ਮਹਾਸ਼ਿਵਰਾਤਰੀ ਮੌਕੇ ਪਕੌੜੇ ਖਾਣ ਚਲੇ ਗਏ ਮਾਪੇ, ਫ਼ਿਰ ਮਾਂ ਦੀ ਗੋਦੀ 'ਚੋਂ ਉਤਰ ਕੇ ਨਿੱਕਾ ਜਿਹਾ ਮਾਸੂਮ...
Thursday, Feb 27, 2025 - 06:06 AM (IST)

ਸ਼ਾਹਕੋਟ (ਅਰਸ਼ਦੀਪ)- ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਪੰਜਾਬ 'ਚ ਇੱਕ ਵੱਡਾ ਹਾਦਸਾ ਹੋਣ ਦੀ ਜਾਣਕਾਰੀ ਮਿਲੀ ਹੈ, ਜਿੱਥੇ ਮਲਸੀਆਂ ਰੋਡ ’ਤੇ ਸ਼ਾਹਕੋਟ ਦਾਣਾ ਮੰਡੀ ਨਜ਼ਦੀਕ ਪੰਜਾਬ ਰੋਡਵੇਜ਼ ਦੀ ਬੱਸ ਹੇਠਾਂ ਆਉਣ ਕਾਰਨ 8 ਸਾਲਾ ਬੱਚਾ ਗੰਭੀਰ ਜ਼ਖਮੀ ਹੋ ਗਿਆ।
ਰਣਜੀਤ ਸਿੰਘ ਵਾਸੀ ਨਿਊ ਕਰਤਾਰ ਨਗਰ ਸ਼ਾਹਕੋਟ ਬੁੱਧਵਾਰ ਦੁਪਹਿਰ ਸਮੇਂ ਆਪਣੇ ਮੋਟਰਸਾਈਕਲ ’ਤੇ ਆਪਣੀ ਪਤਨੀ ਤੇ 8 ਸਾਲਾ ਬੱਚੇ ਮਨਿੰਦਰ ਸਿੰਘ ਨਾਲ ਬਾਜ਼ਾਰ ’ਚ ਸਾਮਾਨ ਲੈਣ ਲਈ ਆ ਰਿਹਾ ਸੀ। ਇਸ ਦੌਰਾਨ ਮਹਾਸ਼ਿਵਰਾਤਰੀ ਦੇ ਸਬੰਧ ਵਿਚ ਦਾਣਾ ਮੰਡੀ ਸ਼ਾਹਕੋਟ ਨਜ਼ਦੀਕ ਲੱਗੇ ਪਕੌੜਿਆਂ ਦਾ ਲੰਗਰ ਖਾਣ ਲਈ ਇਹ ਪਰਿਵਾਰ ਸੜਕ ’ਤੇ ਰੁਕ ਗਿਆ।
ਇਹ ਵੀ ਪੜ੍ਹੋ- ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਏ ਨੌਜਵਾਨ ਨਾਲ ਵਾਪਰ ਗਈ ਅਣਹੋਣੀ, 2 ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਹੱਥ
ਇਸ ਤੋਂ ਬਾਅਦ ਜਦੋਂ ਬੱਚਾ ਆਪਣੀ ਮਾਂ ਦੀ ਗੋਦੀ ’ਚੋਂ ਉਤਰ ਕੇ ਪਕੌੜੇ ਲੈਣ ਲਈ ਅਚਾਨਕ ਸੜਕ ਵਾਲੇ ਪਾਸੇ ਚਲਾ ਗਿਆ ਤਾਂ ਸ਼ਾਹਕੋਟ ਥਾਣੇ ਵਾਲੇ ਪਾਸੇ ਤੋਂ ਆ ਰਹੀ ਪੰਜਾਬ ਰੋਡਵੇਜ਼ ਬੱਸ ਹੇਠਾਂ ਆ ਗਿਆ ਤੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਸ ਰੋਡਵੇਜ਼ ਬੱਸ ਨੂੰ ਡਰਾਈਵਰ ਦਰਸ਼ਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਫਿਰੋਜ਼ਪੁਰ ਚਲਾ ਰਿਹਾ ਸੀ।
ਬੱਚੇ ਨੂੰ ਪਰਿਵਾਰਕ ਮੈਂਬਰਾਂ ਤੇ ਬੱਸ ਡਰਾਈਵਰ ਵੱਲੋਂ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਪਹੁੰਚਾਇਆ ਗਿਆ, ਜਿੱਥੇ ਡਿਊਟੀ ’ਤੇ ਮੌਜੂਦ ਡਾਕਟਰ ਨੇ ਬੱਚੇ ਦੀ ਗੰਭੀਰ ਹਾਲਤ ਦੇਖਦਿਆਂ ਮੁੱਢਲੀ ਸਹਾਇਤਾ ਦੇਣ ਉਪਰੰਤ ਨਕੋਦਰ ਦੇ ਸਰਕਾਰੀ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ।
ਡਾਕਟਰ ਅਨੁਸਾਰ ਬੱਚੇ ਦੀ ਖੱਬੀ ਲੱਤ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ, ਪੁਲਸ ਮੁਲਾਜ਼ਮਾਂ ਵੱਲੋਂ ਬੱਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ।
ਇਹ ਵੀ ਪੜ੍ਹੋ- ਹੁਣ ਪੰਜਾਬ ਦੇ ਪ੍ਰਾਈਵੇਟ ਸਕੂਲਾਂ 'ਚ ਵੀ ਮਿਲੇਗਾ 'ਰਾਖਵਾਂਕਰਨ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e