ਕੁਦਰਤੀ ਕਰੋਪੀ ਦੇ ਬਾਵਜੂਦ ਪੰਜਾਬ ''ਚ ਟੁੱਟੇ ਕਣਕ ਦੀ ਪੈਦਾਵਾਰ ਦੇ ਰਿਕਾਰਡ
Wednesday, May 29, 2019 - 08:27 PM (IST)

ਗੁਰਦਾਸਪੁਰ,(ਹਰਮਨਪ੍ਰੀਤ): ਹਾੜ੍ਹੀ ਦੇ ਸੰਪੰਨ ਹੋਏ ਸੀਜ਼ਨ 'ਚ ਪੰਜਾਬ ਦੇ ਕਈ ਜ਼ਿਲਿਆਂ ਅੰਦਰ ਕੁਦਰਤ ਦੀ ਕਰੋਪੀ ਦੇ ਬਾਵਜੂਦ ਪੰਜਾਬ ਅੰਦਰ ਕਣਕ ਦੀ ਬੰਪਰ ਪੈਦਾਵਾਰ ਨੇ ਪਿਛਲੇ 20 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ, ਜਿਸ ਦੇ ਕਾਰਨ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ। ਇਸ ਤਹਿਤ ਨਾ ਸਿਰਫ ਪੰਜਾਬ ਦੇ ਕਿਸਾਨਾਂ ਦੀ ਆਮਦਨ 'ਚ ਵਾਧਾ ਹੋਇਆ ਹੈ, ਸਗੋਂ ਪੰਜਾਬ ਨੇ ਕੇਂਦਰ ਸਰਕਾਰ ਵਲੋਂ ਕਣਕ ਦੀ ਪੈਦਾਵਾਰ ਤੇ ਖਰੀਦ ਸਬੰਧੀ ਦਿੱਤੇ ਗਏ ਟੀਚੇ ਦੇ ਮੁਕਾਬਲੇ ਜ਼ਿਆਦਾ ਖਰੀਦ ਕਰਨ ਦਾ ਮਾਣ ਵੀ ਹਾਸਲ ਕੀਤਾ ਹੈ। ਇਸ ਮਾਮਲੇ 'ਚ ਸਭ ਤੋਂ ਵੱਡੀ ਹੈਰਾਨੀਜਨਕ ਗੱਲ ਇਹ ਹੈ ਕਿ ਇਸ ਵਾਰ ਕਣਕ ਹੇਠ ਰਕਬਾ ਵੀ ਪਿਛਲੇ ਸਾਲ ਦੇ ਮੁਕਾਬਲੇ ਕੁਝ ਘੱਟ ਸੀ ਤੇ ਪੰਜਾਬ ਦੇ ਅੱਧੇ ਜ਼ਿਲਿਆਂ 'ਚ ਕਣਕ ਦੀ ਫਸਲ 'ਤੇ ਮੌਸਮ ਦੀ ਮਾਰ ਪਈ ਸੀ, ਜਿਸ ਕਾਰਨ ਝਾੜ 'ਚ ਗਿਰਾਵਟ ਰਹਿਣ ਦੀ ਉਮੀਦ ਜਤਾਈ ਜਾ ਰਹੀ ਸੀ ਪਰ ਇਸ ਦੇ ਉਲਟ ਕਣਕ ਦੇ ਵਧੇ ਝਾੜ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ।
130.15 ਲੱਖ ਟਨ ਹੋਈ ਖਰੀਦ ਨਾਲ ਟੁੱਟਿਆ ਰਿਕਾਰਡ
ਇਸ ਸਾਲ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋਈ ਸੀ, ਜੋ 25 ਮਈ ਤੱਕ ਜਾਰੀ ਰਹੀ। ਇਸ ਦੌਰਾਨ ਪੰਜਾਬ ਦੀਆਂ ਮੰਡੀਆਂ 'ਚ 130.15 ਲੱਖ ਟਨ ਕਣਕ ਦੀ ਆਮਦ ਹੋਈ। ਜਿਸ 'ਚੋਂ 128.5 ਲੱਖ ਟਨ ਕਣਕ ਦੀ ਖਰੀਦ ਸਰਕਾਰੀ ਖਰੀਦ ਏਜੰਸੀਆਂ ਨੇ ਕੀਤੀ, ਜਦਕਿ 1.64 ਲੱਖ ਟਨ ਖਰੀਦ ਪ੍ਰਾਈਵੇਟ ਖਰੀਦਦਾਰਾਂ ਨੇ ਕੀਤੀ।
