ਖੁੱਲ੍ਹੇ ਅਸਮਾਨ ਹੇਠ ਰੁਲ ਰਹੀ 6 ਲੱਖ ਕੁਇੰਟਲ ਕਣਕ
Monday, Apr 23, 2018 - 08:09 AM (IST)
ਨਾਭਾ (ਸੁਸ਼ੀਲ ਜੈਨ) - ਏਸ਼ੀਆ ਵਿਚ ਦੂਜੇ ਨੰਬਰ ਦੀ ਪਛਾਣ ਬਣਾ ਚੁੱਕੀ ਸਥਾਨਕ ਨਵੀਂ ਅਨਾਜ ਮੰਡੀ ਵਿਚ ਇਸ ਸਮੇਂ ਪੈਰ ਰੱਖਣ ਨੂੰ ਥਾਂ ਨਹੀਂ ਹੈ। ਸਾਰੀ ਮੰਡੀ ਕਣਕ ਨਾਲ ਭਰ ਗਈ ਹੈ। ਐੈੱਸ. ਡੀ. ਐੈੱਮ. ਸ਼੍ਰੀਮਤੀ ਜਸ਼ਨਪ੍ਰੀਤ ਕੌਰ ਗਿੱਲ ਅਨੁਸਾਰ ਹੁਣ ਤੱਕ 7 ਲੱਖ 89 ਹਜ਼ਾਰ 290 ਕੁਇੰਟਲ ਕਣਕ ਦੀ ਸਰਕਾਰੀ ਖਰੀਦ ਨਾਭਾ ਅਨਾਜ ਮੰਡੀ ਅਤੇ ਮਾਰਕੀਟ ਕਮੇਟੀ ਦੇ ਘੇਰੇ ਅੰਦਰ ਪੈਂਦੇ 14 ਪੇਂਡੂ ਖਰੀਦ ਕੇਂਦਰਾਂ ਵਿਚ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਇਕ ਲੱਖ 82 ਹਜ਼ਾਰ 370 ਕੁਇੰਟਲ ਕਣਕ ਦੀ ਲਿਫਟਿੰਗ ਸ਼ੁੱਕਰਵਾਰ ਸ਼ਾਮ ਤੱਕ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਪਨਸਪ ਇੰਸਪੈਕਟਰ ਸੁਖਚੈਨ ਸਿੰਘ ਦੀ ਰਿਪੋਰਟ ਅਨੁਸਾਰ 18 ਅਪ੍ਰੈਲ ਤੱਕ ਬਿੱਲਾਂ ਦੀ ਅਦਾਇਗੀ ਹੋ ਚੁੱਕੀ ਹੈ। ਆੜ੍ਹਤੀਆ ਸੰਘ ਪ੍ਰਧਾਨ ਜੀਵਨ ਗੁਪਤਾ ਅਨੁਸਾਰ ਕਿਸੇ ਵੀ ਆੜ੍ਹਤੀਏ ਜਾਂ ਕਿਸਾਨ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋ ਰਹੀ। ਵੇਖਣ ਵਿਚ ਆਇਆ ਹੈ ਕਿ ਬਾਰਦਾਨੇ ਦੀ ਘਾਟ ਹੈ। ਇਸ ਮੌਕੇ 6 ਲੱਖ 6 ਹਜ਼ਾਰ 920 ਕੁਇੰਟਲ ਕਣਕ ਲਿਫਟਿੰਗ ਦੀ ਉਡੀਕ ਵਿਚ ਖੁੱਲ੍ਹੇ ਅਸਮਾਨ ਹੇਠਾਂ ਰੁਲ ਰਹੀ ਹੈ।
