ਕਿਸਨੇ ਮੁਕਾਇਆ ਧਰਤੀ ਹੇਠਲਾ ਪਾਣੀ ?

Tuesday, Jul 16, 2019 - 08:24 PM (IST)

ਕਿਸਨੇ ਮੁਕਾਇਆ ਧਰਤੀ ਹੇਠਲਾ ਪਾਣੀ ?

ਜਗ ਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂ ਵਾਲੀ) ਕੁਝ ਕੁ ਦਹਾਕੇ ਪਹਿਲਾਂ ਅਸੀਂ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਧਰਤੀ ਹੇਠਲਾ ਪਾਣੀ ਵੀ ਖ਼ਤਮ ਹੋ ਸਕਦਾ ਹੈ ਪਰ ਸਾਡੇ ਦੇਖਦੇ-ਦੇਖਦੇ ਇਹ ਖ਼ਤਮ ਹੋਣ ਦੀ ਕਗਾਰ ’ਤੇ ਪੁੱਜ ਚੁੱਕਾ ਹੈ। ਨੀਤੀ ਵਿਭਾਗ ਦੀ ਰਿਪੋਰਟ ਮੁਤਾਬਕ ਭਾਰਤ ਦੇ 21 ਵੱਡੇ ਸ਼ਹਿਰ 2020 ਤੱਕ ਧਰਤੀ ਹੇਠਲੇ ਪੀਣਯੋਗ ਪਾਣੀ ਤੋਂ ਲਗਭਗ ਵਾਂਝੇ ਹੋ ਜਾਣਗੇ। ਇਸਦੇ ਨਾਲ-ਨਾਲ 2030 ਤਕ ਭਾਰਤ ਦੇ 40 ਫੀਸਦੀ ਲੋਕਾਂ ਨੂੰ ਪੀਣ ਵਾਲਾ ਪਾਣੀ ਨਸੀਬ ਨਹੀਂ ਹੋਵੇਗਾ। ਇਸੇ ਤਰ੍ਹਾਂ ਗੱਲ ਪੰਜਾਬ ਦੀ ਕਰੀਏ ਤਾਂ ਸੂਬੇ ਦੇ 141 ਬਲਾਕਾਂ ਵਿਚੋਂ 107 ਬਲਾਕ ਡਾਰਕ ਜ਼ੋਨ ਐਲਾਨੇ ਜਾ ਚੁੱਕੇ ਹਨ। ਇਸ ਦੇ ਨਾਲ-ਨਾਲ ਪੰਜਾਬ ਦੇ ਇਕ ਦਰਜਨ ਦੇ ਕਰੀਬ ਬਲਾਕ ਗੰਭੀਰ ਡਾਰਕ ਜੋਨ 'ਚ ਸ਼ਾਮਲ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਾਣੀ ਦਾ ਮੌਜੂਦਾ ਸੰਕਟ, ਜਿੱਥੇ ਗਲੋਬਲੀ ਪੱਧਰ ’ਤੇ ਵਾਤਾਵਰਨ ਵਿਚ ਆ ਰਹੇ ਵਿਗਾੜ ਦਾ ਨਤੀਜਾ ਹੈ, ਉੱਥੇ ਹੀ ਸਾਡੀ ਲਾਪਰਵਾਹੀ ਵੀ ਇਸ ਸਬੰਧੀ ਓਨੀ ਹੀ ਜਿੰਮੇਵਾਰ ਹੈ। ਪਾਣੀਆਂ ਦੇ ਮਾਮਲਿਆਂ ਸਬੰਧੀ ਨਾ ਤਾਂ ਸਾਡੀਆਂ ਸਰਕਾਰਾਂ ਨੇ ਕਦੇ ਈਮਾਨਦਾਰੀ ਵਰਤੀ ਅਤੇ ਨਾ ਹੀ ਅਸੀਂ ਇਸ ਪ੍ਰਤੀ ਕੋਈ ਸੰਜੀਦਗੀ ਦਿਖਾਈ ਹੈ। ਅਸੀਂ ਕੁਦਰਤ ਦੇ ਇਨ੍ਹਾਂ ਅਣਮੁੱਲ ਖਜਾਨਿਆਂ ਨੂੰ ਅੰਨ੍ਹੇਵਾਹ ਵਰਤ ਤਾਂ ਲਿਆ ਪਰ ਇਨ੍ਹਾਂ ਕੁਦਰਤੀ ਖਜਾਨਿਆਂ ਨੂੰ ਜਿਉਂਦੇ ਰੱਖਣ ਲਈ ਕੁਝ ਵੀ ਨਹੀਂ ਕੀਤਾ।

