ਨਵੇਂ ਦਿਸ਼ਾ ਨਿਰਦੇਸ਼ਾਂ ਅਤੇ ਮੀਂਹ ਕਾਰਨ ਗੜਬੜਾਈ ਕਣਕ ਦੀ ਮੰਡੀਕਰਨ ਪ੍ਰਕਿਰਿਆ

Tuesday, Apr 21, 2020 - 03:30 PM (IST)

ਨਵੇਂ ਦਿਸ਼ਾ ਨਿਰਦੇਸ਼ਾਂ ਅਤੇ ਮੀਂਹ ਕਾਰਨ ਗੜਬੜਾਈ ਕਣਕ ਦੀ ਮੰਡੀਕਰਨ ਪ੍ਰਕਿਰਿਆ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੋਰੋਨਾ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਸਰਕਾਰ ਇਸ ਵਾਰ ਵੱਖਰੇ ਤਰੀਕੇ ਨਾਲ ਕਣਕ ਦਾ ਮੰਡੀਕਰਨ ਕਰ ਰਹੀ ਹੈ। ਹਾਲਾਂਕਿ ਮੰਡੀਕਰਨ ਦੇ ਇਹ ਦਿਸ਼ਾ ਨਿਰਦੇਸ਼ ਕਿਸਾਨਾਂ ਦੇ ਭਲੇ ਲਈ ਹਨ ਪਰ ਇਸ ਨਾਲ ਕਿਸਾਨ ਨੂੰ ਹੋਰ ਨਵੀਆਂ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ ਹਨ। ਉਤੋਂ ਮੀਂਹ ਕਾਰਨ ਕਿਸਾਨਾਂ ਦੀ ਕਣਕ ਮੰਡੀਆਂ ਚ ਰੁਲ ਰਹੀ ਹੈ। 

ਕਿਸਾਨ
ਇਸ ਬਾਰੇ ਬਠਿੰਡਾ ਜ਼ਿਲ੍ਹਾ ਵਿਚ ਪੈਂਦੇ ਮਲਕਾਣਾ ਪਿੰਡ  ਦੇ ਕਿਸਾਨ ਮਾਧਵ ਨੇ ਜਗਬਾਣੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਮੰਡੀ ਵਿਚ ਆੜ੍ਹਤੀਏ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਆਏ ਹਨ, ਜਿਸ ਕਰਕੇ ਕਿਸਾਨਾਂ ਨੂੰ ਪਾਸ ਮਿਲਣ ਦੀ ਸਮੱਸਿਆ ਆ ਰਹੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਾਨੂੰ ਪਾਸ ਮਿਲ ਜਾਂਦਾ ਹੈ ਤਾਂ ਹੋ ਸਕਦਾ ਹੈ ਕਣਕ ਪੂਰੀ ਤਰ੍ਹਾਂ ਪੱਕਣ ਤੋਂ ਪਹਿਲਾਂ ਹੀ ਕਟਾਈ ਕਰਨੀ ਪਵੇ ਕਿਉਂਕਿ ਬਹੁਤੀ ਜਗ੍ਹਾ ਪਛੇਤੀ ਕਣਕ ਅਜੇ ਵਾਢੀ ਕਰਨ ਯੋਗ ਨਹੀਂ ਹੈ। ਮੰਡੀ ਵਿਚ ਸ਼ੈੱਡ ਨਾ ਹੋਣ ਕਰਕੇ ਕਣਕ ਮੀਂਹ ਨਾਲ ਖ਼ਰਾਬ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਬਹੁਤੇ ਕਿਸਾਨਾਂ ਦੀ ਫਸਲ ਤਾਂ ਕੱਚੀ ਜਗ੍ਹਾ ਉੱਪਰ ਵੀ ਢੇਰੀ ਹੁੰਦੀ ਹੈ । 

ਪੜ੍ਹੋ ਇਹ ਵੀ ਖਬਰ - ਕਿਸਾਨ ਵੀਰਾਂ ਲਈ ਅਹਿਮ ਖਬਰ : ਜਾਣਨ ਸੀਡਰ ਡਰਿੱਲ ਨਾਲ ਕਿਵੇਂ ਕਰਨ ਝੋਨੇ ਦੀ ਬਿਜਾਈ

