ਪੰਜਾਬ: ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਸਰਕਾਰੀ ਮੁਲਾਜ਼ਮ ਗ੍ਰਿਫ਼ਤਾਰ
Tuesday, Oct 06, 2026 - 08:38 PM (IST)
ਜਲੰਧਰ (ਸੁਨੀਲ ਮਹਾਜਨ): ਪੰਜਾਬ ਵਿਜੀਲੈਂਸ ਬਿਊਰੋ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਕਪੂਰਥਲਾ ਵਿਚ ਤਾਇਨਾਤ ਐੱਸ.ਡੀ.ਈ. ਅਗਮਜੋਤ ਸਿੰਘ ਨੂੰ 1,25,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਪਹਿਲੀ ਕਿਸ਼ਤ ਵਜੋਂ 30,000 ਰੁਪਏ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਅਧਿਕਾਰੀ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਉਪ-ਮੰਡਲ ਨੰਬਰ 2, ਕਪੂਰਥਲਾ ਵਿਚ ਤਾਇਨਾਤ ਇਕ ਉਪ-ਮੰਡਲ ਕਲਰਕ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੀ ਬਦਲੀ ਮੁਲਜ਼ਮ ਐੱਸ.ਡੀ.ਈ. ਅਗਮਜੋਤ ਸਿੰਘ ਵੱਲੋਂ 5 ਅਕਤੂਬਰ 2024 ਨੂੰ ਪਿੰਡ ਚਕੋਕੀ, ਜ਼ਿਲ੍ਹਾ ਕਪੂਰਥਲਾ ਦੀ ਜਲ ਸਪਲਾਈ ਸਕੀਮ ਵਿਚ ਕਰ ਦਿੱਤੀ ਗਈ ਸੀ। ਸ਼ਿਕਾਇਤਕਰਤਾ ਦਾ ਘਰ ਤਾਇਨਾਤੀ ਵਾਲੀ ਜਗ੍ਹਾ ਤੋਂ ਕਾਫ਼ੀ ਦੂਰ ਸੀ, ਇਸ ਲਈ ਉਸ ਨੇ ਮੁਲਜ਼ਮ ਅਗਮਜੋਤ ਸਿੰਘ ਨੂੰ ਆਪਣੀ ਬਦਲੀ ਰੱਦ ਕਰਨ ਜਾਂ ਰੋਕਣ ਲਈ ਜ਼ਬਾਨੀ ਬੇਨਤੀ ਕੀਤੀ ਸੀ।
ਇਸ ਤੋਂ ਬਾਅਦ ਸ਼ਿਕਾਇਤਕਰਤਾ ਦੇ ਸਾਥੀ ਕਰਮਚਾਰੀ ਅਤੇ ਫਿਟਰ ਹੈਲਪਰ ਅਮਰਿੰਦਰ ਸਿੰਘ ਨੇ ਉਸ ਨੂੰ ਦੱਸਿਆ ਕਿ ਅਗਮਜੋਤ ਸਿੰਘ ਨੇ ਬਦਲੀ ਰੋਕਣ ਲਈ ਰਿਸ਼ਵਤ ਦੀ ਮੰਗ ਕੀਤੀ ਹੈ। ਬਾਅਦ ਵਿਚ, ਅਮਰਿੰਦਰ ਸਿੰਘ ਨੇ ਅਗਮਜੋਤ ਸਿੰਘ ਨਾਲ ਫ਼ੋਨ 'ਤੇ ਸੰਪਰਕ ਕੀਤਾ, ਜਿਸ ਨੇ 1,25,000 ਰੁਪਏ ਦੀ ਮੰਗ ਕੀਤੀ, ਜੋ ਕਿ ਕਿਸ਼ਤਾਂ ਵਿਚ ਦਿੱਤੇ ਜਾਣੇ ਸਨ। ਬੁਲਾਰੇ ਨੇ ਦੱਸਿਆ ਕਿ ਗ਼ੈਰ-ਕਾਨੂੰਨੀ ਰਕਮ ਦੀ ਮੰਗ ਸਬੰਧੀ ਹੋਈ ਗੱਲਬਾਤ ਅਮਰਿੰਦਰ ਸਿੰਘ ਨੇ ਆਪਣੇ ਮੋਬਾਈਲ ਫ਼ੋਨ ਵਿਚ ਰਿਕਾਰਡ ਕਰ ਲਈ ਸੀ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਨਾਲ ਸੰਪਰਕ ਕੀਤਾ। ਸ਼ਿਕਾਇਤ 'ਤੇ ਕਾਰਵਾਈ ਕਰਦਿਆਂ, ਵਿਜੀਲੈਂਸ ਬਿਊਰੋ ਦੀ ਟੀਮ ਨੇ ਮੁਲਜ਼ਮ ਸਬ-ਡਿਵੀਜ਼ਨਲ ਇੰਜੀਨੀਅਰ ਅਗਮਜੋਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਸ਼ਿਕਾਇਤਕਰਤਾ ਤੋਂ 30,000 ਰੁਪਏ ਦੀ ਰਿਸ਼ਵਤ ਦੀ ਪਹਿਲੀ ਕਿਸ਼ਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਰਿਸ਼ਵਤ ਦੀ ਰਕਮ ਬਰਾਮਦ ਕਰ ਲਈ ਗਈ ਹੈ। ਇਸ ਮਾਮਲੇ ਵਿਚ, ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਪੁਲਸ ਥਾਣੇ ਵਿਚ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