ਸਾਡੀ ਬੇਸਮਝੀ ਅਤੇ ਮੌਸਮ ਦੀ ਬੇਰੁਖੀ
ਗਲੋਬਲੀ ਪੱਧਰ ’ਤੇ ਮੌਸਮ ਵਿਚ ਆ ਰਹੇ ਵਿਗਾੜ ਨੇ ਜਿੱਥੇ ਹਰ ਖਿੱਤੇ ਅਤੇ ਖੇਤਰ ਵਿਚ ਆਪਣਾ ਅਸਰ ਛੱਡਿਆ ਹੈ, ਉੱਥੇ ਹੀ ਪੰਜਾਬ ਦੇ ਪੌਣ-ਪਾਣੀ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਹੈ। ਮੌਸਮ ਵਿਭਾਗ ਦੇ ਅੰਕੜਿਆ ਮੁਤਾਬਕ ਪਿਛਲੇ ਕੁਝ ਦਹਾਕਿਆਂ ਦੌਰਾਨ ਪੰਜਾਬ ਵਿਚ ਮੀਂਹ ਦੀ ਦਰ ਕਾਫੀ ਘਟ ਗਈ ਹੈ। ਸੂਬੇ ਵਿਚ 90 ਦੇ ਦਹਾਕੇ ਤੱਕ ਔਸਤਨ ਵਰਖਾ 70 ਸੈਂਟੀਮੀਟਰ ਦਰਜ ਕੀਤੀ ਗਈ ਸੀ ਜੋ ਕਿ ਪਿਛਲੇ ਦਹਾਕਿਆਂ ਵਿਚ ਘੱਟ ਕੇ 50 ਸੈਂਟੀਮੀਟਰ ਹੀ ਰਹਿ ਗਈ ਹੈ। ਇਸ ਦੇ ਉਲਟ ਵਧੇਰੇ ਉਤਾਪਦਨ ਲੈਣ ਦੇ ਚੱਕਰ ਵਿਚ ਅਸੀਂ ਜ਼ਮੀਨਦੋਜ਼ ਪਾਣੀ ਦੀ ਅੰਨ੍ਹੀ ਦੁਰਵਰਤੋਂ ਕੀਤੀ ਹੈ। ਅੰਕੜਿਆਂ ਮੁਤਾਬਕ ਸੂਬੇ 'ਚ 14 ਲੱਖ ਤੋਂ ਵਧੇਰੇ ਟਿਊਬਵੈੱਲ ਹਨ। ਇਨ੍ਹਾਂ ਟਿਊਬਵੈੱਲਾਂ ਅਤੇ ਹੋਰ ਸਾਧਨਾਂ ਰਾਹੀਂ ਪੰਜਾਬ ਦੀ ਧਰਤੀ 'ਚੋਂ ਹਰ ਸਾਲ ਕਰੀਬ 36 ਅਰਬ ਕਿਊਬਿਕ ਮੀਟਰ ਪਾਣੀ ਕੱਢਿਆ ਜਾ ਰਿਹਾ ਹੈ, ਜਦਕਿ 21.58 ਅਰਬ ਕਿਊਬਿਕ ਮੀਟਰ ਪਾਣੀ ਹੀ ਵਾਪਸ ਜ਼ਮੀਨ ਵਿਚ ਰੀਸਟੋਰ ਹੁੰਦਾ ਹੈ। ਤ੍ਰਾਸਦੀ ਇਹ ਵੀ ਹੈ ਕਿ ਦੇਸ਼ ਵਿਚ ਪੈਣ ਵਾਲੇ ਮੀਂਹ ਦਾ 60 