CM ਚੰਨੀ ਦਾ ਕੇਜਰੀਵਾਲ ਨੂੰ ਸਵਾਲ: ਕਿਹਾ- ਕਿਹੜਾ ਆਮ ਆਦਮੀ ਆਲੀਸ਼ਾਨ ਜੀਵਨ ਜਿਊਂਦੈ ਤੇ ਮਹਿੰਗੇ ਹੋਟਲਾਂ 'ਚ ਰਹਿੰਦੈ
Tuesday, Dec 28, 2021 - 09:13 PM (IST)
ਮਾਨਸਾ,ਸਰਦੂਲਗੜ੍ਹ(ਮਿੱਤਲ,ਬਲਵਿੰਦਰ ਚੋਪੜਾ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ’ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਜਰੀਵਾਲ ਪਹਿਲਾਂ ਇਹ ਦੱਸੇ ਕਿ ਕਿਹੜਾ ਆਮ ਆਦਮੀ ਆਲੀਸ਼ਾਨ ਜੀਵਨ ਜਿਊਂਦਾ ਹੈ ਅਤੇ ਵੱਡੇ ਮਹਿੰਗੇ ਹੋਟਲਾਂ ’ਚ ਰਹਿੰਦਾ ਹੈ। ਅੱਜ ਇੱਥੇ ਅਨਾਜ ਮੰਡੀ ਵਿਖੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਖੁਦ-ਬ-ਖੁਦ ਹੀ ਆਪਣੇ ਆਪ ਨੂੰ ਆਮ ਆਦਮੀ ਕਹਿੰਦਾ ਰਹਿੰਦਾ ਹੈ ਬਲਕਿ ਅਸਲ ਵਿੱਚ ਉਸ ਨੂੰ ਆਮ ਆਦਮੀ ਦੇ ਹਿੱਤਾਂ ਦੀ ਕੋਈ ਚਿੰਤਾ ਨਹੀਂ ਹੈ। ਉਨਾਂ ਕਿਹਾ ਕਿ ਜਿਹੜਾ ਸਖਸ਼ ਐਸੋ-ਆਰਾਮ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ, ਉਸ ਨੂੰ ਆਮ ਆਦਮੀ ਦੀਆਂ ਤਕਲੀਫਾਂ ਬਾਰੇ ਕਿਵੇਂ ਪਤਾ ਲੱਗ ਸਕਦਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਹੀ ਸਮਝ ਸਕਦਾ ਹੈ, ਜਿਸ ਨੇ ਖੁਦ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੋਵੇ।
ਇਹ ਵੀ ਪੜ੍ਹੋ- ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਹੋਈ ਸਖ਼ਤ, ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼
ਮੁੱਖ ਮੰਤਰੀ ਨੇ ਕਿਹਾ ਕਿ ਕਮਜ਼ੋਰ ਅਤੇ ਪਛੜੇ ਵਰਗਾਂ ਨਾਲ ਸਬੰਧਤ ਹੋਣ ਦੇ ਨਾਤੇ ਉਨਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਵੱਧ ਤੋਂ ਵੱਧ ਸ਼ਕਤੀ ਪ੍ਰਦਾਨ ਕਰਨਾ ਹੈ ਕਿਉਂਕਿ ਇਹ ਆਮ ਆਦਮੀ ਦੀ ਸਰਕਾਰ ਹੈ। ਉਨਾਂ ਕਿਹਾ ਕਿ ’ਆਪ’ ਗਾਰੰਟੀ ਕਾਰਡ ਭਰ ਰਹੀ ਹੈ ਪਰ ਉਨਾਂ ਦੀ ਸਰਕਾਰ ਨੇ ਸਾਰੇ ਵਾਅਦੇ ਪੂਰੇ ਕੀਤੇ ਹਨ ਅਤੇ ’ਆਪ’ ਕੋਲ ਕੋਈ ਮੁੱਦਾ ਨਹੀਂ ਬਚਿਆ ਹੈ। ਕੇਜਰੀਵਾਲ ਅਤੇ ਉਸ ਦੇ ਸਹਿਯੋਗੀਆਂ ਨੂੰ ਈਸਟ ਇੰਡੀਆ ਕੰਪਨੀ ਕਰਾਰ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਪੰਜਾਬ ਦੀ ਸਾਰੀ ਲੀਡਰਸ਼ਿਪ ਨੂੰ ਨਜਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਆਪਣੇ ਆਪ ਨੂੰ ਪੰਜਾਬ ਦੇ ਨੇਤਾ ਵਜੋਂ ਪੋਸਟਰਾਂ ’ਤੇ ਪੇਸ਼ ਕਰ ਰਿਹਾ ਹੈ, ਜਿਸ ਨੂੰ ਪੰਜਾਬ ਵਾਸੀ ਬਰਦਾਸ਼ਤ ਨਹੀਂ ਕਰਨਗੇ।
ਮੁੱਖ ਮੰਤਰੀ ਨੇ ਕੇਜਰੀਵਾਲ ਵੱਲੋਂ ਆਟੋ ਰਿਕਸਾ ’ਚ ਬੈਠਣ ਅਤੇ ਕਿਸੇ ਦੇ ਘਰ ਜਾਣ ਦੀ ਵਿਖਾਈ ਜਾ ਰਹੀ ਡਰਾਮੇਬਾਜ਼ੀ ਲਈ ਆਪ ਸੁਪਰੀਮੋ ਨੂੰ ਕਰੜੇ ਹੱਥੀ ਲਿਆ। ਉਨਾਂ ਕਿਹਾ ਕਿ ਕੇਜਰੀਵਾਲ ਦਿੱਲੀ ਵਿੱਚ ਵੱਡੇ ਬੰਗਲੇ ’ਚ ਰਹਿੰਦਾ ਹੈ ਅਤੇ ਪੰਜਾਬ ਦੇ ਦੌਰਿਆਂ ਦੌਰਾਨ ਮਹਿੰਗੇ ਤੋਂ ਮਹਿੰਗੇ ਹੋਟਲਾਂ ਵਿਚ ਠਹਿਰਦਾ ਹੈ। ਉਨਾਂ ਅੱਗੇ ਕਿਹਾ ਕਿ ‘ਆਪ’ ਦੇ ਜ਼ਿਆਦਾਤਰ ਵਿਧਾਇਕ ਪਾਰਟੀ ਛੱਡ ਚੁੱਕੇ ਹਨ ਕਿਉਂਕਿ ਉਨਾਂ ਵੱਲੋਂ ਆਪਣੇ ਆਪ ਨੂੰ ਆਮ ਆਦਮੀ ਵਜੋਂ ਪੇਸ਼ ਕਰਨ ਦਾ ਝੂਠਾ ਪ੍ਰਚਾਰ ਬੇਨਕਾਬ ਹੋ ਗਿਆ ਹੈ। ਮੁੱਖ ਮੰਤਰੀ ਚੰਨੀ ਨੇ ਅੱਗੇ ਕਿਹਾ ਕਿ ਬਾਦਲਾਂ ਅਤੇ ਮਜੀਠੀਆ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਕਿਉਂਕਿ ਇਨਾਂ ਨੇ ਆਪਣੇ ਨਿੱਜੀ ਮੁਫਾਦਾਂ ਲਈ ਪੰਜਾਬ ਨੂੰ ਲੁੱਟਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਾ ਮਜੀਠੀਆ ਗਿ੍ਰਫਤਾਰੀ ਦੇ ਡਰੋਂ ਐਫਆਈਆਰ ਦਰਜ ਹੋਣ ਤੋਂ ਬਾਅਦ ਲੁਕ ਗਿਆ ਹੈ। ਉਨਾਂ ਸੂਬੇ ਵਿੱਚ ਟਰਾਂਸਪੋਰਟ ਮਾਫੀਆ ਚਲਾਉਣ ਲਈ ਬਾਦਲਾਂ ’ਤੇ ਵਰਦਿਆਂ ਕਿਹਾ ਕਿ ਸਾਡੀ ਸਰਕਾਰ ਨੇ ਸਿਰਫ ਤਿੰਨ ਮਹੀਨਿਆਂ ਵਿੱਚ ਹੀ ਇਸ ਮਾਫੀਆ ਨੂੰ ਖਤਮ ਕਰ ਦਿੱਤਾ ਹੈ। ਮੁੱਖ ਮੰਤਰੀ ਚੰਨੀ ਨੇ ਅੱਗੇ ਕਿਹਾ ਕਿ ਅਸੀਂ ਸੂਬੇ ਵਿੱਚ ਹਰ ਤਰਾਂ ਦੇ ਮਾਫੀਆ ਨੂੰ ਨੱਥ ਪਾਉਣ ਲਈ ਸਖਤ ਫੈਸਲੇ ਲੈਣ ਵਾਸਤੇ ਮਜ਼ਬੂਤ ਅਤੇ ਸਮਰੱਥ ਹਾਂ ਜਦਕਿ ’ਆਪ’ ਕਨਵੀਨਰ ਨੇ ਮਜੀਠੀਆ ਤੋਂ ਲਿਖਤੀ ਮੁਆਫੀ ਮੰਗ ਲਈ ਹੈ।