ਪਿਛਲੇ ਸਾਲ ਹੋਈ ਸੀ 128.57 ਲੱਖ ਟਨ ਖਰੀਦ
ਪਿਛਲੇ ਸਾਲ ਪੰਜਾਬ ਦੀਆਂ ਮੰਡੀਆਂ 'ਚ 128.57 ਲੱਖ ਟਨ ਕਣਕ ਦੀ ਖਰੀਦ ਹੋਈ ਸੀ, ਜਿਸ 'ਚੋਂ 126.94 ਲੱਖ ਟਨ ਕਣਕ ਸਰਕਾਰੀ ਖਰੀਦ ਏਜੰਸੀਆਂ ਨੇ ਖਰੀਦੀ ਸੀ, ਜਦਕਿ 57 ਹਜ਼ਾਰ ਟਨ ਪ੍ਰਾਈਵੇਟ ਏਜੰਸੀਆਂ ਨੇ ਖਰੀਦੀ ਸੀ।
ਕੇਂਦਰ ਨੇ ਦਿੱਤਾ ਸੀ 125 ਲੱਖ ਟਨ ਦਾ ਟੀਚਾ
ਜਾਣਕਾਰੀ ਮੁਤਾਬਕ ਇਸ ਸਾਲ ਦੇਸ਼ ਅੰਦਰ 357 ਲੱਖ ਟਨ ਕਣਕ ਖਰੀਦਣ ਦਾ ਟੀਚਾ ਮਿਥਿਆ ਗਿਆ ਸੀ, ਜਿਸ 'ਚੋਂ ਪੰਜਾਬ ਨੂੰ 125 ਲੱਖ ਟਨ ਦਾ ਟਾਰਗੇਟ ਦਿੱਤਾ ਗਿਆ ਸੀ। ਇਸੇ ਤਰ੍ਹਾਂ ਹਰਿਆਣੇ ਨੂੰ 85 ਲੱਖ ਟਨ, ਉੱਤਰ ਪ੍ਰਦੇਸ਼ ਨੂੰ 50 ਲੱਖ, ਮੱਧ ਪ੍ਰਦੇਸ਼ ਨੂੰ 75 ਲੱਖ ਟਨ, ਰਾਜਸਥਾਨ ਨੂੰ 17 ਲੱਖ ਟਨ ਦਾ ਟੀਚਾ ਦਿੱਤਾ ਗਿਆ ਸੀ ਪਰ ਪੰਜਾਬ ਨੇ ਦੇਸ਼ ਦੀ ਖਰੀਦ ਦੇ ਮਿਲੇ ਕੁੱਲ 35 ਫੀਸਦੀ ਟੀਚੇ ਦੀ ਬਜਾਏ 36 ਫੀਸਦੀ ਖਰੀਦ ਕੀਤੀ ਹੈ।
11 ਜ਼ਿਲਿਆਂ 'ਚ ਪੈਦਾਵਾਰ ਘਟੀ
ਡਾ. ਐਰੀ ਨੇ ਦੱਸਿਆ ਕਿ ਪੰਜਾਬ ਅੰਦਰ ਇਸ ਵਾਰ 11 ਜ਼ਿਲੇ ਅਜਿਹੇ ਸਨ। ਜਿਨ੍ਹਾਂ ਅੰਦਰ ਕਣਕ ਦੀ ਪੈਦਾਵਾਰ 'ਚ 15 ਫੀਸਦੀ ਤੱਕ ਗਿਰਾਵਟ ਆਈ ਹੈ, ਕਿਉਂਕਿ ਜਨਵਰੀ, ਫਰਵਰੀ ਤੇ ਮਾਰਚ ਦੌਰਾਨ ਪੰਜਾਬ ਦੇ ਕੁਝ ਜ਼ਿਲਿਆਂ 'ਚ ਬੇਮੌਸਮੀ ਬਾਰਿਸ਼ ਨੇ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਸੀ। ਇਸ ਕਾਰਨ ਅਜਿਹੇ ਕਈ ਜ਼ਿਲਿਆਂ ਅੰਦਰ ਫਸਲ ਕਾਫੀ ਪ੍ਰਭਾਵਿਤ ਹੋ ਗਈ ਸੀ। ਜਿਨ੍ਹਾਂ 'ਚ ਫਤਹਿਗੜ੍ਹ ਸਾਹਿਬ, ਗੁਰਦਾਸਪੁਰ,ਹੁਸ਼ਿਆਰਪੁਰ,ਅੰਮ੍ਰਿਤਸਰ, ਜਲੰਧਰ, ਲੁਧਿਆਣਾ ,ਪਠਾਨਕੋਟ ,ਰੋਪੜ ,ਐੱਸ.ਏ.ਐੱਸ. ਨਗਰ ,ਸ਼ਹੀਦ ਭਗਤ ਸਿੰਘ ਨਗਰ ਸ਼ਾਮਲ ਹਨ।
