋਣ ਤੋਂ ਇਲਾਵਾ ਇਕ ਪਾਏਦਾਰ ਸਿਖਲਾਇਰ ਵੀ ਸਾਬਤ ਹੋਇਆ। ਹਾਕੀ ਫੈਡਰੇਸ਼ਨ ਵਲੋਂ ਕੁਆਲਾਲੰਪੁਰ-1975 ਦਾ ਵਿਸ਼ਵ ਹਾਕੀ ਖੇਡਣ ਵਾਲੀ ਟੀਮ ਦੀ ਤਿਆਰੀ ਬਲਬੀਰ ਸਿੰਘ ਸੀਨੀਅਰ ਦੇ ਹੱਥ ਸੌਂਪੀ ਗਈ। ਚੀਫ ਕੋਚ ਬਲਬੀਰ ਸਿੰਘ ਨੇ ਖਿਡਾਰੀਆਂ ਨੂੰ ਮੈਦਾਨੀ ਖੇਡ 'ਚ ਟਰੇਂਡ ਕਰਨ ਦੇ ਨਾਲ-ਨਾਲ ਮਨੋਵਿਗਿਆਨਕ ਤੌਰ 'ਤੇ ਵੀ ਮਜ਼ਬੂਤ ਕੀਤਾ। ਕੋਚਿੰਗ ਕੰਪਲੈਕਸ 'ਚੋਂ ਸਾਰੇ ਧਰਮਾਂ ਦੇ ਗੁਰੂਆਂ ਦੀਆਂ ਫੋਟੋਆਂ ਸੁਸ਼ੋਭਿਤ ਕੀਤੀਆਂ ਗਈਆਂ, ਜਿਨ੍ਹਾਂ ਨੂੰ ਸਿਜਦਾ ਕਰਕੇ ਹਾਕੀ ਖਿਡਾਰੀ ਦੇ ਮੈਦਾਨ 'ਚ ਪ੍ਰੈਕਟਿਸ ਕਰਨ ਜਾਂਦੇ। ਇਥੇ ਹੀ ਬਸ ਨਹੀਂ, ਜਦੋਂ ਕਿਸੇ ਖਿਡਾਰੀ ਦੀ ਮੈਦਾਨੀ ਖੇਡ ਲੈਅ ਲੀਹੋਂ ਲੱਥ ਜਾਂਦੀ ਤਾਂ ਬਤੌਰ ਹਾਕੀ ਕੋਚ ਬਲਬੀਰ ਸਿੰਘ ਵਲੋਂ ਖਿਡਾਰੀ ਨਾਲ ਮਸ਼ਵਰਾ ਕਰਕੇ ਉਸ ਦੀ ਜਰਸੀ ਬਦਲੀ ਜਾਂਦੀ, ਪਾਣੀ 'ਚ ਤਿੱਲ-ਚੌਲੀ ਸੁੱਟਣ ਲਈ ਕਿਹਾ ਜਾਂਦਾ ਜਾਂ ਖੇਡਣ ਦੀ ਪੁਜ਼ੀਸ਼ਨ ਬਦਲ ਦਿੱਤੀ ਜਾਂਦੀ ਆਦਿ। ਮਲੇਸ਼ੀਆ-1975 ਦਾ ਆਲਮੀ ਹਾਕੀ ਕੱਪ ਖੇਡਣ ਲਈ ਏਅਰਪੋਰਟ 'ਤੇ ਪੁੱਜੀਆਂ ਭਾਰਤ ਅਤੇ ਪਾਕਿਸਤਾਨ ਟੀਮਾਂ ਦੇ ਜਦੋਂ ਸਵਾਗਤੀ ਹਾਰ ਪਾਏ ਜਾ ਰਹੇ ਸਨ ਤਾਂ ਬਲਬੀਰ ਸਿੰਘ ਨੇ ਚਲਾਕੀ ਵਰਤਦਿਆਂ ਪ੍ਰਬੰਧਕਾਂ ਨੂੰ ਕਿਹਾ ਸਾਡੇ ਨਾਲੋਂ ਇਹ ਹਾਰ ਪਾਕਿਸਤਾਨੀ ਟੀਮ ਦੇ ਗਲਿਆਂ 'ਚ ਜ਼ਿਆਦਾ ਫੱਬਣਗੇ। ਇਹ ਬਲਬੀਰ ਸਿੰਘ ਦੀ ਖੇਡ ਰਣਨੀਤੀ ਦਾ ਹੀ ਹਿੱਸਾ ਸੀ, ਜਿਸ ਸਦਕਾ ਪਾਕਿਸਤਾਨੀ ਟੀਮ ਨੂੰ ਹਰਾਉਣ ਦਾ ਮੁੱਢ ਤਾਂ ਏਅਰਪੋਰਟ 'ਤੇ ਉਨ੍ਹਾਂ ਦੇ ਗਲਿਆਂ 'ਚ ਹਾਰ ਪਾਉਣ ਨਾਲ ਹੀ ਬੱਝ ਗਿਆ ਸੀ। ਪਾਕਿਸਤਾਨ ਨਾਲ ਫਾਈਨਲ ਖੇਡਣ ਤੋਂ ਇਕ ਦਿਨ ਪਹਿਲਾਂ ਬਲਬੀਰ ਸਿੰਘ ਸੀਨੀਅਰ ਜਦੋਂ ਪੂਰੀ ਟੀਮ ਨਾਲ ਕੁਆਲਾਲੰਪੁਰ 'ਚ ਸਥਿਤ ਮਸਜਿਦ 'ਚ ਸਿਜਦਾ ਕਰਨ ਤੋਂ ਵਾਪਸ ਪਰਤ ਰਹੇ ਸਨ ਤਾਂ ਰਸਤੇ 'ਚ ਪਾਕਿਸਤਾਨੀ ਟੀਮ ਨਾਲ ਟਾਕਰਾ ਹੋ ਗਿਆ। ਪਾਕਿ ਕੋਚ ਵਲੋਂ ਪੁੱਛਣ 'ਤੇ ਬਲਬੀਰ ਸਿੰਘ ਸੀਨੀਅਰ ਹੁਰਾਂ ਕਿਹਾ ਕਿ ਜਿੱਤ ਦੀ ਮੰਨਤ ਮੰਗਣ ਮਸਜਿਦ ਗਏ ਸਾਂ। ਇਸ 'ਤੇ ਪਾਕਿਸਤਾਨੀ ਕੋਚ ਦਾ ਕਹਿਣਾ ਸੀ ਕਿ ਜੋ ਅੱਲ੍ਹਾ ਦੇ ਦਰਬਾਰ ਅਸੀਂ ਮੰਗਣ ਜਾ ਰਹੇ ਹਾਂ, ਉਹ ਤਾਂ ਬਲਬੀਰ ਹੁਰੀਂ ਪਹਿਲਾਂ ਹੀ ਲੈ ਆਏ ਹਨ।


author

Ranjit

Content Editor

Related News