ਇਹ ਵੀ ਪੜ੍ਹੋ- 5 ਜਨਵਰੀ ਨੂੰ ਪੰਜਾਬ ਆਉਣਗੇ PM ਮੋਦੀ, ਸੁਖਬੀਰ ਬਾਦਲ ਨੇ ਕੀਤੀਆਂ ਵੱਡੀਆਂ ਮੰਗਾਂ
ਮੁੱਖ ਮੰਤਰੀ ਨੇ ਭਗਵੰਤ ਮਾਨ ਨੂੰ ਅੱਗੇ ਆ ਕੇ ਮਜੀਠੀਆ ਦੇ ਗਲਤ ਕੰਮਾਂ ਦਾ ਸਮਰਥਨ ਕਰਨ ਵਾਸਤੇ ਕੇਜਰੀਵਾਲ ਨੂੰ ਸਵਾਲ ਕਰਨ ਲਈ ਵੰਗਾਰਿਆ। ਮੁੱਖ ਮੰਤਰੀ ਚੰਨੀ ਨੇ ਅੱਗੇ ਕਿਹਾ ਕਿ ’ਆਪ’ ਦੇ ਸਾਰੇ ਨੇਤਾ ਕੇਜਰੀਵਾਲ ਦੀ ਖਾਸ ਪਾਰਟੀ ਛੱਡ ਚੁੱਕੇ ਹਨ ਅਤੇ ਸਿਰਫ ਭਗਵੰਤ ਮਾਨ ਹੀ ਕੇਜਰੀਵਾਲ ਦਾ ਸਾਥ ਦੇ ਰਹੇ ਹਨ ਅਤੇ ਮੁੱਖ ਮੰਤਰੀ ਬਣਨ ਦੀ ਲਾਲਸਾ ਕਾਰਨ ਕੇਜਰੀਵਾਲ ਦੇ ਗਲਤ ਕੰਮਾਂ ਖਿਲਾਫ ਕੁਝ ਨਹੀਂ ਬੋਲ ਰਹੇ। ਉਨਾਂ ਇੱਕ ਵਾਰ ਫਿਰ ਦੁਹਰਾਇਆ ਕਿ ਉਨਾਂ ਦੀ ਸਰਕਾਰ ਸਾਰੇ ਮਾਫ਼ੀਆ ਨਾਲ ਸਖ਼ਤੀ ਨਾਲ ਨਜਿੱਠਣ ਅਤੇ ਨਸ਼ਾ ਤਸਕਰੀ ਦੇ ਧੰਦੇ ਵਿਚਲੀਆਂ ਸਾਰੀਆਂ ਵੱਡੀਆਂ ਮੱਛੀਆਂ ਨੂੰ ਸਲਾਖਾਂ ਪਿੱਛੇ ਸੁੱਟਣ ਦੀ ਕਾਰਵਾਈ ਤੋਂ ਪਿੱਛੇ ਨਹੀਂ ਹਟੇਗੀ।
ਮੁੱਖ ਮੰਤਰੀ ਚੰਨੀ ਨੇ ਮਾਲਵਾ ਪੱਟੀ ਵਿੱਚ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਬਾਰੇ ਬੋਲਦਿਆਂ ਕਿਹਾ ਕਿ ਕਿਸਾਨਾਂ ਨੂੰ 12 ਹਜਾਰ ਰੁਪਏ ਦਾ ਮੁਆਵਜਾ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ ਅਤੇ 5 ਹਜਾਰ ਰੁਪਏ ਹੋਰ ਦਿੱਤੇ ਜਾ ਰਹੇ ਹਨ। ਉਨਾਂ ਇਹ ਵੀ ਕਿਹਾ ਕਿ ਪੱਲੇਦਾਰ ਯੂਨੀਅਨਾਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਵੀ ਠੇਕੇਦਾਰੀ ਸਿਸਟਮ (ਠੇਕੇਦਾਰ ਪ੍ਰਣਾਲੀ) ਅਧੀਨ ਲਿਆ ਕੇ ਹੱਲ ਕੀਤਾ ਜਾ ਰਿਹਾ ਹੈ ਅਤੇ ਸਾਰੀਆਂ ਅਦਾਇਗੀਆਂ ਸਿੱਧੀਆਂ ਕੀਤੀਆਂ ਜਾਣਗੀਆਂ।
