ਗਰੀਬਾਂ ਨੂੰ ਦਿੱਤੀ ਜਾਣ ਵਾਲੀ ਮੁਫਤ ਕਣਕ ਨੂੰ ਲੈ ਕੇ ਖੜ੍ਹਾ ਹੋਇਆ ਨਵਾਂ ਪੰਗਾ, ਜਾਣੋ ਕੀ ਹੈ ਪੂਰਾ ਮਾਮਲਾ

Wednesday, Feb 15, 2023 - 06:40 PM (IST)

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋੜਵੰਦ ਪਰਿਵਾਰਾਂ ਨੂੰ ਜੋ ਮੁਫ਼ਤ ਕਣਕ ਦਿੱਤੀ ਜਾਂਦੀ ਹੈ, ਉਸ ਵਿਚ 30 ਫੀਸਦੀ ਕਟੌਤੀ ਕਰ ਦਿੱਤੀ ਗਈ ਹੈ, ਜਿਸ ਤਹਿਤ ਹੁਣ ਡਿਪੂ ਹੋਲਡਰਾਂ ਨੂੰ ਇਹ ਕਣਕ ਲਾਭਪਾਤਰੀਆਂ ਵਿਚ ਵੰਡਣੀ ਬਹੁਤ ਮੁਸ਼ਕਿਲ ਹੋਵੇਗੀ। ਮਾਛੀਵਾੜਾ ਬਲਾਕ ਦੇ 12000 ਸਮਾਰਟ ਕਾਰਡ ਧਾਰਕ ਹਨ ਅਤੇ 48000 ਵਿਅਕਤੀਆਂ ਨੂੰ ਹਰੇਕ ਮਹੀਨੇ 5 ਕਿਲੋ ਕਣਕ ਦਿੱਤੀ ਜਾਂਦੀ ਹੈ। ਸਰਕਾਰੀ ਡਿਪੂਆਂ ਤੋਂ ਹਰੇਕ ਵਿਅਕਤੀ ਨੂੰ 6 ਮਹੀਨੇ ਦੀ 30 ਕਿਲੋ ਕਣਕ ਮੁਫ਼ਤ ਵੰਡੀ ਜਾਂਦੀ ਹੈ ਪਰ ਇਸ ਵਾਰ ਸਰਕਾਰ ਨੇ 30 ਫੀਸਦੀ ਕਟੌਤੀ ਕਰ ਕੇ ਡਿਪੂਆਂ ’ਤੇ ਵੰਡਣ ਲਈ ਭੇਜ ਦਿੱਤੀ ਹੈ। ਬੇਸ਼ੱਕ ਸਰਕਾਰ ਨੇ 30 ਫੀਸਦੀ ਕਣਕ ਦੀ ਕਟੌਤੀ ਤਾਂ ਕਰ ਦਿੱਤੀ ਪਰ ਇਹ ਹੁਕਮ ਵੀ ਦਿੱਤੇ ਗਏ ਕਿ ਕਿਹੜੇ ਵਿਅਕਤੀ ਨੂੰ ਮੁਫ਼ਤ ਕਣਕ ਦੇਣੀ ਹੈ ਜਾਂ ਕਿਸ ਦੀ ਕੱਟਣੀ ਹੈ, ਜਿਸ ਕਾਰਨ ਡਿਪੂ ਹੋਲਡਰਾਂ ਨੂੰ ਇਹ ਕਣਕ ਵੰਡਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਹਾਲਾਤ ਇਹ ਹੋ ਜਾਣਗੇ ਕਿ ਡਿਪੂ ਹੋਲਡਰਾਂ ਵਲੋਂ ਕਣਕ ਵੰਡਣ ਦੌਰਾਨ ਜਿਹੜਾ ਵਿਅਕਤੀ ਪਹਿਲਾਂ ਆ ਕੇ ‘ਕਣਕ ਲੈ ਗਿਆ, ਉਹ ਲੈ ਗਿਆ ਅਤੇ ਜਿਹੜਾ ਰਹਿ ਗਿਆ ਉਹ ਰਹਿ ਗਿਆ।’

ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ, ਅੱਜ ਤੋਂ ਬੰਦ ਹੋਣਗੇ ਪੰਜਾਬ ਦੇ ਇਹ ਤਿੰਨ ਮਸ਼ਹੂਰ ਟੋਲ ਪਲਾਜ਼ੇ

ਇਸ ਸਬੰਧੀ ਮਾਛੀਵਾੜਾ ਦੇ ਡਿਪੂ ਹੋਲਡਰ ਜਸਵੰਤ ਸਿੰਘ ਭੌਰਲਾ, ਅਸ਼ੋਕ ਕੁਮਾਰ, ਧਰਮਪਾਲ, ਯਸ਼ਪਾਲ ਸਰੀਨ, ਪਰਮਜੀਤ ਸਿੰਘ, ਨਿਰਮਲ ਸਿੰਘ ਤੇ ਰਾਜਨ ਗੁਲਾਟੀ ਨੇ ਦੱਸਿਆ ਕਿ 30 ਫੀਸਦੀ ਕਟੌਤੀ ਕਾਰਨ ਲਾਭਪਾਤਰੀਆਂ ਵਿਚ ਇਹ ਕਣਕ ਵੰਡਣੀ ਬਹੁਤ ਮੁਸ਼ਕਿਲ ਹੈ, ਜਿਸ ਲਈ ਸਰਕਾਰ ਪੂਰੀ ਕਣਕ ਮੁਹੱਈਆ ਕਰਵਾਏ, ਤਾਂ ਜੋ ਹਰੇਕ ਪਰਿਵਾਰ ਨੂੰ ਇਸਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਸਬੰਧੀ ਉਨ੍ਹਾਂ ਵਲੋਂ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਮੰਗ-ਪੱਤਰ ਦਿੱਤਾ ਹੈ ਕਿ ਸਰਕਾਰ ਲਾਭਪਾਤਰੀਆਂ ਨੂੰ ਪੂਰੀ ਕਣਕ ਮੁਹੱਈਆ ਕਰਵਾਏ, ਤਾਂ ਹੀ ਇਸ ਨੂੰ ਵੰਡਣਾ ਸੰਭਵ ਹੈ।

ਇਹ ਵੀ ਪੜ੍ਹੋ : ASI ਨੇ ਚਾਵਾਂ ਨਾਲ ਕੈਨੇਡਾ ਭੇਜੀ ਨੂੰਹ ਨੇ ਵਰਕ ਪਰਮਿਟ ਮਿਲਦਿਆਂ ਬਦਲੇ ਰੰਗ, ਕੀਤੀ ਕਰਤੂਤ ਨੇ ਉਡਾਏ ਹੋਸ਼

