ਰਜਬਾਹੇ ’ਚ ਪਾੜ ਪੈਣ ਕਾਰਨ ਕਰੀਬ 150 ਏਕੜ ਕਣਕ ਦੀ ਪੱਕੀ ਦੀ ਫ਼ਸਲ ’ਚ ਭਰਿਆ ਪਾਣੀ

Sunday, Apr 14, 2024 - 02:20 PM (IST)

ਰਜਬਾਹੇ ’ਚ ਪਾੜ ਪੈਣ ਕਾਰਨ ਕਰੀਬ 150 ਏਕੜ ਕਣਕ ਦੀ ਪੱਕੀ ਦੀ ਫ਼ਸਲ ’ਚ ਭਰਿਆ ਪਾਣੀ

ਦੋਦਾ/ਸ੍ਰੀ ਮੁਕਤਸਰ ਸਾਹਿਬ (ਲਖਵੀਰ ਸ਼ਰਮਾ, ਪਵਨ ਤਨੇਜਾ) : ਅੱਜ ਸਵੇਰੇ ਪਿੰਡ ਦੋਦਾ ’ਚੋਂ ਲੰਘਦੇ ਜੈਤੋ ਰਜਬਾਹੇ ’ਚ ਪਿੰਡ ਕੌਣੀ ਅਤੇ ਦੋਦਾ ’ਚ ਪਾੜ ਪੈਣ ਕਾਰਨ ਲਗਭਗ 150 ਏਕੜ ਕਣਕ ਦੀ ਪੱਕੀ ਫ਼ਸਲ ਵਿੱਚ ਪਾਣੀ ਭਰ ਜਾਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਕੌਣੀ ਦੇ ਸਰਪੰਚ ਪਾਲ ਸਿੰਘ ਅਤੇ ਕਿਸਾਨਾਂ ਖੁਸ਼ਹਾਲ ਸਿੰਘ, ਅੰਗਰੇਜ ਸਿੰਘ ਨੰਬਰਦਾਰ, ਕੰਵਰਜੀਤ ਸਿੰਘ, ਗੁਰਮੇਲ ਸਿੰਘ, ਗੁਰਜੰਟ ਸਿੰਘ, ਅਜੈਬ ਸਿੰਘ, ਵੀਰ ਸਿੰਘ, ਗੁਰਜੀਤ ਸਿੰਘ, ਜਸਵਿੰਦਰ ਸਿੰਘ ਅਦਿ ਨੇ ਭਰੇ ਮਨ ਨਾਲ ਦੱਸਿਆ ਕਿ ਉਨਾਂ ਦੀ 6 ਮਹੀਨਿਆਂ ਦੀ ਕੀਤੀ ਦਿਨ-ਰਾਤ ਦੀ ਸਖ਼ਤ ਮਿਹਨਤ ਨਾਲ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਜੋ ਹੁਣ ਪੂਰੀ ਤਰ੍ਹਾਂ ਪੱਕ ਕੇ ਵਾਢੀ ਲਈ ਤਿਆਰ ਸੀ ’ਚ ਸਬੰਧਿਤ ਵਿਭਾਗ ਦੀ ਅਣਗਹਿਲੀ ਕਾਰਨ ਰਜਵਾਹੇ 'ਚ ਬੀਤੀ ਰਾਤ ਪਾਣੀ ਵੱਧ ਛੱਡ ਦਿੱਤਾ ਅਤੇ ਰਾਜਬਾਹਾ ਟੁੱਟਣ ਕਾਰਨ ਕਣਕ ਦੇ ਖੇਤਾਂ ’ਚ ਲਗਭਗ 100 ਏਕੜ ’ਚ ਪਾਣੀ ਭਰ ਗਿਆ, ਜਿਸ ਕਾਰਨ ਉਨਾਂ ਦੀ ਪੱਕਣ ’ਤੇ ਆਈ ਫ਼ਸਲ ਦਾ ਭਾਰੀ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ।