ਪੜ੍ਹੋ ਇਹ ਵੀ ਖਬਰ - ਮਉਲੀ ਧਰਤੀ ਮਉਲਿਆ ਆਕਾਸੁ॥

ਬਰਨਾਲੇ ਜ਼ਿਲ੍ਹੇ ਵਿਚ ਪੈਂਦੇ ਤਪਾ ਮੰਡੀ ਦੇ ਕਿਸਾਨ ਹਜ਼ਾਰਾ ਸਿੰਘ ਨੇ ਦੱਸਿਆ ਕਿ ਭਾਵੇਂ ਮੰਡੀ ਵਿਚ ਸ਼ੈੱਡ ਦੀ ਸਹੂਲਤ ਸੀ ਤਾਂ ਵੀ ਕਣਕ ਦੀ ਤੁਲਾਈ ਨੂੰ ਦੋ ਦਿਨ ਦਾ ਸਮਾਂ ਲੱਗਿਆ। ਕਿਉਂਕਿ ਪਿਛਲੇ ਦਿਨੀਂ ਪਏ ਮੀਂਹ ਨਾਲ ਕਣਕ ਵਿੱਚ ਨਮੀ ਵਧ ਗਈ, ਜਿਸ ਕਾਰਨ ਖਰੀਦ ਵਿਚ ਦੇਰੀ ਹੋ ਗਈ ਅਤੇ ਓਨਾਂ ਸਮਾਂ ਮੰਡੀ ਵਿਚ ਹੀ ਰਹਿਣਾ ਪਿਆ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕਣਕ ਦੀ ਉਪਜ ਘਰ ਵਿੱਚ ਰੱਖਣੀ ਪਵੇ ਤਾਂ ਇਸ ਨੂੰ ਦੁਬਾਰਾ ਟਰਾਲੀ ਵਿਚ ਭਰ ਮੰਡੀ ਤੱਕ ਪਹੁੰਚਾਉਣ ਲਈ ਟਰੈਕਟਰ ਦੇ ਕਿਰਾਏ ਅਤੇ ਮਜਦੂਰ ਦੀ ਦਿਹਾੜੀ ਮਿਲਾਕੇ ਲਗਭਗ 1500 ਰੁਪਿਆ ਲੱਗਦਾ ਹੈ । 

PunjabKesari

ਜੇਕਰ ਮੀਂਹ ਪੈਣ ਕਰਕੇ ਕਣਕ ਵਿਚ ਨਮੀ ਦਾ ਵਾਧਾ ਹੁੰਦਾ ਹੈ ਤਾਂ ਬਹੁਤੇ ਕਿਸਾਨਾਂ ਦੀ ਕਣਕ ਤੁਲਾਈ ਲਈ ਮੰਡੀ ਵਿਚ ਪਈ ਰਹਿੰਦੀ ਹੈ ਜਾਂ ਫਿਰ ਘੱਟ ਮੁੱਲ ਤੇ ਵੇਚਣੀ ਪੈਂਦੀ ਹੈ। ਇਸ ਨਾਲ ਬਾਕੀ ਦੇ ਕਿਸਾਨਾਂ ਲਈ ਵੀ ਜਗ੍ਹਾ ਖਾਲੀ ਨਹੀਂ ਹੁੰਦੀ, ਜਿਨ੍ਹਾਂ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਆਪਣੀ ਫਸਲ ਘਰ ਵਿਚ ਹੀ ਰੱਖਣੀ ਪੈਂਦੀ ਹੈ। ਕਿਸਾਨਾਂ ਦੀ ਇਹ ਮੰਗ ਹੈ ਕਿ ਕਣਕ ਵਿਚ ਨਮੀਂ 12 ਫੀਸਦੀ ਤੋਂ ਵਧਾ ਕੇ 14 ਫੀਸਦੀ ਕਰ ਦੇਣੀ ਚਾਹੀਦੀ ਹੈ।

ਪੜ੍ਹੋ ਇਹ ਵੀ ਖਬਰ - ਜ਼ਿੰਦਗੀ ਲਈ 'ਕੁਈਨ ਆਫ ਕਾਟਵੇ' ਦੀ ਕਹਾਣੀ ਦਾ ਸਬਕ 

ਪੜ੍ਹੋ ਇਹ ਵੀ ਖਬਰ - ਫਰੈਕਚਰਡ ਆਤਮਾ ਅਤੇ ਇਕ ਟੁੱਟਾ ਦਿਲ: ਫਰੀਦਾ ਕਾਹਲੋ

ਖੇਤੀਬਾੜੀ ਮਾਹਿਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪ੍ਰੋਸੈਸਿੰਗ ਐਂਡ ਫੂਡ ਇੰਜਨੀਅਰ ਵਿਭਾਗ ਦੇ ਮੁਖੀ ਡਾ ਮਹੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰੀਆਂ ਵਿਚ ਭਰਨ ਲਈ ਸਹੀ ਨਮੀ 12 ਫੀਸਦੀ ਹੋਣੀ ਚਾਹੀਦੀ ਹੈ, ਜੋ 3 ਤੋਂ 6 ਮਹੀਨੇ ਤੱਕ ਬਿਨਾਂ ਖਰਾਬ ਹੋਏ ਰਹਿ ਸਕਦੀ ਹੈ। ਜੇਕਰ ਕਣਕ ਵਿਚ ਨਮੀਂ ਇਸ ਤੋਂ ਜ਼ਿਆਦਾ ਹੁੰਦੀ ਹੈ ਤਾਂ ਕਣਕ ਛੇਤੀ ਹੀ ਖਰਾਬ ਹੋਣ ਲੱਗ ਜਾਂਦੀ ਹੈ। ਨਮੀ ਦੀ ਸਮੱਸਿਆ ਦੂਰ ਕਰਨ ਅਤੇ ਛੇਤੀ ਕਣਕ ਦਾ ਮੰਡੀਕਰਨ ਕਰਨਾ ਹੈ ਤਾਂ ਡਰਾਇਰ ਨਾਲ ਕਣਕ ਸੁਕਾਈ ਜਾ ਸਕਦੀ ਹੈ । ਕਣਕ ਦੀ ਵਾਢੀ ਚਾਹੇ 25 ਫੀਸਦੀ ਨਮੀ ਨਾਲ ਵੀ ਹੋਈ ਹੋਵੇ ਉਹ ਡਰਾਇਰ ਨਾਲ ਸੁਕਾ ਕੇ 12 ਫੀਸਦੀ ਤੱਕ ਲਿਆਂਦੀ ਜਾ ਸਕਦੀ ਹੈ । ਕਿਸਾਨਾਂ ਦੀ ਉਪਜ ਦਾ ਸਹੀ ਮੁੱਲ ਲੱਗੇ ਅਤੇ ਉਹ ਮੰਡੀ ਤੋਂ ਛੇਤੀ ਵਿਹਲੇ ਹੋਣ ਉਸ ਲਈ ਡਰਾਇਰ ਚੰਗਾ ਉਪਾਅ ਹੈ । 

ਪੰਜਾਬ ਮੰਡੀ ਬੋਰਡ
ਪੰਜਾਬ ਮੰਡੀ ਬੋਰਡ ਦੇ ਜੀ.ਐੱਮ. ਗੁਰਵਿੰਦਰ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਅਸੀਂ ਕਿਸਾਨ ਦੀ ਹਰ ਤਰੀਕੇ ਨਾਲ ਮਦਦ ਕਰਨ ਵਿੱਚ ਜੁਟੇ ਹੋਏ ਹਾਂ। ਜਿਨ੍ਹਾਂ ਮੰਡੀਆਂ ਵਿਚ ਸ਼ੈੱਡ ਨਹੀਂ ਹਨ, ਉੱਥੇ ਤਰਪਾਲਾਂ ਦਾ ਬੰਦੋਬਸਤ ਕੀਤਾ ਗਿਆ ਹੈ। ਕਣਕ ਨੂੰ ਡਰਾਇਰ ਨਾਲ ਸੁਕਾਉਣ ਦੇ ਸਬੰਧ ਵਿਚ ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਡਰਾਇਰ ਦੁਆਬੇ ਦੇ ਕਈ ਜ਼ਿਲ੍ਹਿਆਂ ਵਿਚ ਮੱਕੀ ਦੀ ਉਪਜ ਨੂੰ ਸਕਾਉਣ ਲਈ ਉਪਲੱਬਧ ਹਨ। ਜੇਕਰ ਇਸ ਨੂੰ ਕਣਕ ਲਈ ਵਰਤਿਆ ਜਾਵੇਗਾ ਤਾਂ ਕਣਕ ਦੇ ਮੰਡੀਕਰਨ ਦੇ ਖ਼ਰਚੇ ਵਿਚ ਵਾਧਾ ਹੋਵੇਗਾ ।


author

rajwinder kaur

Content Editor

Related News