PM ਦੀ ਜਾਨ ਖਤਰੇ ’ਚ ਪਾਉਣ ਦੀ ਸਾਜ਼ਿਸ਼ ਦਿੱਲੀ ’ਚ ਰਚੀ ਗਈ, ਰਾਹੁਲ ਤੇ ਸੋਨੀਆ ਚੁੱਪ ਕਿਉਂ? : ਅਸ਼ਵਨੀ ਸ਼ਰਮਾ

Friday, Jan 07, 2022 - 03:14 PM (IST)

PM ਦੀ ਜਾਨ ਖਤਰੇ ’ਚ ਪਾਉਣ ਦੀ ਸਾਜ਼ਿਸ਼ ਦਿੱਲੀ ’ਚ ਰਚੀ ਗਈ, ਰਾਹੁਲ ਤੇ ਸੋਨੀਆ ਚੁੱਪ ਕਿਉਂ? : ਅਸ਼ਵਨੀ ਸ਼ਰਮਾ

ਚੰਡੀਗੜ੍ਹ (ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਪੰਜਾਬ ’ਚ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਸੀ, ਜਿਸ ਨੂੰ ਮੁੱਖ ਮੰਤਰੀ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਡੀ. ਜੀ. ਪੀ. ਪੰਜਾਬ ਦੇ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਦਾਅ ’ਤੇ ਲਗਾ ਕੇ ਉਨ੍ਹਾਂ ਦੀ ਜਾਨ ਦਾਅ ’ਤੇ ਲਾ ਦਿੱਤੀ। ਇਹ ਦੋਸ਼ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ’ਤੇ ਲਾਏ। ਸ਼ਰਮਾ ਨੇ ਕਿਹਾ ਕਿ ਇਸ ਘਟਨਾ ਸਬੰਧੀ ਕਾਂਗਰਸੀ ਆਗੂਆਂ ਦੇ ਘਟੀਆ ਤੇ ਸ਼ਰਮਨਾਕ ਬਿਆਨਾਂ ਨੇ ਪੰਜਾਬ ਅਤੇ ਪੰਜਾਬੀਆਂ ਦਾ ਸਿਰ ਦੁਨੀਆ ’ਚ ਝੁਕਾ ਦਿੱਤਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ 5 ਜਨਵਰੀ ਦਾ ਦਿਨ ਪੰਜਾਬ ਸਰਕਾਰ ਦੇ ਸਿਆਸੀ ਅਤੇ ਗੈਰ-ਜ਼ਮਹੂਰੀ ਰਵੱਈਏ ਲਈ ਕਾਲੇ ਅੱਖਰਾਂ ’ਚ ਲਿਖਿਆ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਨਾਲ ਖੇਡੀ ਗਈ ਸਾਜ਼ਿਸ਼ ਕਾਰਨ ਲੋਕਤੰਤਰ ਅਤੇ ਪੰਜਾਬੀਅਤ ਵੀ ਸ਼ਰਮਸਾਰ ਹੋਈ ਹੈ ਅਤੇ ਇਹ ਸਭ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਹੋਇਆ ਹੈ। ਜਦੋਂ ਵੀ ਪ੍ਰਧਾਨ ਮੰਤਰੀ ਦਾ ਦੌਰਾ ਹੁੰਦਾ ਹੈ ਤਾਂ ਉਸ ਲਈ ਬਦਲਵੇਂ ਰਸਤੇ ਨਿਸ਼ਚਿਤ ਕੀਤੇ ਜਾਂਦੇ ਹਨ ਅਤੇ ਇਸ ’ਚ ਵੀ ਅਜਿਹਾ ਹੀ ਹੋਇਆ ਸੀ ਅਤੇ ਇਹ ਸਭ ਸੂਬਾ ਸਰਕਾਰ ਅਤੇ ਉਨ੍ਹਾਂ ਦੀ ਸੁਰੱਖਿਆ ’ਚ ਲੱਗੇ ਉਚ ਅਧਿਕਾਰੀਆਂ ਨੂੰ ਪਤਾ ਸੀ ਅਤੇ ਡੀ.ਜੀ.ਪੀ. ਪੰਜਾਬ ਦੀ ਹਰੀ ਝੰਡੀ ਤੋਂ ਬਾਅਦ ਪ੍ਰਧਾਨ ਮੰਤਰੀ ਸੜਕ ਰਾਹੀਂ ਰਵਾਨਾ ਹੁੰਏ। ਜਾਪਦਾ ਹੈ ਕਿ ਇਹ ਸਾਜ਼ਿਸ਼ ਪੰਜਾਬ ਹੀ ਨਹੀਂ ਦਿੱਲੀ ’ਚ ਬੈਠੀ ਕਾਂਗਰਸ ਹਾਈਕਮਾਂਡ ਨੇ ਰਚੀ ਹੈ। ਜਿਸ ਤਰ੍ਹਾਂ ਕਾਂਗਰਸ ਦੇ ਬੁਲਾਰਿਆਂ ਦੇ ਬਿਆਨ ਆ ਰਹੇ ਹਨ ਅਤੇ ਉਨ੍ਹਾਂ ਦੇ ਪ੍ਰਧਾਨ ਚੁੱਪ ਧਾਰੀ ਬੈਠੇ ਹਨ। ਜਿੱਥੇ ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀ ਆਗੂਆਂ ਨੂੰ ਕਾਂਗਰਸ ਸਰਕਾਰ ਦੀ ਨਾਕਾਮੀ ’ਤੇ ਸ਼ਰਮ ਮਹਿਸੂਸ ਕਰਨੀ ਚਾਹੀਦੀ ਸੀ, ਉਥੇ ਉਹ ਉਲਟੇ-ਸਿੱਧੇ ਬਿਆਨ ਦੇ ਰਹੇ ਹਨ।