ਇਸ ਤੋਂ ਇਲਾਵਾ ਪਿੰਡ ਦੋਦਾ ’ਚ ਟੇਲਾਂ ’ਤੇ ਪੈਂਦੇ ਰਕਬੇ ’ਚ ਇਸੇ ਹੀ ਰਾਜਬਾਹਾ ’ਚ ਇੱਕ ਹੋਰ ਪਾੜ ਪੈਣ ਕਾਰਨ ਲਗਭਗ 50 ਏਕੜ ਕਣਕ ਦੀ ਪੱਕੀ ਫਸਲ ’ਚ ਪਾਣੀ ਭਰ ਗਿਆ। ਇਸ ਮੌਕੇ ਇੱਕਤਰ ਸਮੂਹ ਕਿਸਾਨਾਂ ਨੇ ਦੱਸਿਆ ਕਿ ਸਬੰਧਤ ਵਿਭਾਗ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਇਸ ਰਜਬਾਹੇ ਦੀ ਕੋਈ ਸਫ਼ਾਈ ਨਾ ਕਰਵਾਉਣ ਅਤੇ ਲੋੜ ਤੋ ਜ਼ਿਆਦਾ ਪਾਣੀ ਛੱਡਣ ਕਾਰਨ ਹੀ ਰਜਬਾਹਾ ਟੁੱਟ ਗਿਆ। ਕਿਸਾਨਾਂ ਨੇ ਦੱਸਿਆ ਕਿ ਖੇਤਾਂ ’ਚ ਪਾਣੀ ਭਰ ਜਾਣ ਕਾਰਨ ਇੱਕ ਤਾਂ ਸਾਨੂੰ ਆਪਣੀ ਕਣਕ ਦੀ ਫ਼ਸਲ ਵੱਡਣ ਸਮੇਂ ਵੱਡੀ ਮੁਸ਼ਕਲ ਆਵੇਗੀ ਅਤੇ ਕਣਕ ਦੀ ਫਸਲ ਡਿੱਗਣ ਕਾਰਨ ਭਾਰੀ ਨੁਕਸਾਨ ਹੋਣ ਸ਼ੰਕਾ ਜਤਾਈ ਹੈ। ਕਿਸਾਨਾਂ ਨੇ ਸਰਕਾਰ ਅਤੇ ਸਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਪਾਣੀ ਨਾਲ ਹੋਏ ਨੁਕਸਾਨ ਦੀ ਤਰੁੰਤ ਗਿਰਦਾਵਰੀ ਕਰਵਾ ਕੇ ਬਣਦਾ ਯੋਗ ਮੁਆਵਜ਼ਾ ਦੇਣ ਦੀ ਪੁਰਜ਼ੋਰ ਮੰਗ ਕੀਤੀ ਹੈ।

ਕੀ ਕਹਿਣਾ ਸਬੰਧਿਤ ਅਧਿਕਾਰੀ ਦਾ
ਜਦੋਂ ਇਸ ਸਬੰਧੀ ਨਹਿਰੀ ਵਿਭਾਗ ਦੇ ਐਕਸੀਅਨ ਜਿਨੇਸ਼ ਗੋਇਲ ਨਾਲ ਫੋਨ ’ਤੇ ਗੱਲ ਕੀਤੀ ਤਾ ਉਨ੍ਹਾਂ ਨੇ ਕਿਹਾ ਕਿ ਜਦੋਂ ਹੀ ਉਨ੍ਹਾਂ ਨੂੰ ਰਾਜਬਾਹਾ ਟੁੱਟਣ ਦੀ ਜਾਣਕਾਰੀ ਮਿਲੀ ਤਾਂ ਤਰੁੰਤ ਹੀ ਪਿਛੋਂ ਪਾਣੀ ਬੰਦ ਕਰਵਾ ਕੇ ਰਸਤੇ ’ਚ ਪੈਂਦੀਆਂ ਐਕਸੇਪਾਂ ਖੁੱਲ੍ਹਵਾ ਦਿੱਤੀਆਂ ਗਈਆਂ ਤਾਂ ਕਿ ਜ਼ਿਆਦਾ ਨਾ ਹੋ ਸਕੇ। ਜਦੋਂ ਉਨ੍ਹਾਂ ਨੂੰ ਰਜਵਾਹੇ ਦੀ ਸਫ਼ਾਈ ਨਾ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਮੇਂ-ਸਮੇਂ ’ਤੇ ਰਾਜਬਾਹੇ ਦੀ ਸਫ਼ਾਈ ਨਰੇਗਾ ਤੋਂ ਕਾਰਵਾਈ ਗਈ ਹੈ, ਪਰ ਜਿੱਥੇ ਸਫ਼ਾਈ ਦੀ ਘਾਟ ਰਹਿ ਗਈ ਹੈ, ਉਹ ਇਸ ਬਾਰੇ ਪਤਾ ਕਰਵਾ ਲੈਣਗੇ।
 


author

Babita

Content Editor

Related News