ਫ਼ੀਸਦੀ ਤੋਂ ਵੱਧ ਪਾਣੀ ਅਜਾਈਂ ਵਹਿ ਕੇ ਡਰੇਨਜ਼ ਸਿਸਟਮ ਵਿੱਚ ਚਲਾ ਜਾਂਦਾ ਹੈ। ਇਸ ਮੁੱਖ ਕਾਰਨ ਅਸੀਂ ਝੀਲਾਂ, ਤਲਾਬਾਂ ਅਤੇ ਰੀਚਾਰਜ ਦੇ ਹੋਰ ਸੋਮਿਆਂ ਦਾ ਵੀ ਪਿਛਲੇ ਕੁਝ ਸਾਲਾਂ ਦੌਰਾਨ ਕਾਫੀ ਘਾਣ ਕੀਤਾ ਹੈ। ਦੇਸ਼ ਦੇ ਬਹੁਤ ਸਾਰੇ ਤਲਾਬ ਅਤੇ ਝੀਲਾਂ ਕੂੜੇ ਕਰਕਟ ਅਤੇ ਹੋਰ ਨਿੱਜੀ ਫਾਇਦਿਆਂ ਲਈ ਪੂਰੇ ਜਾ ਚੁੱਕੇ ਹਨ, ਜਿਸ ਦੇ ਨਤੀਜੇ ਵਜੋਂ ਝੀਲਾਂ-ਤਲਾਬਾਂ ਵਿਚ ਜਮਾਂ ਹੋਣ ਵਾਲਾ ਪਾਣੀ ਵੀ ਹੁਣ ਆਪ ਮੁਹਾਰਾ ਵਹਿ ਕੇ ਦਰਿਆਵਾਂ ਵਿਚ ਚਲਾ ਜਾਂਦਾ ਹੈ। ਇਸ ਪਾਣੀ ਦੇ ਦਰਿਆਵਾਂ ਵਿਚ ਵਹਿਣ ਦੇ ਕਾਰਨ ਹੀ ਪਾਣੀ ਦਰਿਆਵਾਂ ਦੀ ਸਮਰੱਥਾ ਤੋਂ ਵਧ ਜਾਂਦਾ ਹੈ, ਜੋ ਕਿ ਹੜ੍ਹਾਂ ਦਾ ਕਾਰਨ ਵੀ ਬਣਦਾ ਹੈ। ਗੱਲ ਸਿਰਫ ਪੰਜਾਬ ਦੀ ਕਰੀਏ ਤਾਂ ਸਾਡੇ ਪਿੰਡਾਂ ਵਿੱਚੋਂ ਵੀ ਕਰੀਬ 70 ਫੀਸਦੀ ਛੱਪੜ ਅਲੋਪ ਹੋ ਚੁੱਕੇ ਹਨ। ਇਨ੍ਹਾਂ ਛੱਪੜਾਂ ‘ਚ ਮੀਂਹ ਦਾ ਪਾਣੀ ਇਕੱਠਾ ਹੋ ਜਾਂਦਾ ਸੀ, ਜੋ ਕਿ ਸਾਡੀਆਂ ਸਾਲ ਭਰ ਦੀਆਂ ਲੋੜਾਂ ਪੂਰੀਆਂ ਕਰਨ ਦਾ ਸਾਧਨ ਬਣਦਾ ਸੀ । ਸਾਡੀ ਬੇਸਮਝੀ ਦੀ ਗੱਲ ਇਹ ਹੈ ਕਿ ਅਸੀਂ ਮੀਂਹ ਦੇ ਪਾਣੀ ਨੂੰ ਸੰਭਾਲਣ ਅਤੇ ਜਮੀਨ ਹੇਠ ਰੀਚਾਰਜ ਕਰਨ ਲਈ ਅੱਜ ਵੀ ਸੰਜੀਦਾ ਨਹੀਂ ਹਾਂ। 

