ਕਣਕ ਲਈ ਲੋੜੀਂਦੀ 60 ਹਜ਼ਾਰ ਟਨ ਯੂਰੀਆ ’ਚੋਂ ਪਹੁੰਚੀ ਹੈ ਸਿਰਫ਼ 2900 ਟਨ ਖਾਦ
Thursday, Nov 19, 2020 - 12:20 PM (IST)
ਗੁਰਦਾਸਪੁਰ (ਹਰਮਨ) - ਕਿਸਾਨਾਂ ਵੱਲੋਂ ਸ਼ੁਰੂ ਕੀਤੇ ਰੇਲ ਰੋਕੋ ਅੰਦੋਲਨ ਕਾਰਣ ਇਸ ਮੌਕੇ ਯੂਰੀਆ ਖਾਦ ਦੀ ਕਿੱਲਤ ਨੇ ਕਿਸਾਨਾਂ ਦੀ ਤੌਬਾ ਕਰਵਾ ਦਿੱਤੀ ਹੈ। ਇਸ ਦੇ ਚਲਦਿਆਂ ਇਕੱਲੇ ਜ਼ਿਲ੍ਹਾ ਗੁਰਦਾਸਪੁਰ ’ਚ ਹਾਲਾਤ ਇਹ ਬਣ ਗਏ ਹਨ ਕਿ ਜ਼ਿਲੇ ’ਚ ਕਣਕ ਹੇਠਲੇ ਕਰੀਬ ਪੌਣੇ 2 ਲੱਖ ਹੈੱਕਟੇਅਰ ਰਕਬੇ ਲਈ ਲੋੜੀਂਦੀ ਯੂਰੀਆ ਖਾਦ ਨਾਲੋਂ 20 ਗੁਣਾਂ ਘੱਟ ਖਾਦ ਪਹੁੰਚੀ ਹੈ। ਇਸ ਦੇ ਚਲਦਿਆਂ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਸਥਿਤੀ ਵਿਚ ਡੀਲਰਾਂ ਦੇ ਗੁਦਾਮ ਪੂਰੀ ਤਰ੍ਹਾਂ ਖਾਲੀ ਹੋ ਚੁੱਕੇ ਹਨ। ਜਿਥੇ ਕਿਤੇ ਕਿਸੇ ਡੀਲਰ ਕੋਲ ਥੋੜੀ ਬਹੁਤ ਖਾਦ ਬਚੀ ਹੈ, ਉਨ੍ਹਾਂ ਨੂੰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਸਖ਼ਤ ਹਦਾਇਤ ਕਰਦਿਆਂ ਤਾੜਨਾ ਕੀਤੀ ਹੈ ਕਿ ਜੇਕਰ ਖਾਦਾਂ ਦੀ ਕਿਲਤ ਕਾਰਣ ਕਿਸੇ ਡੀਲਰ ਨੇ ਕਿਸਾਨਾਂ ਦੀ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਰਟੀਲਾਈਜਰ ਐਕਟ ਤਹਿਤ ਸਬੰਧਤ ਕਿਸਾਨਾਂ ਖਿਲਾਫ਼ ਸਖ਼ਤ ਕਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪੜ੍ਹੋ ਇਹ ਵੀ ਖਬਰ - ਵਿਦਿਆਰਥੀਆਂ ਲਈ ਅਹਿਮ ਖ਼ਬਰ : ਕੈਨੇਡਾ ਵੀਜ਼ੇ ਲਈ ਅਹਿਤਿਆਤ ਵਾਲੇ ਕਾਲਜਾਂ ਦੀ ਸੂਚੀ ਹੋਈ ਅੱਪਡੇਟ
90 ਫੀਸਦੀ ਮੁਕੰਮਲ ਹੋ ਚੁੱਕਾ ਕਣਕ ਦੀ ਬੀਜਾਈ ਦਾ ਕੰਮ