12000 ਕਾਰਡ ਧਾਰਕਾਂ ’ਚੋਂ 1500 ਕੱਟਣ ਦੀ ਵੀ ਤਿਆਰੀ

ਮਾਛੀਵਾੜਾ ਦੇ 12000 ਪਰਿਵਾਰ ਹਨ, ਜਿਨ੍ਹਾਂ ਨੂੰ ਸਰਕਾਰ ਦੀ ਯੋਜਨਾ ਤਹਿਤ ਮੁਫ਼ਤ ਕਣਕ ਮਿਲਦੀ ਹੈ। ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਰਵੇ ਵੀ ਕਰਵਾਇਆ ਗਿਆ, ਜਿਸ ਵਿਚ ਸਾਹਮਣੇ ਆਇਆ ਕਿ ਕਈ ਅਮੀਰ ਵੀ ਗਰੀਬ ਬਣ ਕੇ ਇਸ ਯੋਜਨਾ ਦਾ ਲਾਭ ਲੈ ਰਹੇ ਹਨ ਅਤੇ ਮੁਫ਼ਤ ਕਣਕ ਡਿਪੂਆਂ ’ਤੇ ਜਾ ਕੇ ਵਸੂਲ ਰਹੇ ਹਨ। ਮਾਛੀਵਾੜਾ ਬਲਾਕ ਦੇ ਸਰਵੇ ਦੌਰਾਨ ਇਹ ਸਾਹਮਣੇ ਆਇਆ ਹੈ ਕਿ 1500 ਪਰਿਵਾਰ ਅਜਿਹੇ ਹਨ, ਜੋ ਇਸ ਯੋਜਨਾ ਅਧੀਨ ਨਹੀਂ ਆਉਂਦੇ ਪਰ ਉਹ ਗਰੀਬ ਬਣ ਕੇ ਸਰਕਾਰੀ ਕਣਕ ਡਿਪੂਆਂ ਤੋਂ ਲੈਂਦੇ ਰਹੇ। ਇਨ੍ਹਾਂ ਪਰਿਵਾਰਾਂ ਦੀ ਸੂਚੀ ਵੀ ਤਿਆਰ ਹੋ ਗਈ ਹੈ ਅਤੇ ਆਉਣ ਵਾਲੇ ਸਮੇਂ ’ਚ 12000 ਕਾਰਡ ਧਾਰਕਾਂ ’ਚੋਂ 1500 ਕਾਰਡ ਕੱਟ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਇਹ ਮੁਫ਼ਤ ਰਾਸ਼ਨ ਨਹੀਂ ਮਿਲੇਗਾ।

ਇਹ ਵੀ ਪੜ੍ਹੋ : ਦੋਆਬੇ ਦੇ ਇਹ ਤਿੰਨ ਵੱਡੇ ਟੋਲ ਪਲਾਜ਼ੇ ਹੋਏ ਬੰਦ, ਪੰਜਾਬ ਸਰਕਾਰ ਨੇ ਜਾਰੀ ਕੀਤੇ ਲਿਖਤੀ ਹੁਕਮ

ਸਮਾਰਟ ਕਾਰਡਾਂ ’ਤੇ ਅਜੇ ਵੀ ਕੈਪਟਨ ਦੀ ਸਰਦਾਰੀ

ਪੰਜਾਬ ਸਰਕਾਰ ਦੇ ਖੁਰਾਕ ਸਪਲਾਈ ਵਿਭਾਗ ਵਲੋਂ ਪਿਛਲੀ ਕਾਂਗਰਸ ਸਰਕਾਰ ਦੌਰਾਨ ਜੋ ਮੁਫ਼ਤ ਕਣਕ ਲਈ ਸਮਾਰਟ ਕਾਰਡ ਬਣਾਏ ਗਏ ਸਨ, ਉਨ੍ਹਾਂ ’ਤੇ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਲਾਈ ਗਈ। ਹੁਣ ਸੂਬੇ ਵਿਚ ਆਮ ਆਦਮੀ ਪਾਰਟੀ (ਅਾਪ) ਦੀ ਸਰਕਾਰ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਨ ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਵੀ ‘ਆਪ’ ਸਰਕਾਰ ਦੌਰਾਨ ਸਮਾਰਟ ਕਾਰਡਾਂ ’ਤੇ ਅਜੇ ਵੀ ਕੈਪਟਨ ਦੀ ਸਰਦਾਰੀ ਹੈ, ਜਿਨ੍ਹਾਂ ਦੀ ਤਸਵੀਰ ਵਾਲੇ ਸਮਾਰਟ ਕਾਰਡ ਹੁਣ ਤਕ ਚੱਲ ਰਹੇ ਹਨ।

ਇਹ ਵੀ ਪੜ੍ਹੋ : ਮੋਗਾ ’ਚ ਵੱਡੀ ਵਾਰਦਾਤ, ਘਰ ’ਚੋਂ ਮਿਲੀ ਵਿਆਹੁਤਾ ਦੀ ਲਾਸ਼, 3 ਸਾਲਾ ਬੱਚਾ ਲੈ ਕੇ ਪਤੀ ਹੋਇਆ ਫਰਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News