ਉਲਟਾ-ਪੁਲਟਾ ਫਸਲੀ ਚੱਕਰ
70ਵਿਆਂ ਦੇ ਦਹਾਕੇ ਦੌਰਾਨ ਪੰਜਾਬ ਵਿਚ ਝੋਨੇ ਦੀ ਖੇਤੀ ਦਾ ਰੁਝਾਨ ਵੱਧਣ ਲੱਗਾ। ਇਸ ਰੁਝਾਨ ਦੇ ਹੋਂਦ ’ਚ ਆਉਣ ਨਾਲ ਨਰਮਾ, ਕਪਾਹ, ਮੂੰਗਫਲੀ ਆਦਿ ਪੰਜਾਬ ਦੀਆਂ ਕਈ ਮੌਸਮੀ ਫਸਲਾਂ ਦੇਖਦੇ ਹੀ ਦੇਖਦੇ ਆਲੋਪ ਹੋ ਗਈਆਂ। ਇਸ ਦਾ ਨੁਕਸਾਨ ਇਹ ਹੋਇਆ ਕਿ ਜਿੱਥੇ ਇਹ ਫਸਲਾਂ ਇਕ ਦੋ ਪਾਣੀਆਂ ਨਾਲ ਹੀ ਪੱਕ ਜਾਂਦੀਆਂ ਸਨ, ਉੱਥੇ ਝੋਨੇ-ਕਣਕ ਆਦਿ ਦੇ ਫਸਲੀ ਚੱਕਰ ਨੇ ਪੰਜਾਬ ਦਾ ਜ਼ਮੀਨਦੋਜ ਪਾਣੀ ਵੱਡੀ ਪੱਧਰ ’ਤੇ ਖਿੱਚਣਾ ਸ਼ੁਰੂ ਕਰ ਦਿੱਤਾ। ਇਸ ਗੱਲ ਦੀ ਪੁਸ਼ਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੁਆਲੋਜੀ ਵਿਭਾਗ ਨੇ ਵੀ ਕੀਤੀ ਹੈ ਕਿ ਜਦੋਂ ਪੰਜਾਬ ‘ਚ ਝੋਨੇ ਦਾ ਰੁਝਾਨ ਬਹੁਤ ਘੱਟ ਸੀ ਤਾਂ ਧਰਤੀ ਹੇਠਲਾ ਪਾਣੀ ਪ੍ਰਤੀ ਸਾਲ ਅੱਧਾ ਫੁੱਟ ਥੱਲੇ ਜਾ ਰਿਹਾ ਸੀ ਪਰ ਝੋਨੇ ਦਾ ਰੁਝਾਨ ਵਧਣ ਨਾਲ ਹਰ ਸਾਲ ਪਾਣੀ ਦਾ ਪੱਧਰ 2 ਫੁੱਟ ਤੋਂ ਵੀ ਵੱਧ ਥੱਲੇ ਜਾਣ ਲੱਗਾ ਹੈ। ਖੇਤੀ ਖੇਤਰ ਤੋਂ ਇਲਾਵਾ ਵੀ ਅਸੀਂ ਪੀਣਯੋਗ ਪਾਣੀਆਂ ਦਾ ਵੱਡਾ ਘਾਣ ਕੀਤਾ। ਸਾਡੇ ਉਦਯੋਗ ਅਤੇ ਮਹਾਨਗਰ ਹਰ ਰੋਜ ਕਰੋੜਾਂ ਲੀਟਰ ਪੀਣਯੋਗ ਪਾਣੀ ਜ਼ਮੀਨ ਵਿਚੋਂ ਕੱਢ ਗੰਦਾ ਕਰ ਰਹੇ ਹਨ। ਇਹ ਵੀ ਇਕ ਸੱਚਾਈ ਹੈ ਕਿ ਸਾਡੀ ਪਾਣੀ ਦੀ ਮੰਗ ਨੂੰ ਪੂਰਾ ਕਰਨ ਲਈ ਜੇਕਰ ਸਬਮਰਸੀਬਲ ਪੰਪ ਹੋਂਦ ਵਿਚ ਨਾ ਆਉਂਦੇ ਤਾਂ ਹੁਣ ਤੱਕ ਅਸੀਂ ਧਰਤੀ ਹੇਠਲੇ ਪਾਣੀ ਦੀ ਬੂੰਦ-ਬੂੰਦ ਲਈ ਵੀ ਤਰਸਦਾ ਹੋਣਾ ਸੀ।


author

jasbir singh

News Editor

Related News