ਜ਼ਿਲ੍ਹਾਂ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਮਿੰਦਰ ਸਿੰਘ ਧੰਜੂ ਨੇ ਦੱਸਿਆ ਕਿ ਜ਼ਿਲ੍ਹੇ ’ਚ ਇਸ ਸਾਲ ਕਣਕ ਦੀ ਬੀਜਾਈ ਇਕ ਲੱਖ 84 ਹਜ਼ਾਰ ਹੈੱਕਟੇਅਰ ਰਕਬੇ ਵਿਚ ਹੋਣ ਦੀ ਸੰਭਾਵਨਾ ਹੈ, ਜਿਸ ਵਿਚੋਂ 90 ਫੀਸਦੀ ਤੋਂ ਜ਼ਿਆਦਾ ਬੀਜਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਡਾ. ਧੰਜੂ ਨੇ ਕਿਹਾ ਕਿ ਇਸ ਸਾਲ ਤਸੱਲੀ ਵਾਲੀ ਗੱਲ ਇਹ ਰਹੀ ਹੈ ਕਿ ਜ਼ਿਆਦਾਤਰ ਕਿਸਾਨਾਂ ਨੇ ਕਣਕ ਦੀ ਬੀਜਾਈ ਖੇਤਾਂ ’ਚ ਅੱਗ ਲਾਏ ਬਗੈਰ ਕੀਤੀ ਹੈ। ਇਸ ਦੇ ਚਲਦਿਆਂ ਹੈਪੀ ਸੀਡਰ ਅਤੇ ਸੁਪਰ ਸੀਡਰ ਨਾਲ ਕਣਕ ਦੀ ਜ਼ਿਆਦਾ ਬੀਜਾਈ ਹੋਈ ਹੈ। ਉਨ੍ਹਾਂ ਕਿਹਾ ਕਿ ਬਾਸਮਤੀ ਤੇ ਗੰਨੇ ਵਾਲੇ ਕੁਝ ਖੇਤਾਂ ਵਿਚ ਅਜੇ ਕਣਕ ਦੀ ਬੀਜਾਈ ਦਾ ਕੰਮ ਚਲ ਰਿਹਾ, ਜੋ ਜਲਦੀ ਮੁਕੰਮਲ ਹੋਣ ਦੀ ਸੰਭਾਵਨਾ ਹੈ।
ਪੜ੍ਹੋ ਇਹ ਵੀ ਖਬਰ - ‘ਰੋਮਾਂਟਿਕ’ ਹੋਣ ਦੇ ਨਾਲ-ਨਾਲ ਜ਼ਿਆਦਾ ‘ਗੁੱਸੇ’ ਵਾਲੇ ਹੁੰਦੈ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਕਈ ਗੱਲਾਂ
ਕਣਕ ਦੇ ਸੀਜ਼ਨ ਲਈ ਲੋੜੀਂਦੀ ਹੈ 60 ਹਜ਼ਾਰ ਮੀਟਰਕ ਟਨ ਯੂਰੀਆ
ਜ਼ਿਲੇ ’ਚ ਕਣਕ ਹੇਠਲੇ 1 ਲੱਖ 84 ਹਜ਼ਾਰ ਰਕਬੇ ਲਈ ਕਰੀਬ 60 ਹਜ਼ਾਰ ਮੀਟਰਕ ਟਨ ਯੂਰੀਆ ਖਾਦ ਦੀ ਲੋੜ ਹੈ, ਜਿਸ ’ਚੋਂ ਮੁਸ਼ਕਿਲ ਨਾਲ 2900 ਟਨ ਯੂਰੀਆ ਜ਼ਿਲੇ ’ਚ ਪਹੁੰਚੀ ਹੈ। ਇਸ ਵਿਚੋਂ 2000 ਟਨ ਯੂਰੀਆ ਅਕਤੂਬਰ ਮਹੀਨੇ ਪਹੁੰਚਿਆ ਸੀ, ਜਦੋਂਕਿ 900 ਟਨ ਦੇ ਕਰੀਬ ਯੂਰੀਆ ਨਵੰਬਰ ਮਹੀਨੇ ਆਇਆ ਹੈ। ਖਾਸ ਤੌਰ ’ਤੇ ਹੁਣ ਜਦੋਂ ਨਵੰਬਰ ਮਹੀਨੇ ਕਣਕ ਦੀ ਫ਼ਸਲ ਨੂੰ ਕਿਸਾਨਾਂ ਨੇ ਪਹਿਲੇ ਪਾਣੀ ਦੇ ਨਾਲ ਯੂਰੀਆ ਖਾਦ ਦੀ ਕਰੀਬ ਇਕ-ਇਕ ਬੋਰੀ ਪਾਉਣੀ ਹੈ ਤਾਂ ਜ਼ਿਲੇ ’ਚ ਕਰੀਬ 30 ਹਜ਼ਾਰ ਟਨ ਯੂਰੀਆ ਖਾਦ ਦੀ ਇਸੇ ਮਹੀਨੇ ਲੋੜ ਹੈ ਪਰ ਸਿਰਫ਼ 2900 ਟਨ ਖਾਦ ਪਹੁੰਚਣ ਕਾਰਣ ਇਸ ਗੱਲ ਦਾ ਅੰਦਾਜ਼ਾ ਸਹਿਜੇ ਲਗਾਇਆ ਜਾ ਸਕਦਾ ਹੈ ਕਿ ਕਿਸਾਨਾਂ ਨੂੰ ਕਿੰਨੀ ਵੱਡੀ ਮੁਸ਼ਕਿਲ ਪੇਸ਼ ਆ ਰਹੀ ਹੋਵੇਗੀ।
ਪੜ੍ਹੋ ਇਹ ਵੀ ਖਬਰ - ਧਨ ’ਚ ਵਾਧਾ ਅਤੇ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਐਤਵਾਰ ਨੂੰ ਕਰੋ ਇਹ ਖ਼ਾਸ ਉਪਾਅ
ਕਿੱਲਤ ਦੀ ਆੜ ਹੇਠ ਨਹੀਂ ਹੋਣ ਦਿੱਤੀ ਜਾਵੇਗੀ ਕਿਸਾਨਾਂ ਦੀ ਲੁੱਟ : ਡਾ. ਧੰਜੂ
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਮਿੰਦਰ ਸਿੰਘ ਧੰਜੂ ਨੇ ਕਿਹਾ ਕਿ ਯੂਰੀਆ ਖਾਦ ਦੀ ਕਮੀ ਸਿਰਫ਼ ਗੁਰਦਾਸਪੁਰ ਜ਼ਿਲੇ ’ਚ ਨਹੀਂ ਸਗੋਂ ਪੂਰੇ ਪੰਜਾਬ ਅੰਦਰ ਹੈ। ਉਨ੍ਹਾਂ ਕਿਹਾ ਕਿ ਵੈਸੇ ਤਾਂ ਪੂਰੇ ਜ਼ਿਲ੍ਹੇ ਅੰਦਰ ਕਿਸੇ ਵੀ ਜਗ੍ਹਾਂ ’ਤੇ ਇਸ ਮੌਕੇ ਯੂਰੀਆ ਖਾਦ ਦਾ ਸਟਾਕ ਨਹੀਂ ਪਰ ਫਿਰ ਵੀ ਜੇਕਰ ਕਿਸੇ ਡੀਲਰ ਕੋਲ ਯੂਰੀਆ ਖਾਦ ਪਈ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਕੋਈ ਡੀਲਰ ਖਾਦ ਦੀ ਕਮੀ ਅਤੇ ਕਿਸਾਨਾਂ ਦੀ ਲੋੜ ਦਾ ਫ਼ਾਇਦਾ ਉਠਾ ਕੇ ਕਿਸਾਨਾਂ ਦੀ ਲੁੱਟ ਕਰਨ ਦੀ ਕੋਸ਼ਿਸ਼ ਕਰੇ। ਉਨ੍ਹਾਂ ਕਿਹਾ ਕਿ ਸਮੂਹ ਡੀਲਰਾਂ ਨੂੰ ਪਹਿਲਾਂ ਵੀ ਹਦਾਇਤ ਕੀਤੀ ਜਾ ਚੁੱਕੀ ਹੈ ਕਿ ਉਹ ਆਪਣੀ ਦੁਕਾਨਾਂ ਵਿਚ ਖਾਦ ਦੇ ਸਟਾਕ ਅਤੇ ਅਸਲ ਰੇਟ ਦੀ ਜਾਣਕਾਰੀ ਡਿਸਪਲੇਅ ਕਰਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਜਗ੍ਹਾਂ ’ਤੇ ਕੋਈ ਡੀਲਰ ਉਨ੍ਹਾਂ ਕੋਲੋਂ ਕਿਸੇ ਚੀਜ਼ ਦਾ ਮੁੱਲ ਨਿਰਧਾਰਤ ਰੇਟ ਤੋਂ ਜ਼ਿਆਦਾ ਵਸੂਲ ਕਰਦਾ ਹੈ ਤਾਂ ਤੁਰੰਤ ਉਸ ਦੀ ਸ਼ਿਕਾਇਤ ਖੇਤੀਬਾੜੀ ਵਿਭਾਗ ਕੋਲ ਕੀਤੀ ਜਾਵੇ।
ਪੜ੍ਹੋ ਇਹ ਵੀ ਖਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ
ਕਣਕ ਦੇ ਖੇਤ ’ਚ ਕਦੋਂ ਕਿੰਨੀ ਲੋੜ ਹੁੰਦੀ ਹੈ ਯੂਰੀਆ ਖਾਦ ਦੀ?
ਖੇਤੀਬਾੜੀ ਅਫਸਰ ਡਾ. ਰਣਧੀਰ ਸਿੰਘ ਠਾਕੁਰ ਨੇ ਦੱਸਿਆ ਕਿ ਦਰਮਿਆਨੀ ਮਿੱਟੀ ਵਾਲੇ ਖੇਤਾਂ ਵਿਚ ਕਣਕ ਦੀ ਫ਼ਸਲ ਨੂੰ 110 ਕਿਲੋ ਯੂਰੀਆ ਖਾਦ ਦੀ ਲੋੜ ਹੁੰਦੀ ਹੈ। ਯੂਰੀਆ ਖਾਦ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ ਅਤੇ ਕਿਸਾਨਾਂ ਨੂੰ ਪੀ. ਏ. ਯੂ. ਪੱਤਾ ਰੰਗ ਚਾਰਟ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਦਰਮਿਆਨੀ ਉਪਜਾਊ ਸ਼ਕਤੀ ਵਾਲੀਆਂ ਜ਼ਮੀਨਾਂ ਵਿਚ ਬੀਜਾਈ ਮੌਕੇ ਯੂਰੀਆ ਖਾਦ ਦੀ ਲੋੜ ਨਹੀਂ ਹੁੰਦੀ, ਜਿਸ ਦੇ ਬਾਅਦ ਪਹਿਲੇ ਪਾਣੀ ਨਾਲ ਫ਼ਸਲ ਨੂੰ ਕਰੀਬ ਇਕ ਬੋਰੀ ਕਿਲੋ ਯੂਰੀਆ ਖਾਦ ਪਾਉਣੀ ਚਾਹੀਦੀ ਹੈ। ਇਸ ਦੇ ਬਾਅਦ ਬਿਜਾਈ ਦੇ ਕਰੀਬ 50 ਦਿਨਾਂ ਬਾਅਦ ਦੂਸਰੇ ਪਾਣੀ ਤੋਂ ਪਹਿਲਾਂ ਵੀ ਬਾਕੀ ਯੂਰੀਆ ਖਾਦ ਪਾਉਣੀ ਚਾਹੀਦੀ ਹੈ।
ਪੜ੍ਹੋ ਇਹ ਵੀ ਖਬਰ - Beauty Tips : 20 ਮਿੰਟਾਂ ''ਚ ਇਸ ਤਰੀਕੇ ਨਾਲ ਦੂਰ ਕਰੋ ਆਪਣੀ ‘ਗਰਦਨ ਦਾ ਕਾਲਾਪਣ’