ਬੱਸ ਬਦਲਦੇ ਸਮੇਂ ਮਾਤਾ-ਪਿਤਾ ਸੀਟ ’ਤੇ ਸੁੱਤੀ 6 ਸਾਲਾ ਬੱਚੀ ਨੂੰ ਭੁੱਲੇ

10/14/2021 1:55:13 PM

ਫਿਲੌਰ (ਭਾਖੜੀ) : ਬੱਸ ਬਦਲਦੇ ਸਮੇਂ ਮਾਤਾ-ਪਿਤਾ ਸੀਟ ’ਤੇ ਸੌਂ ਰਹੀ 6 ਸਾਲਾ ਬੱਚੀ ਨੂੰ ਉਥੇ ਭੁੱਲ ਗਏ। ਇਕੱਲੀ ਬੱਚੀ ਬੱਸ ਵਿਚ ਸਫਰ ਕਰ ਕੇ ਜਲੰਧਰ ਤੋਂ ਲੁਧਿਆਣਾ ਪੁੱਜੀ। ਘਟਨਾ ਦਾ ਪਤਾ ਲੱਗਦੇ ਹੀ ਫਿਲੌਰ ਪੁਲਸ ਨੇ ਬੱਚੀ ਨੂੰ ਲੁਧਿਆਣਾ ’ਚ ਬੱਸ ਤੋਂ ਉਤਾਰ ਕੇ ਸੁਰੱਖਿਅਤ ਮਾਤਾ-ਪਿਤਾ ਕੋਲ ਪਹੁੰਚਾਇਆ। ਪੁਲਸ ਦੀ ਇਸ ਕਾਰਵਾਈ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਆਪਣੀ 6 ਸਾਲਾ ਬੱਚੀ ਮਾਂਦਵੀ ਅਤੇ ਪਤਨੀ ਨਾਲ ਬੱਸ ’ਚ ਸਵਾਰ ਹੋ ਕੇ ਜਲੰਧਰ ਬੱਸ ਸਟੈਂਡ ਪੁੱਜਾ, ਜਿੱਥੇ ਉਨ੍ਹਾਂ ਨੇ ਬੱਸ ਬਦਲ ਕੇ ਅੱਗੇ ਜਾਣਾ ਸੀ। ਬੱਸ ਬਦਲਣ ਦੇ ਚੱਕਰ ’ਚ ਮਾਤਾ-ਪਿਤਾ ਬੈਗ ਚੁੱਕ ਕੇ ਜਲਦੀ ’ਚ ਉੱਤਰ ਕੇ ਉਥੇ ਸਟੈਂਡ ’ਤੇ ਖੜ੍ਹੀ ਦੂਜੀ ਬੱਸ ਵਿਚ ਸਵਾਰ ਹੋ ਕੇ ਆਪਣੀ ਮੰਜ਼ਿਲ ਨੂੰ ਨਿਕਲ ਗਏ, ਜਦਕਿ ਉਨ੍ਹਾਂ ਦੀ 6 ਸਾਲ ਦੀ ਬੇਟੀ ਮਾਂਦਵੀ ਜੋ ਸੌਂ ਰਹੀ ਸੀ, ਉਥੇ ਬੱਸ ਵਿਚ ਹੀ ਰਹਿ ਗਈ।