ਇਹ ਵੀ ਪੜ੍ਹੋ : ਵੱਡਾ ਸਵਾਲ: ਅੰਦੋਲਨਕਾਰੀਆਂ ਨੂੰ ਕਿਵੇਂ ਮਿਲੀ PM ਦੇ ਸੜਕ ਰਾਹੀਂ ਜਾਣ ਦੇ ਪ੍ਰੋਗਰਾਮ ਦੀ ਜਾਣਕਾਰੀ 

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸੁਰੱਖਿਆ ਕਾਫਲੇ ’ਚ ਡੀ. ਜੀ. ਪੀ. ਪੰਜਾਬ ਅਤੇ ਮੁੱਖ ਸਕੱਤਰ ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਦੀ ਗੈਰਹਾਜਰੀ, ਇਹ ਸਭ ਸ਼ੱਕ ਦੇ ਘੇਰੇ ’ਚ ਆਉਂਦਾ ਹੈ। ਭਾਰੀ ਬਾਰਿਸ਼ ਦੇ ਬਾਵਜੂਦ ਮੋਦੀ ਦੀ ਰੈਲੀ ’ਚ ਪਹੁੰਚੇ ਲੋਕਾਂ ਅਤੇ ਵਰਕਰਾਂ ਦੀ ਆਮਦ ਨੂੰ ਦੇਖ ਕੇ ਕਾਂਗਰਸ ’ਚ ਡਰ ਪੈਦਾ ਹੋ ਗਿਆ ਸੀ। ਕਾਂਗਰਸ ਨੂੰ ਆਪਣੀ ਹਾਰ ਸਾਫ਼ ਨਜ਼ਰ ਆ ਰਹੀ ਸੀ। ਅਸ਼ਵਨੀ ਸਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਕਿਸ ਹੱਦ ਤੱਕ ਡਿੱਗ ਸਕਦੀ ਹੈ, ਇਸ ਦੀ ਤਾਜ਼ਾ ਮਿਸਾਲ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਜਨਤਾ ਅਤੇ ਦੁਨੀਆ ਦੇ ਸਾਹਮਣੇ ਆਈ ਹੈ। ਜੇਕਰ ਪ੍ਰਧਾਨ ਮੰਤਰੀ ਮੋਦੀ ਦਾ ਦੌਰਾ ਪਹਿਲਾਂ ਤੋਂ ਯੋਜਨਾਬੱਧ ਸੀ ਤਾਂ ਸੁਰੱਖਿਆ ’ਚ ਕਮੀ ਕਿਵੇਂ ਹੋਈ? ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਸੂਬਾ ਸਰਕਾਰ ਅਤੇ ਪੁਲਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਸੀ, ਜੋ ਸਾਰੇ ਪ੍ਰੋਗਰਾਮ ਦੀ ਨਿਗਰਾਨੀ ਅਤੇ ਦੇਖਰੇਖ ’ਚ ਜੁਟੇ ਸਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਨੇ ਅੱਜ ਪੰਜਾਬ ਦਾ ਮਾਹੌਲ ਅੱਤਵਾਦ ਤੋਂ ਵੀ ਖਰਾਬ ਕਰ ਦਿੱਤਾ ਹੈ। ਕਾਂਗਰਸ ਦੀ ਸਰਪ੍ਰਸਤੀ ਵਾਲੀ ਇਸ ਘਟਨਾ ਨੇ ਕਾਂਗਰਸ ਦਾ ਖੂਨ ਵਹਾਉਣ ਅਤੇ ਰਾਜ ਕਰਨ ਵਾਲੇ ਕਿਰਦਾਰ ਨੂੰ ਉਜਾਗਰ ਕਰ ਦਿੱਤਾ ਹੈ। ਕਾਂਗਰਸ ਨੇ ਪੰਜਾਬ ਨੂੰ ਐਮਰਜੈਂਸੀ ’ਚ ਪਾ ਦਿੱਤਾ ਹੈ ਅਤੇ ਅੱਜ ਪੰਜਾਬ ਗੰਭੀਰ ਖਤਰੇ ’ਚ ਹੈ ਪਰ ਭਾਜਪਾ ਕਾਂਗਰਸ ਦੇ ਇਨ੍ਹਾਂ ਘਿਨਾਉਣੇ ਅਤੇ ਨੀਚ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਡਾ. ਸੁਭਾਸ਼ ਸ਼ਰਮਾ, ਰਾਜੇਸ਼ ਬਾਗਾ, ਹਰਜੀਤ ਗਰੇਵਾਲ, ਰਾਣਾ ਗੁਰਮੀਤ ਸਿੰਘ ਸੋਢੀ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ :  ਪੀ. ਐੱਮ. ਮੋਦੀ ਦੀ ਸੁਰੱਖਿਆ ਦੇ ਮੁੱਦੇ ’ਤੇ ਫਤਿਹਜੰਗ ਬਾਜਵਾ ਨੇ ਘੇਰੀ ਕਾਂਗਰਸ, ਕੀਤੇ ਤਿੱਖੇ ਸ਼ਬਦੀ ਹਮਲੇ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News