ਪਟਿਆਲਾ ਜ਼ਿਲ੍ਹੇ ''ਚ ਇਸ ਸਾਲ ਕਣਕ ਦਾ ਝਾੜ ਰਹੇਗਾ ਜ਼ਿਆਦਾ : ਮੁੱਖ ਖੇਤੀਬਾੜੀ ਅਫ਼ਸਰ

04/27/2021 10:46:48 AM

ਪਟਿਆਲਾ : ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਇਸ ਸਾਲ ਕਣਕ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ ਤੇਜ਼ੀ ਨਾਲ ਹੋਈ ਹੈ। ਪਿਛਲੇ ਸਾਲ 25 ਅਪ੍ਰੈਲ ਤੱਕ ਮੰਡੀਆਂ 'ਚ 471882 ਮੀਟ੍ਰਿਕ ਟਨ ਕਣਕ ਪੁੱਜੀ ਸੀ ਅਤੇ ਇਸ ਸਾਲ ਹੁਣ ਤੱਕ 788080 ਮੀਟ੍ਰਿਕ ਟਨ ਕਣਕ ਮੰਡੀਆਂ 'ਚ ਪੁੱਜ ਚੁੱਕੀ ਹੈ, ਜੋ ਕਿ ਪਿਛਲੇ ਸਾਲ ਨਾਲੋਂ 3 ਲੱਖ 16 ਹਜ਼ਾਰ 198 ਮੀਟ੍ਰਿਕ ਟਨ ਜ਼ਿਆਦਾ ਹੈ। ਜ਼ਿਕਰਯੋਗ ਹੈ ਕਿ ਭਾਵੇਂ ਪਿਛਲੇ ਸਾਲ ਕਣਕ ਦੀ ਖ਼ਰੀਦ ਕੋਵਿਡ ਕਾਰਨ ਇਸ ਸਾਲ ਨਾਲੋਂ 5 ਦਿਨ (15 ਅਪ੍ਰੈਲ) ਦੇਰੀ ਨਾਲ ਸ਼ੁਰੂ ਹੋਈ ਸੀ ਪਰ ਮੰਡੀਆਂ 'ਚ ਕਣਕ ਦੀ ਆਮਦ ਇਸ ਸਾਲ ਨਾਲੋਂ ਘੱਟ ਰਹੀ ਸੀ। 

ਕਣਕ ਦੀ ਵੱਧ ਆਮਦ ਦੇ ਤਕਨੀਕੀ ਵੇਰਵੇ ਦਿੰਦਿਆ ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਸਾਲ ਵਿਭਾਗ ਵੱਲੋਂ ਕੀਤੇ ਗਏ ਫ਼ਸਲ ਕਟਾਈ ਤਜ਼ਰਬੇ ਦੇ 156 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 95 ਦੇ ਨਤੀਜੇ ਪ੍ਰਾਪਤ ਹੋ ਹਨ। ਇਸ ਅਨੁਸਾਰ ਇਸ ਵਾਰ 2.8 ਫ਼ੀਸਦੀ ਕਣਕ ਦਾ ਝਾੜ ਵੱਧ ਨਿਕਲਣ ਦਾ ਅੰਦਾਜ਼ਾ ਹੈ ਅਤੇ ਪਿਛਲੀ ਵਾਰ ਦੇ 835753 ਮੀਟ੍ਰਿਕ ਟਨ ਦੇ ਮੁਕਾਬਲੇ ਇਸ ਵਾਰ ਸਾਢੇ ਅੱਠ ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਮੰਡੀਆਂ 'ਚ ਵੱਧ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 4777 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਝਾੜ ਰਿਹਾ ਸੀ ਅਤੇ ਇਸ ਵਾਰ ਇਹ ਝਾੜ 4913 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਰਹਿਣ ਦੀ ਸੰਭਾਵਨਾ ਹੈ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਸਾਲ ਝਾੜ ਦੇ ਵੱਧਣ ਦਾ ਮੁੱਖ ਕਾਰਨ ਚੰਗਾ ਮੌਸਮ ਵੀ ਹੈ। 

ਮੰਡੀਆਂ 'ਚ ਕਣਕ ਦੀ ਹੋ ਰਹੀ ਭਰਵੀਂ ਆਮਦ ਸਬੰਧੀ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਹਰਸ਼ਰਨਜੀਤ ਸਿੰਘ ਨੇ ਦੱਸਿਆ ਕਿ ਇਸ ਸਾਲ ਕੋਵਿਡ ਕਾਰਨ 10 ਅਪ੍ਰੈਲ ਤੋਂ ਖ਼ਰੀਦ ਸ਼ੁਰੂ ਕੀਤੀ ਗਈ ਸੀ ਅਤੇ ਪਹਿਲੇ ਦਿਨ ਤੋਂ ਹੀ ਮੰਡੀਆਂ 'ਚ ਕਣਕ ਦੀ ਆਮਦ ਇਸ ਵਾਰ ਤੇਜ਼ ਰਹੀ ਹੈ ਅਤੇ 15 ਦਿਨਾਂ ਦੇ ਅੰਦਰ ਹੀ ਸੰਭਾਵਤ ਆਮਦ ਦੀ 93 ਫ਼ੀਸਦੀ ਕਣਕ ਮੰਡੀਆਂ 'ਚ ਪੁੱਜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਾਲੇ ਵੀ ਰੋਜ਼ਾਨਾ ਔਸਤਨ 30 ਹਜ਼ਾਰ ਮੀਟ੍ਰਿਕ ਟਨ ਦੇ ਨੇੜੇ ਕਣਕ ਮੰਡੀਆਂ 'ਚ ਪੁੱਜ ਰਹੀ ਹੈ।


Babita

Content Editor

Related News