ਸਰਦੂਲਗੜ ਹਲਕੇ ਲਈ ਕਈ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਬਹਿਣੀਵਾਲ ਨੂੰ ਸਬ ਤਹਿਸੀਲ ਦਾ ਦਰਜਾ ਦੇਣ, ਸਰਦੂਲਗੜ ਹਸਪਤਾਲ ਨੂੰ ਅਪਗ੍ਰੇਡ ਕਰਨ ਅਤੇ ਮਿਡਲ ਸਕੂਲ ਝੁਨੀਰ ਨੂੰ ਸੀਨੀਅਰ ਸੈਕੰਡਰੀ ਪੱਧਰ ਤੱਕ ਅੱਪਗ੍ਰੇਡ ਕਰਨ ਦਾ ਐਲਾਨ ਕੀਤਾ। ਸਰਦੂਲਗੜ ਹਲਕੇ ਦੇ ਵਿਕਾਸ ਲਈ 2 ਕਰੋੜ ਰੁਪਏ ਦੇਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 15 ਕਰੋੜ ਰੁਪਏ ਵਿਕਾਸ ਕਾਰਜਾਂ ਲਈ ਪਹਿਲਾਂ ਭੇਜੇ ਗਏ ਸਨ ਜੋ ਕਿ ਖਰਚੇ ਜਾ ਚੁੱਕੇ ਹਨ।
ਟਰਾਂਸਪੋਰਟ ਮੰਤਰੀ, ਪੰਜਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਸਿਰਫ ਐਲਾਨ ਹੀ ਨਹੀਂ ਕਰਦੇ ਸਗੋਂ ਹਰ ਫੈਸਲੇ ਨੂੰ ਜਮੀਨੀ ਪੱਧਰ ’ਤੇ ਲਾਗੂ ਕਰਕੇ ਪੂਰਾ ਕਰਦੇ ਹਨ। ਉਨਾਂ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਆਮ ਲੋਕਾਂ ਦਾ ਰਾਜ ਚਾਹੁੰਦੇ ਹਨ ਤਾਂ ਉਨਾਂ ਨੂੰ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਲਿਆਉਣੀ ਚਾਹੀਦੀ ਹੈ। ਉਨਾਂ ਇਹ ਵੀ ਕਿਹਾ ਕਿ ਸਾਰੀਆਂ ਮੁਸ਼ਕਲਾਂ ਅਤੇ ਧਮਕੀਆਂ ਦੇ ਬਾਵਜੂਦ ਉਨਾਂ ਨੇ ਮੁੱਖ ਮੰਤਰੀ ਚੰਨੀ ਦੇ ਸਹਿਯੋਗ ਨਾਲ ਸੂਬੇ ਵਿੱਚ ਟਰਾਂਸਪੋਰਟ ਮਾਫੀਆ ਨੂੰ ਖਤਮ ਕੀਤਾ ਹੈ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ 5 ਜਨਵਰੀ ਨੂੰ ਆਉਣਗੇ ਪੰਜਾਬ, ਕਰ ਸਕਦੇ ਹਨ ਵੱਡੇ ਐਲਾਨ
ਸਾਬਕਾ ਵਿਧਾਇਕ ਅਜੀਤ ਇੰਦਰ ਮੋਫਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਵੱਲੋਂ ਆਪਣੇ ਸਾਸ਼ਨ ਦੌਰਾਨ ਸਾਡੇ ਹਲਕੇ ਨੂੰ ਜਾਣ ਬੁੱਝ ਕੇ ਅਣਗੌਲਿਆ ਕੀਤਾ ਗਿਆ। ਉਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਲੋਕਾਂ ਦੇ ਮੁੱਖ ਮੰਤਰੀ ਹਨ ਕਿਉਂਕਿ ਉਹ ਸਾਰਿਆਂ ਨੂੰ ਮਿਲਦੇ ਹਨ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀਆਂ ਦੇ ਕੇ ਕਿਸਾਨਾਂ ਨੂੰ ਆਸਰਾ ਦਿੱਤਾ ਹੈ।
