ਵਾਪਸੀ ਦੀ ਤਿਆਰੀ ਵਿਚਾਲੇ ਲੰਡਨ ਤੋਂ ਆਈ ਮੌਤ ਦੀ ਖ਼ਬਰ, ਪੁੱਤ ਨੇ 2 ਦਿਨ ਪਹਿਲਾਂ ਕੀਤੀ ਸੀ ਵੀਡੀਓ ਕਾਲ
Thursday, Jul 09, 2026 - 11:19 AM (IST)
ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਪਿੰਡ ਸੂਬਾ ਕਦੀਮ ਤੋਂ ਪੜ੍ਹਨ ਲਈ ਲੰਡਨ ਗਏ 26 ਸਾਲਾ ਨੌਜਵਾਨ ਸਹਿਜੀਤ ਸਿੰਘ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਹੈ। ਉਸ ਦਾ ਪਰਿਵਾਰ ਸਹਿਜੀਤ ਦੀ ਮ੍ਰਿਤਕ ਦੇਹ ਘਰ ਲਿਆਉਣ ਲਈ ਪਿਛਲੇ 23 ਦਿਨਾਂ ਤੋਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ। ਪਰਿਵਾਰ ਅਨੁਸਾਰ ਉੱਜਵਲ ਭਵਿੱਖ ਬਣਾਉਣ ਲਈ ਬਹੁਤ ਸਾਰੇ ਸੁਫ਼ਨੇ ਲੈ ਕੇ ਸਹਿਜੀਤ ਸਿੰਘ ਜੂਨ 2021 ’ਚ ਸਟੱਡੀ ਵੀਜ਼ੇ ’ਤੇ ਲੰਡਨ ਗਿਆ ਸੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉੱਥੇ ਹੀ ਵਰਕ ਪਰਮਿਟ ਲੈ ਕੇ ਪਿਛਲੇ ਇਕ ਸਾਲ ਤੋਂ ਕੰਪਨੀ ’ਚ ਸੇਲਜ਼ਮੈਨ ਵਜੋਂ ਕੰਮ ਕਰ ਰਿਹਾ ਸੀ। ਇਸੇ ਮਹੀਨੇ ਉਸ ਨੇ 5 ਸਾਲਾਂ ਬਾਅਦ ਆਪਣੇ ਘਰ ਆਉਣਾ ਸੀ ਅਤੇ ਉਸ ਦੇ ਘਰ ਆਉਣ ਦੀ ਖੁਸ਼ੀ ’ਚ ਜ਼ੋਰ-ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਸਨ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੌਤ ਤੋਂ 2 ਦਿਨ ਪਹਿਲਾਂ ਉਸ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਵੀਡੀਓ ਕਾਲ ’ਤੇ ਗੱਲ ਕੀਤੀ ਸੀ, ਉਹ ਪੂਰੀ ਤਰ੍ਹਾਂ ਤੰਦਰੁਸਤ ਸੀ ਅਤੇ ਵਾਪਸ ਘਰ ਆਉਣ ਨੂੰ ਲੈ ਕੇ ਬਹੁਤ ਖੁਸ਼ ਸੀ। ਉਨ੍ਹਾਂ ਦੱਸਿਆ ਕਿ ਸਹਿਜੀਤ ਨਾਲ ਗੱਲ ਕਰਨ ਲਈ ਜਦੋਂ ਉਸ ਨੂੰ ਵਾਰ-ਵਾਰ ਫੋਨ ਕੀਤਾ ਗਿਆ ਤਾਂ ਉਸ ਦਾ ਫੋਨ ਇਕ ਪੁਲਸ ਅਧਿਕਾਰੀ ਨੇ ਚੁੱਕਿਆ ਅਤੇ ਉਸ ਨੇ ਦੱਸਿਆ ਕਿ ਸਹਿਜੀਤ ਇਕ ਪਾਰਕ ’ਚ ਬੇਹੋਸ਼ੀ ਦੀ ਹਾਲਤ ’ਚ ਮਿਲਿਆ ਸੀ, ਜਿਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਚੰਨੀ ਦੇ ਗਿਲੇ-ਸ਼ਿਕਵਿਆਂ 'ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਰਾਜਾ ਵੜਿੰਗ, ਪੜ੍ਹੋ ਕੀ ਦਿੱਤਾ ਬਿਆਨ
ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਸਰਕਾਰੀ ਤੌਰ ’ਤੇ ਪਤਾ ਨਹੀਂ ਲੱਗ ਸਕਿਆ। ਪਰਿਵਾਰ ਨੇ ਦੱਸਿਆ ਕਿ ਸਹਿਜੀਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਕਾਗਜ਼ੀ ਕਾਰਵਾਈਆਂ ਪੂਰੀ ਕਰਨ ’ਚ ਦੇਰੀ ਹੋ ਰਹੀ ਹੈ। ਪਿਛਲੇ 23 ਦਿਨਾਂ ਤੋਂ ਸਹਿਜੀਤ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਸਾਰਾ ਪਿੰਡ ਗਮ ’ਚ ਡੁੱਬਿਆ ਹੋਇਆ ਹੈ। ਪਰਿਵਾਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਵਾਪਸ ਘਰ ਲਿਆਉਣ ’ਚ ਪਰਿਵਾਰ ਦੀ ਮਦਦ ਕੀਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
