15 ਏਕੜ ਦੇ ਕਰੀਬ ਫਸਲ ਦਾ ਹੋਇਆ ਨੁਕਸਾਨ
Wednesday, Jan 31, 2018 - 02:49 PM (IST)
ਰੂਪਨਗਰ (ਵਿਜੇ)— ਬੀਤੇ ਦਿਨ ਬਲਾਕ ਰੂਪਨਗਰ ਦੇ ਪਿੰਡ ਖੁਆਸਪੁਰ ਵਿਖੇ ਐਟਲਾਂਟਿਸ ਨਦੀਨਨਾਸ਼ਕ/ਕੀਟਨਾਸ਼ਕ ਦਵਾਈ ਜੋ ਕਿ ਬਾਯਰ ਕੰਪਨੀ ਦੁਆਰਾ ਤਿਆਰ ਕੀਤੀ ਸੀ, ਉਸ ਨਾਲ ਕਿਸਾਨਾਂ ਦੀ ਕਣਕ ਦੀ ਫਸਲ ਦੇ ਹੋਏ ਨੁਕਸਾਨ ਸਬੰਧੀ ਜ਼ਿਲਾ ਖੇਤੀਬਾੜੀ ਦਫਤਰ ਰੂਪਨਗਰ ਨੂੰ ਪ੍ਰਾਪਤ ਹੋਈ ਸ਼ਿਕਾਇਤ ਸਬੰਧੀ ਮੁੱਖ ਖੇਤੀਬਾੜੀ ਅਫਸਰ ਕੇਸਰ ਰਾਮ ਬੰਗਾ ਵੱਲੋਂ ਆਪਣੇ ਅਫਸਰਾਂ ਦੀ ਅਤੇ ਕੇ. ਵੀ. ਕੇ. ਸਾਇੰਸਦਾਨਾਂ ਦੀ ਟੀਮ ਨਾਲ ਖਰਾਬ ਹੋਈ ਫਸਲ ਦਾ ਨਿੱਜੀ ਪੱਧਰ 'ਤੇ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਪਾਇਆ ਗਿਆ ਕਿ ਦਵਾਈ ਨਾਲ ਕੀਤੀ ਗਈ ਸਪਰੇਅ ਨਾਲ ਖੇਤ 'ਚ ਟਾਕੀਆਂ 'ਚ ਨੁਕਸਾਨ ਹੋਇਆ ਹੈ ਅਤੇ ਕਣਕ ਪੀਲੀ ਪੈ ਗਈ ਹੈ, ਜਿਸ ਥਾਂ 'ਤੇ ਫਸਲ ਦਾ ਨੁਕਸਾਨ ਹੋਇਆ ਹੈ ਉਥੇ ਇੰਝ ਲੱਗਦਾ ਹੈ ਕਿ ਦਵਾਈ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਕੀਤੀ ਗਈ ਹੈ। ਨਿਰੀਖਣ ਦੌਰਾਨ ਦੇਖਿਆ ਗਿਆ ਕਿ ਉਸ ਖਰਾਬ ਹੋਈ ਫਸਲ ਦੀ ਰਿਕਵਰੀ ਵੀ ਹੋ ਰਹੀ ਹੈ। ਪਿੰਡ ਖੁਆਸਪੁਰ ਵਿਖੇ ਲਗਭਗ 10-15 ਏਕੜ ਫਸਲ ਦਾ ਨੁਕਸਾਨ ਵੇਖਣ 'ਚ ਆਇਆ ਹੈ। ਮੌਕੇ 'ਤੇ ਹਾਜ਼ਰ ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਇਹ ਦਵਾਈ ਦੀ ਖਰੀਦ ਅਹਿਮਦਪੁਰ ਸੁਸਾਇਟੀ, ਨੰਗਲ ਅਤੇ ਕੁਝ ਲੋਕਲ ਡੀਲਰਾਂ ਤੋਂ ਕੀਤੀ ਗਈ ਸੀ ਅਤੇ ਕਿਸਾਨ ਇਸ ਖਰੀਦ ਕੀਤੀ ਦਵਾਈ ਦੇ ਬਿੱਲ ਪੇਸ਼ ਨਹੀਂ ਕਰ ਸਕੇ। ਮੁੱਖ ਖੇਤੀਬਾੜੀ ਅਫਸਰ ਵਲੋਂ ਮੌਕੇ 'ਤੇ ਹੀ ਆਪਣੇ ਬਲਾਕ ਖੇਤੀਬਾੜੀ ਅਫਸਰ, ਸ੍ਰੀ ਅਨੰਦਪੁਰ ਸਾਹਿਬ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਖੰਨਾ ਸੀਡ ਸਟੋਰ, ਨੰਗਲ ਦੀ ਦੁਕਾਨ ਨੂੰ ਚੈੱਕ ਕਰਨ 'ਤੇ ਇਸ ਦਵਾਈ ਦਾ ਸੈਂਪਲ ਭਰਿਆ ਜਾਵੇ ਪਰ ਉਕਤ ਦਵਾਈ ਪ੍ਰਾਪਤ ਨਹੀਂ ਹੋਈ ਅਤੇ ਨਾ ਹੀ ਕੋਈ ਰਿਕਾਰਡ ਮਿਲਿਆ ਅਤੇ ਉਸ ਦੁਕਾਨ 'ਤੇ ਮੌਜੂਦ ਨਦੀਨਨਾਸ਼ਕ ਦਵਾਈ ਟਾਰਗੈਟ ਦਾ ਸੈਂਪਲ ਭਰ ਲਿਆ ਗਿਆ। ਜ਼ਿਲਾ ਹੈੱਡ ਕੁਆਰਟਰ ਵੱਲੋਂ ਟੀਮ ਦਾ ਗਠਨ ਕੀਤਾ ਗਿਆ, ਨੇ ਅਹਿਮਦਪੁਰ ਸੁਸਾਇਟੀ ਦੀ ਚੈਕਿੰਗ ਕੀਤੀ ਪਰ ਉਥੇ ਇਸ ਦਵਾਈ ਦਾ ਸਟਾਕ ਨਹੀਂ ਮਿਲਿਆ ਅਤੇ ਨਾ ਹੀ ਇਸ ਦਵਾਈ ਦਾ ਸੇਂਪਲ ਭਰਿਆ ਜਾ ਸਕਿਆ। ਇਸ ਦੇ ਨਾਲ ਹੀ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਅਹਿਮਦਪੁਰ ਸੁਸਾਇਟੀ 'ਤੇ ਕਾਰਵਾਈ ਕਰਨ ਲਈ ਲਿਖ ਦਿੱਤਾ ਗਿਆ ਹੈ।
ਮੁੱਖ ਖੇਤੀਬਾੜੀ ਅਫਸਰ ਵੱਲੋਂ ਜ਼ਿਲਾ ਪੱਧਰ ਅਤੇ ਬਲਾਕ ਪੱਧਰ ਦੇ ਪੂਰੇ ਸਟਾਫ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਉਕਤ ਦਵਾਈ ਦੇ ਪ੍ਰਾਈਵੇਟ ਡੀਲਰਾਂ ਅਤੇ ਸੁਸਾਇਟੀਆਂ ਦੇ ਬੈਚ ਵਾਈਜ਼ ਸੈਂਪਲ ਭਰ ਲਏ ਜਾਣ ਅਤੇ ਦਵਾਈ ਨਾਲ ਹੋਏ ਨੁਕਸਾਨ ਸਬੰਧੀ ਰਿਪੋਰਟ ਤੁਰੰਤ ਇਸ ਦਫਤਰ ਨੂੰ ਦਿੱਤੀ ਜਾਵੇ। ਐਟਲਾਂਟਿਸ ਦਵਾਈ ਜਿਸ ਦਾ ਬੈਚ ਨੰ 440 ਹੈ, ਦਾ ਪਹਿਲਾਂ ਹੀ ਸੈਂਪਲ ਲੈ ਕੇ ਟੈਸਟ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਸੁਝਾਅ ਦਿੰਦੇ ਹੋਏ ਕਿਹਾ ਹੈ ਕਿ ਖਰਾਬ ਹੋਈ ਫਸਲ ਉਤੇ 2% ਯੂਰੀਆ (ਪਾਣੀ ਦੀ ਪੂਰੀ ਮਾਤਰਾ) ਦੇ ਘੋਲ ਨਾਲ ਸਪਰੇਅ ਕੀਤੀ ਜਾਵੇ ਅਤੇ ਸਪਰੇਅ ਸਾਫ ਮੌਸਮ 'ਚ ਨੈਪਸਕ ਸਪਰੇਅ ਪੰਪ ਕੱਟ ਵਾਲੀ ਨੋਜ਼ਲ ਨਾਲ ਕੀਤੀ ਜਾਵੇ ਜਦੋਂ ਕਿ ਮਾੜੀਆਂ ਜ਼ਮੀਨਾਂ 'ਚ ਇਸ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਦੀਨਨਾਸ਼ਕ/ ਕੀਟਨਾਸ਼ਕ ਜਾਂ ਕੋਈ ਹੋਰ ਇਨਪੁੱਟਸ ਦੀ ਖਰੀਦ ਕਰਨ 'ਤੇ ਉਸ ਦਾ ਬਿੱਲ ਜ਼ਰੂਰ ਲਿਆ ਜਾਵੇ ਅਤੇ ਉਕਤ ਖਰੀਦ ਕੀਤੀ ਗਈ ਦਵਾਈ ਦੇ ਬਿੱਲ ਮਹਿਕਮਾ ਖੇਤੀਬਾੜੀ ਅਤੇ ਕਿਸਾਨ ਭਲਾਈ ਕੋਲ ਜਮ੍ਹਾ ਕਰਾਉਣ ਤਾਂ ਜੋ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