ਉਨਾਂ ਸਰਦੂਲਗੜ ਵਿਖੇ ਘੱਗਰ ਦਰਿਆ ’ਤੇ ਪੁਲ ਬਣਾਉਣ ਦੀ ਇਲਾਕੇ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਚੰਨੀ ਦਾ ਧੰਨਵਾਦ ਕੀਤਾ। ਉਨਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਸਿਰਫ 3 ਮਹੀਨਿਆਂ ਵਿੱਚ ਉਹ ਕਰ ਵਿਖਾਇਆ ਜੋ ਕੈਪਟਨ ਸਾਢੇ ਚਾਰ ਸਾਲਾਂ ਵਿੱਚ ਨਹੀਂ ਕਰ ਸਕੇ। ਉਨਾਂ ਇੱਥੋਂ ਤੱਕ ਕਿਹਾ ਕਿ ਪੰਜਾਬ ਵਿੱਚ 2022 ’ਚ ਕਾਂਗਰਸ ਨੂੰ ਸਰਕਾਰ ਬਣਾਉਣ ਤੋਂ ਰੋਕਣ ਲਈ ਪੰਜਾਬ ਵਿੱਚ ਡਰੋਨ, ਬੰਬ ਧਮਾਕਿਆਂ ਅਤੇ ਬੇਅਦਬੀ ਦੇ ਨਾਮ ’ਤੇ ਦਹਿਸ਼ਤ ਫੈਲਾਈ ਜਾ ਰਿਹਾ ਹੈ।
ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੇ ਭਤੀਜੇ ਭਗਵੰਤ ਸਿੰਘ ਅੱਜ ਕਾਂਗਰਸ ਵਿੱਚ ਸਾਮਲ ਹੋਏ ਅਤੇ ਮੁੱਖ ਮੰਤਰੀ ਨੇ ਉਨਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਬਲਵਿੰਦਰ ਸਿੰਘ ਭੂੰਦੜ ਨੇ ਆਪਣੇ ਸੁਆਰਥੀ ਆਰਥਿਕ ਹਿੱਤਾਂ ਕਾਰਨ ਆਪਣੇ ਪਰਿਵਾਰ ਦੇ ਨਜ਼ਦੀਕੀਆਂ ਨੂੰ ਵੀ ਅੱਖੋਂ ਪਰੋਖੇ ਕੀਤਾ ਹੈ।
ਮੈਂਬਰ ਜ਼ਿਲਾ ਪ੍ਰੀਸ਼ਦ ਮਾਨਸਾ ਬਿਕਰਮ ਮੋਫਰ ਨੇ ਇਸ ਕਾਰਜਕਾਲ ਦੌਰਾਨ ਹਲਕੇ ਵਿੱਚ 400 ਕਰੋੜ ਰੁਪਏ ਦੀ ਲਾਗਤ ਨਾਲ ਚਲਾਏ ਗਏ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਮੁੱਖ ਮੰਤਰੀ ਨੂੰ ਹਲਕੇ ਲਈ ਹੋਰ ਵਿਕਾਸ ਪ੍ਰੋਜੈਕਟ ਜਾਰੀ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਚੇਅਰਮੈਨ ਜ਼ਿਲਾ ਪ੍ਰੀਸ਼ਦ ਬਿਕਰਮ ਮੋਫਰ, ਜ਼ਿਲਾ ਪ੍ਰਧਾਨ ਮਾਨਸਾ ਮੰਗਤ ਰਾਏ ਬਾਂਸਲ, ਬੁਢਲਾਡਾ ਤੋਂ ਸੀਨੀਅਰ ਕਾਂਗਰਸੀ ਆਗੂ ਬੀਬੀ ਰਣਜੀਤ ਕੌਰ ਭੱਟੀ ਅਤੇ ਸਰਦੂਲਗੜ ਤੋਂ ਹੋਰ ਸਥਾਨਕ ਕਾਂਗਰਸੀ ਆਗੂ ਮੌਜੂਦ ਸਨ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