ਕਿਹੜੇ ਜ਼ਿਲਿਆਂ 'ਚ ਵਧੀ ਕਣਕ ਦੀ ਪੈਦਾਵਾਰ
ਇਸ ਬਾਰ ਕਣਕ ਦੀ ਪੈਦਾਵਾਰ ਸੰਗਰੂਰ 'ਚ 104 ਫੀਸਦੀ, ਤਰਨਤਾਰਨ 'ਚ 103 ਫੀਸਦੀ, ਪਟਿਆਲਾ 'ਚ 103 ਫੀਸਦੀ, ਮੋਗਾ 'ਚ 103 ਫੀਸਦੀ, ਮਾਨਸਾ 'ਚ 109 ਫੀਸਦੀ, ਮੁਕਤਸਰ 'ਚ 107 ਫੀਸਦੀ, ਫਾਜ਼ਿਲਕਾ 'ਚ 108 ਫੀਸਦੀ, ਬਠਿੰਡਾ 'ਚ 105 ਫੀਸਦੀ, ਬਰਨਾਲਾ 'ਚ 106 ਫੀਸਦੀ, ਫਿਰੋਜ਼ਪੁਰ 'ਚ 107 ਫੀਸਦੀ, ਤੇ ਫਰੀਦਕੋਟ 'ਚ 103 ਫੀਸਦੀ ਵਧੀ ਹੈ।
ਕਈ ਕਾਰਣਾਂ ਸਦਕਾ ਵਧੀ ਪੈਦਾਵਾਰ : ਡਾ. ਐਰੀ
ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਨੇ ਕਿਹਾ ਕਿ ਕਣਕ ਦੀ ਪੈਦਾਵਾਰ ਵਧਣ ਪਿੱਛੇ ਕਈ ਕਾਰਣ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਮਾਝੇ ਤੇ ਦੋਆਬੇ ਦੇ ਕਈ ਜ਼ਿਲਿਆਂ 'ਚ ਪੈਦਾਵਾਰ ਘਟੀ ਹੈ, ਜਦ ਕਿ ਮਾਲਵੇ ਦੇ ਜ਼ਿਲਿਆਂ 'ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਜਿੱਥੇ ਸਰਦੀ ਦਾ ਮੌਸਮ ਕਾਫੀ ਲੰਬਾ ਚੱਲਣ ਕਾਰਣ ਕਣਕ ਦੀ ਫਸਲ ਲਈ ਅਨੁਕੂਲ ਰਿਹਾ ਹੈ, ਉਥੇ ਕਿਸਾਨਾਂ ਨੂੰ ਕਣਕ ਦਾ ਮਿਆਰੀ ਬੀਜ ਪਨਸੀਡ ਰਾਹੀਂ ਸਬਸਿਡੀ 'ਤੇ ਮੁਹੱਈਆ ਕਰਵਾਇਆ ਗਿਆ ਸੀ। ਇਸ ਦੇ ਨਾਲ ਹੀ ਪਿਛਲੇ ਸੀਜ਼ਨ 'ਚ ਕਿਸਾਨਾਂ ਨੂੰ ਖੇਤਾਂ 'ਚ ਅੱਗ ਲਾਉਣ ਤੋਂ ਰੋਕ ਕੇ ਪਰਾਲੀ ਖੇਤਾਂ 'ਚ ਮਿਕਸ ਕਰਵਾਈ ਗਈ। ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧੀ ਸੀ। ਉਨ੍ਹਾਂ ਕਿਹਾ ਕਿ ਇਸ ਬੰਪਰ ਪੈਦਾਵਾਰ ਲਈ ਪੰਜਾਬ ਦੇ ਸਮੂਹ ਕਿਸਾਨ ਤੇ ਖੇਤੀ ਮਾਹਿਰ ਤੇ ਵਿਭਾਗ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।