ਜੇ ਤੁਹਾਡੇ ਘਰ ਵੀ ਆਗਾਮੀ ਦਿਨਾਂ ''ਚ ਹੈ ਵਿਆਹ-ਸ਼ਾਦੀ ਤਾਂ ਜ਼ਰੂਰ ਪੜ੍ਹੋ ਇਹ ਖਬਰ, ਕਿਤੇ ਭਰਨਾ ਨਾ ਪੈ ਜਾਵੇ ਵੱਡਾ ਹਰਜ਼ਾਨਾ

Monday, Jul 31, 2017 - 07:27 PM (IST)

ਲੁਧਿਆਣਾ (ਖੁਰਾਣਾ) : ਇਹ ਖ਼ਬਰ ਉਨ੍ਹਾਂ ਪਰਿਵਾਰਾਂ ਲਈ ਬੇਹੱਦ ਮਹੱਤਵਪੂਰਨ ਸਾਬਤ ਹੋ ਸਕਦੀ ਹੈ ਜਿਨ੍ਹਾਂ ਦੇ ਘਰਾਂ ਵਿਚ ਅਗਾਮੀ ਦਿਨਾਂ ਵਿਚ ਵਿਆਹ ਸ਼ਾਦੀਆਂ ਹੋਣ ਜਾ ਰਹੀਆਂ ਹਨ। ਵਿਆਹ ਵਾਲੇ ਦਿਨ ਜਾਂ ਫਿਰ ਖੁਸ਼ੀ ਦੇ ਸਬੰਧ ਵਿਚ ਰੱਖੇ ਹੋਰਨਾਂ ਸਮਾਗਮਾਂ ਵਿਚ ਲਾੜਾ-ਲਾੜੀ ਦੇ ਮਾਤਾ-ਪਿਤਾ ਨੂੰ ਆਪਣੇ ਹੱਥਾਂ ਵਿਚ ਫੜਨ ਵਾਲੇ ਬੈਗ ਨੂੰ ਸੰਭਾਲਣ ਲਈ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਚੋਕੰਨਾ ਰਹਿਣਾ ਹੋਵੇਗੀ ਕਿਉਂਕਿ ਦਿੱਲੀ ਸਮੇਤ ਕੁਝ ਹੋਰਨਾਂ ਵੱਡੇ ਸ਼ਹਿਰਾਂ ਵਿਚ ਸ਼ਾਤਰ ਚੋਰਾਂ ਦੇ ਗਿਰੋਹ ਵੱਲੋਂ ਚਲਾਈ ਜਾ ਰਹੀ ਪਾਠਸ਼ਾਲਾ ਵਿਚ ਨੰਨ੍ਹੇ ਉਸਤਾਦਾਂ ਨੂੰ ਵਿਆਹ ਸਮਾਗਮ ਵਿਚ ਸ਼ਗਨ ਦੇ ਬੈਗ ਉਡਾਉਣ ਲਈ ਹੱਥ ਦੀ ਸਫਾਈ ਦੀ ਖਾਸ ਤਾਲੀਮ ਦਿੱਤੀ ਜਾ ਰਹੀ ਹੈ ਜਿਸ ਨਾਲ ਬੱਚਿਆਂ ਦਾ ਮੁੱਖ ਨਿਸ਼ਾਨਾ ਰਹਿਣਗੇ ਲਾੜਾ-ਲਾੜੀ ਦੇ ਮਾਤਾ-ਪਿਤਾ ਕਿਉਂਕਿ ਵਿਆਹ ਦੇ ਇਸ ਸਮਾਗਮ ਵਿਚ ਉਨ੍ਹਾਂ ਦੇ ਹੱਥਾਂ ਵਿਚ ਫੜੇ ਗਏ ਸ਼ਗਨਾਂ ਦੇ ਬੈਗਾਂ ਵਿਚ ਜਿਊਲਰੀ ਵੱਡੀ ਗਿਣਤੀ ਵਿਚ ਨਕਦੀ ਤੋਂ ਇਲਾਵਾ ਹੋਰ ਕੀਮਤੀ ਸਮਾਨ ਭਰਿਆ ਰਹਿੰਦਾ ਹੈ।
