ਬਰਗਾੜੀ ''ਚ ਗੋਲੀ ਚਲਾਉਣ ਦਾ ਹੁਕਮ ਦੇਣ ਵਾਲਿਆਂ ਨੂੰ ਵੀ ਕੀਤਾ ਜਾਵੇਗਾ ਕਾਬੂ : ਸੁਨੀਲ ਜਾਖੜ

Sunday, Dec 22, 2019 - 08:29 PM (IST)

ਬਰਗਾੜੀ ''ਚ ਗੋਲੀ ਚਲਾਉਣ ਦਾ ਹੁਕਮ ਦੇਣ ਵਾਲਿਆਂ ਨੂੰ ਵੀ ਕੀਤਾ ਜਾਵੇਗਾ ਕਾਬੂ : ਸੁਨੀਲ ਜਾਖੜ

ਬਰਨਾਲਾ, ਧਨੌਲਾ, (ਵਿਵੇਕ ਸਿੰਧਵਾਨੀ, ਰਵੀ, ਰਵਿੰਦਰ)— ਪੰਜਾਬ 'ਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੇਅਦਬੀ ਕਾਂਡ ਹੋਇਆ ਸੀ, ਉਨ੍ਹਾਂ ਦੇ ਦੋਸ਼ੀਆਂ ਨੂੰ ਫੜਨ ਲਈ ਸੁਖਬੀਰ ਬਾਦਲ ਨੂੰ ਧਰਨੇ ਲਾਉਣੇ ਚਾਹੀਦੇ ਸਨ ਕਿਉਂਕਿ ਅਜੇ ਤੱਕ ਸਿਰਫ਼ 12 ਬੰਦੇ ਹੀ ਫੜੇ ਗਏ ਹਨ, ਜੋ ਅਸਲ ਦੋਸ਼ੀ ਹਨ। ਜਦਕਿ ਅਸਲ ਦੋਸ਼ੀ ਅਜੇ ਤੱਕ ਗ੍ਰਿਫਤਾਰ ਨਹੀਂ ਹੋਏ। ਇਹ ਸ਼ਬਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਅੱਗੇ ਕਿਹਾ ਕਿ ਬਰਗਾੜੀ ਵਿਖੇ ਲੋਕਾਂ 'ਤੇ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ। ਉਹ ਲੋਕ ਅਜੇ ਤੱਕ ਗ੍ਰਿਫਤਾਰ ਨਹੀਂ ਹੋਏ। ਅਫ਼ਸਰ ਤਾਂ ਇਸ ਦੀ ਲਪੇਟ 'ਚ ਆ ਗਏ ਹਨ ਪਰ ਜਨਰਲ ਡਾਇਰ ਵਾਂਗ ਹੁਕਮ ਦੇਣ ਵਾਲੇ ਅਜੇ ਤੱਕ ਇਸ ਦੀ ਲਪੇਟ 'ਚ ਨਹੀਂ ਆਏ ਹਨ। ਉਹ ਲੋਕ ਵੀ ਜਲਦੀ ਇਸਦੀ ਲਪੇਟ 'ਚ ਆ ਜਾਣਗੇ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਹੱਕ ਮਾਰ ਰਹੀ ਹੈ। ਜੀ. ਐੱਸ. ਟੀ. ਦਾ 22 ਸੌ ਕਰੋੜ ਰੁਪਿਆਂ ਅਜੇ ਤੱਕ ਪੰਜਾਬ ਨੂੰ ਨਹੀਂ ਦਿੱਤਾ। ਅਸੀਂ ਪੰਜਾਬ ਦੇ ਹੱਕ ਮਰਨ ਨਹੀਂ ਦੇਵਾਂਗੇ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਮਾਰਟ ਕਾਰਡ ਬਣਾਉਣ ਦੇ ਮਾਮਲੇ 'ਚ ਜ਼ਿਲਾ ਬਰਨਾਲਾ ਕਾਫੀ ਪਛੜਿਆ ਹੋਇਆ ਹੈ। ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਦੇ ਮਾਮਲੇ 'ਚ ਵੀ ਬਰਨਾਲਾ ਜ਼ਿਲਾ ਪਿੱਛੇ ਚੱਲ ਰਿਹਾ ਹੈ। ਜ਼ਿਲੇ 'ਚ ਇਕ ਲੱਖ 2 ਹਜ਼ਾਰ ਲੋਕਾਂ ਨੂੰ ਕਾਰਡ ਦੀ ਜ਼ਰੂਰਤ ਸੀ, ਅਜੇ ਤੱਕ ਸਿਰਫ਼ 77 ਹਜ਼ਾਰ ਕਾਰਡ ਹੀ ਬਣੇ ਹਨ। ਜਲੰਧਰ 'ਚ ਇਸਦੀ ਸ਼ੁਰੂਆਤ ਕੀਤੀ ਗਈ ਸੀ, ਬਰਨਾਲਾ ਦੂਜਾ ਪੜਾਅ ਹੈ। ਵਰਕਰਾਂ ਦੀਆਂ ਦੁੱਖ-ਤਕਲੀਫਾਂ ਜਾਣ ਕੇ ਉਨ੍ਹਾਂ ਦਾ ਹੱਲ ਵੀ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਵੀ ਹਾਜ਼ਰ ਸਨ।
 


author

KamalJeet Singh

Content Editor

Related News