ਇਸ ਮੌਕੇ ਪਨਗਰੇਨ, ਮਾਰਕਫੈੱਡ, ਪਨਸਪ, ਵੇਅਰਹਾਊਸ ਅਤੇ ਐਗਰੋ ਵੱਲੋਂ ਖਰੀਦ ਕੀਤੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਵੱਲੋਂ ਮਾਰਕੀਟ ਕਮੇਟੀ ਖਿਲਾਫ਼ ਦੋਸ਼ ਲਾਇਆ ਗਿਆ ਸੀ ਕਿ ਪੀਣ ਵਾਲੇ ਪਾਣੀ, ਸਫਾਈ ਤੇ ਲਾਈਟ ਦੇ ਪ੍ਰਬੰਧ ਨਹੀਂ ਕੀਤੇ ਗਏ। ਮੀਡੀਆ ਟੀਮ ਨੇ ਅਨੇਕ ਸੈਂਟਰਾਂ ਦਾ ਦੌਰਾ ਕੀਤਾ। ਵੇਖਣ ਵਿਚ ਆਇਆ ਕਿ ਪਹਿਲਾਂ ਵਾਂਗ ਸੈਕਟਰੀ ਨੇ ਸੁਚੱਜੇ ਪ੍ਰਬੰਧ ਨਹੀਂ ਕੀਤੇ, ਜਿਸ ਕਾਰਨ ਮੰਡੀਕਰਨ ਬੋਰਡ ਦੀ ਕਿਰਕਿਰੀ ਹੋ ਰਹੀ ਹੈ। ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਅਤੇ ਬੋਰਡ ਚੇਅਰਮੈਨ ਲਾਲ ਸਿੰਘ ਨੇ ਸਖ਼ਤ ਨਿਰਦੇਸ਼ ਦੇ ਰੱਖੇ ਹਨ ਪਰ ਮਾਰਕੀਟ ਕਮੇਟੀ ਪ੍ਰਬੰਧਕਾਂ 'ਤੇ ਕੰਨ 'ਤੇ ਜੂੰ ਨਹੀਂ ਸਰਕੀ। ਕੌਲ, ਬਾਬਰਪੁਰ ਤੇ ਹੋਰ ਕਈ ਸੈਂਟਰਾਂ ਵਿਚ ਲਿਫਟਿੰਗ ਦਾ ਕੰਮ ਠੀਕ ਚੱਲ ਰਿਹਾ ਹੈ।
ਮੌਸਮ ਵਾਰ-ਵਾਰ ਖਰਾਬ ਹੋਣ ਕਾਰਨ ਕਿਸਾਨਾਂ ਦੇ ਚਿਹਰਿਆਂ ਤੋਂ ਰੌਣਕ ਖਤਮ ਹੋ ਗਈ ਹੈ। ਕਿਸਾਨ ਦੱਬੀ ਆਵਾਜ਼ ਵਿਚ ਕਹਿ ਰਹੇ ਹਨ ਕਿ ਖਰੀਦ ਪਹਿਲਾਂ 10 ਦਿਨਾਂ ਦੀ ਦੇਰੀ ਨਾਲ ਸ਼ੁਰੂ ਹੋਈ। ਹੁਣ ਇੰਸਪੈਕਟਰੀ ਰਾਜ ਦੀਆਂ ਮਨਮਾਨੀਆਂ ਚੱਲ ਰਹੀਆਂ ਹਨ। ਮੰਡੀ ਆਗੂ ਸੱਤਾਧਾਰੀ ਹੋਣ ਕਾਰਨ 'ਸਭ ਠੀਕ ਚੱਲ ਰਿਹਾ ਹੈ' ਕਹਿ ਕੇ ਆਪਣੀ ਵਫਾਦਾਰੀ ਨਿਭਾਅ ਰਹੇ ਹਨ ਪਰ ਬਰਸਾਤ ਸਮੇਂ ਮਾਰਕੀਟ ਕਮੇਟੀ ਦੇ ਮਾੜੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ ਨੇ ਸਭ ਕੁੱਝ ਜੱਗ ਜ਼ਾਹਰ ਕਰ ਦਿੱਤਾ ਹੈ।