ਮਿਲੀ ਜਾਣਕਾਰੀ ਮੁਤਾਬਕ ਅਜਿਹੇ ਬੱਚਿਆਂ ਨੂੰ ਵਿਆਹ ਸਮਾਗਮ ਵਿਚ ਐਂਟਰੀ ਦਿਵਾਉਣ ਲਈ ਪ੍ਰੋਗਾਮ ਮੁਤਾਬਕ ਚੰਗੇ ਕੱਪੜੇ ਪਹਿਨਾਏ ਜਾਂਦੇ ਹਨ ਅਤੇ ਹੋਟਲ ਜਾਂ ਪੈਲੇਸ ਦੇ ਬਾਹਰ ਖੜ੍ਹੇ ਹੋ ਕੇ ਦਰਬਾਨ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਸਮਾਗਮ ਵਿਚ ਪਹੁੰਚਣ ਵਾਲੇ ਹੋਰਨਾਂ ਬਾਰਾਤੀਆਂ ਨਾਲ ਮਿਲ ਕੇ ਅੰਦਰ ਦਾਖਲ ਕਰਨ ਦੇ ਟਿਪਸ ਵੀ ਸਿਖਾਏ ਜਾਂਦੇ ਹਨ ਤਾਂ ਜੋ ਗੇਟ 'ਤੇ ਤਾਇਨਾਤ ਦਰਬਾਨ ਨੂੰ ਲੱਗੇ ਕਿ ਫੰਕਸ਼ਨ ਵਿਚ ਵੜਨ ਵਾਲਾ ਨੰਨ੍ਹਾ ਉਸਤਾਦ ਬਰਾਤੀਆਂ ਵਿਚੋਂ ਕਿਸੇ ਦਾ ਬੱਚਾ ਹੈ।
ਕਾਨਟ੍ਰੈਕਟ ਬੇਸ 'ਤੇ ਬੱਚਿਆਂ ਨੂੰ ਹਾਇਰ ਕਰਕੇ ਕਰਵਾਈਆਂ ਜਾਂਦੀਆਂ ਹਨ ਚੋਰੀ ਦੀਆਂ ਵਾਰਦਾਤਾਂ
ਸੂਤਰਾਂ ਮੁਤਾਬਕ ਅਜਿਹੇ ਬੱਚਿਆਂ ਦੀ ਮੰਗ ਵਿਆਹ ਸ਼ਾਦੀਆਂ ਦੇ ਦਿਨਾਂ ਵਿਚ ਅਚਾਨਕ ਵੱਧ ਜਾਂਦੀ ਹੈ। ਜੋ ਹੱਥ ਦੀ ਸਫਾਈ ਦੇ ਕੰਮ ਵਿਚ ਜਿੰਨਾ ਮਾਹਰ ਹੁੰਦਾ ਹੈ, ਓਨਾ ਹੀ ਉਸ ਦੇ ਚਾਹਵਾਨਾਂ ਵੱਲੋਂ ਵੱਧ ਚੜ੍ਹ ਕੇ ਬੋਲੀ ਲਗਾਈ ਜਾਂਦੀ ਹੈ ਅਤੇ ਇਸ ਦੌਰਾਨ ਬੋਲੀਦਾਤਾ ਇਸ ਗੱਲ ਦਾ ਵੀ ਖਾਸ ਧਿਆਨ ਰੱਖਦਾ ਹੈ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬੱਚੇ ਦੀ ਸੂਰਤ, ਨੈਣ-ਨਕਸ਼ ਅਤੇ ਰੰਗ ਵੀ ਗੋਰਾ ਹੋਣਾ ਚਾਹੀਦਾ ਹੈ ਤਾਂ ਜੋ ਵੱਡੇ ਘਰਾਣਿਆਂ ਦੇ ਹੋਣ ਵਾਲੇ ਵਿਆਹ ਸਮਾਗਮਾਂ ਵਿਚ ਅਸਾਨੀ ਨਾਲ ਐਂਟਰੀ ਮਿਲ ਸਕੇ। ਦੱਸਿਆ ਜਾ ਰਿਹਾ ਹੈ ਕਿ ਅਜਿਹੇ ਨੰਨ੍ਹੇ ