ਵੈੱਲਨੈੱਸ ਜਿਮ ਦੇ ਕੋਚ ਕਰਨ ਸਿੰਘ ਨੇ ਚਮਕਾਇਆ ਬਰਨਾਲੇ ਦੇ ਨਾਂ, ਜਿੱਤਿਆ ਜੂਨੀਅਰ ਨਾਰਥ ਇੰਡੀਆ ਗੋਲਡ ਮੈਡਲ
Tuesday, Nov 15, 2022 - 05:37 PM (IST)
ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਸਥਾਨਕ ਵੈਲਨੈਸ ਜਿਮ ਦੇ ਸੀਨੀਅਰ ਕੋਚ ਕਰਨ ਸਿੰਘ ਨੇ ਪਿਛਲੇ ਦਿਨੀਂ ਲੁਧਿਆਣਾ ਜੂਨੀਅਰ ਨਾਰਥ ਇੰਡੀਅਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿਚ ਪਹਿਲਾ ਸਥਾਨ ਅਤੇ ਸੀਨੀਅਰ ਨਾਰਥ ਇੰਡੀਅਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿਚ ਦੂਸਰੇ ਸਥਾਨ ’ਤੇ ਆ ਕੇ ਬਰਨਾਲਾ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿਚ ਪੰਜਾਬ, ਹਰਿਆਣਾ, ਹਿਮਾਚਲ, ਯੂ. ਪੀ. ਅਤੇ ਰਾਜਸਥਾਨ ਦੇ ਢਾਈ ਸੌ ਦੇ ਲਗਭਗ ਬਾਡੀ ਬਿਲਡਰਸ ਨੇ ਹਿੱਸਾ ਲਿਆ ਅਤੇ ਸਟੇਜ ’ਤੇ ਆਪਣੇ ਜੌਹਰ ਦਿਖਾਏ। ਮਿਸਟਰ ਜੂਨੀਅਰ ਨਾਰਥ ਇੰਡੀਅਨ ਜਿਮ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਕਰਨ ਸਿੰਘ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿਛਲੇ 3 ਸਾਲਾਂ ਤੋਂ ਲਗਾਤਾਰ ਜਿਮ ਜਾ ਰਹੇ ਹਨ ਅਤੇ ਰੋਜ਼ਾਨਾ 5 ਤੋਂ 6 ਘੰਟੇ ਤੱਕ ਜਿਮ ਲਗਾਉਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਮੁਕਾਬਲਿਆਂ ਵਿਚ ਇਨਾਮ ਪ੍ਰਾਪਤ ਕਰ ਚੁੱਕੇ ਹਨ। ਮਿਸਟਰ ਬਰਨਾਲਾ 2022 ਦਾ ਇਨਾਮ ਵੀ ਉਨ੍ਹਾਂ ਦੇ ਨਾਂ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਦਿੱਲੀ ਵਿਚ ਆਯੋਜਿਤ ਬਿੱਗ ਫਿੱਟ ਕਲਾਸੇਜ ਮਿਸਟਰ ਇੰਡੀਆ ਪ੍ਰਤੀਯੋਗਿਤਾ ਵਿਚ ਵੀ ਹਿੱਸਾ ਲੈ ਚੁੱਕੇ ਹਨ ਅਤੇ ਉਸ ਸਮੇਂ ਉਹ ਪੂਰੇ ਭਾਰਤ ਵਿਚ ਅੱਠਵੇਂ ਸਥਾਨ ’ਤੇ ਰਹੇ ਸਨ। ਉਨ੍ਹਾਂ ਦੱਸਿਆ ਕਿ ਉਹ ਭਾਰਤ ਦੇ ਪ੍ਰਸਿੱਧ ਕੋਚ ਰਣਜੀਤ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ ਅਤੇ ਉਨ੍ਹਾਂ ਦੇ ਨਕਸ਼ੇ ਕਦਮ ’ਤੇ ਚੱਲਦਿਆਂ ਉਨ੍ਹਾਂ ਨੂੰ ਆਪਣੀ ਬਾਡੀ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਅਤੇ ਫਿਟਨੈੱਸ ਨੂੰ ਆਪਣਾ ਕੈਰੀਅਰ ਬਣਾਇਆ। ਉਨ੍ਹਾਂ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਰਣਜੀਤ ਸਿੰਘ ਨੂੰ ਸੋਸ਼ਲ ਮੀਡੀਆ ’ਤੇ ਫਾਲੋ ਕਰ ਰਹੇ ਸਨ ਅਤੇ ਅੱਜ ਉਨ੍ਹਾਂ ਕਾਰਨ ਉਹ ਇਸ ਮੁਕਾਮ ’ਤੇ ਪਹੁੰਚੇ ਹਨ। ਕਰਨ ਸਿੰਘ ਨੇ ਅੱਜ ਦੇ ਨੌਜਵਾਨਾਂ ਨੂੰ ਨਸ਼ਾ ਤਿਆਗ ਕੇ ਆਪਣੀ ਫਿਟਨੈੱਸ ਵੱਲ ਧਿਆਨ ਦੇਣ ਲਈ ਵੀ ਪ੍ਰੇਰਿਤ ਕੀਤਾ। ਉਹ ਅੱਜ ਕੱਲ੍ਹ ਵੈੱਲਨੈੱਸ ਜਿਮ ਬਰਨਾਲਾ ਵਿਚ ਬਤੌਰ ਸੀਨੀਅਰ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਮਿਸਟਰ ਜੂਨੀਅਰ ਨਾਰਥ ਇੰਡੀਆ ਦਾ ਖਿਤਾਬ ਜਿੱਤਣ ਮਗਰੋਂ ਜਿਮ ਵਿਚ ਪਹੁੰਚਣ ’ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਜਿਮ ਦੇ ਮੈਂਬਰਾਂ ਨੇ ਇਕ ਪ੍ਰੋਗਰਾਮ ਰੱਖ ਕੇ ਖੁਸ਼ੀ ਸਾਂਝੀ ਕੀਤੀ। ਵੈਲਨੈਸ ਜਿਮ ਦੇ ਐੱਮ. ਡੀ. ਰਣਜੀਤ ਸਿੰਘ ਨੇ ਕਰਨ ਸਿੰਘ ਦੇ ਨਾਰਥ ਇੰਡੀਆ ਬਣਨ ’ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਜੇਕਰ ਅਸੀਂ ਕਿਸੇ ਟੀਚੇ ਨੂੰ ਪੂਰਾ ਕਰਨ ਦੀ ਠਾਣ ਲਈਏ ਤਾਂ ਉਸਨੂੰ ਪੂਰਾ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਇਸਦੀ ਕਰਨ ਸਿੰਘ ਜਿੰਦਾ ਮਿਸਾਲ ਹਨ।