ਜਲੰਧਰ ਤੋਂ ਬੱਸ ਵਿਚ ਸਵਾਰੀਆਂ ਬਿਠਾਉਣ ਤੋਂ ਬਾਅਦ ਉਹ ਬੱਸ ਵੀ ਲੁਧਿਆਣਾ ਨੂੰ ਨਿਕਲ ਗਈ। ਲਗਭਗ ਪੌਣੇ ਘੰਟੇ ਬਾਅਦ ਜਾ ਕੇ ਮਾਤਾ-ਪਿਤਾ ਨੂੰ ਆਪਣੀ ਭੁੱਲ ਦਾ ਪਤਾ ਲੱਗਾ ਕਿ ਉਨ੍ਹਾਂ ਦੀ ਮਾਸੂਮ ਬੇਟੀ ਤਾਂ ਉਸੇ ਬੱਸ ਵਿਚ ਰਹਿ ਗਈ ਤਾਂ ਹੋਸ਼ ਉੱਡ ਗਏ ਅਤੇ ਦੋਵੇਂ ਬੱਸ ਰੁਕਵਾਉਣ ਲਈ ਰੌਲਾ ਪਾਉਣ ਲੱਗੇ। ਬੱਸ ’ਚ ਸਵਾਰ ਲੋਕਾਂ ਨੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਘਟਨਾ ਦਾ ਪਤਾ ਲੱਗਾ ਕਿ ਤਾਂ ਬੱਸ ਕੰਡਕਟਰ ਨੇ ਉਨ੍ਹਾਂ ਤੋਂ ਉਸ ਬੱਸ ਦੀਆਂ ਟਿਕਟਾਂ ਮੰਗੀਆਂ, ਜਿਸ ’ਚ ਬੱਚੀ ਰਹਿ ਗਈ, ਜਿਸ ’ਤੇ ਪਤਾ ਲਗਾ ਕਿ ਉਹ ਬੱਸ ਹਰਿਆਣਾ ਰੋਡਵੇਜ਼ ਫਲਾਨੇ ਨੰਬਰ ਦੀ ਬੱਸ ਹੈ ਤਾਂ ਇਕ ਸਵਾਰੀ ਨੇ 112 ਡਾਇਲ ਕਰ ਕੇ ਪੂਰੀ ਘਟਨਾ ਦੀ ਜਾਣਕਾਰੀ ਅਧਿਕਾਰੀ ਨੂੰ ਦਿੱਤੀ, ਜਿਨ੍ਹਾਂ ਨੇ ਤੁਰੰਤ ਵਾਇਰਲੈੱਸ ਜ਼ਰੀਏ ਪੂਰੀ ਜਲੰਧਰ ਦਿਹਾਤੀ ਪੁਲਸ ਨੂੰ ਬੱਸ ਰੁਕਵਾਉਣ ਲਈ ਅਲਰਟ ਕੀਤਾ। ਜਿਸ ’ਤੇ ਇੰਸ. ਸੰਜੀਵ ਕਪੂਰ ਤੇ ਹਾਈਟੈਕ ਨਾਕੇ ’ਤੇ ਮੌਜੂਦ ਉਨ੍ਹਾਂ ਦੀ ਪੁਲਸ ਪਾਰਟੀ ਚੌਕਸ ਹੋ ਗਈ। ਜਿਉਂ ਹੀ ਉਨ੍ਹਾਂ ਨੇ ਨਾਕੇ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜਿਸ ਹਰਿਆਣਾ ਰੋਡਵੇਜ਼ ਦੀ ਬੱਸ ਵਿਚ ਬੱਚੀ ਹੋਣ ਦਾ ਦੱਸਿਆ ਜਾ ਰਿਹਾ, ਉਹ 15 ਮਿੰਟ ਪਹਿਲਾਂ ਹੀ ਨਾਕੇ ਤੋਂ ਗੁਜ਼ਰੀ ਹੈ। ਜਿਸ ’ਤੇ ਪੁਲਸ ਪਾਰਟੀ ਤੁਰੰਤ ਬੱਸ ਦੇ ਪਿੱਛੇ ਲੱਗ ਗਈ ਅਤੇ ਲੁਧਿਆਣਾ ਦਾਖਲ ਹੁੰਦੇ ਹੀ ਬੱਸ ਨੂੰ ਰੁਕਵਾ ਕੇ ਬੱਚੀ ਨੂੰ ਉਸ ’ਚੋਂ ਕੱਢ ਕੇ ਮਾਤਾ-ਪਿਤਾ ਨੂੰ ਸੂਚਨਾ ਦੇ ਕੇ ਸੁਰੱਖਿਅਤ ਉਨ੍ਹਾਂ ਕੋਲ ਪਹੁੰਚਾ ਦਿੱਤਾ।
 


Anuradha

Content Editor

Related News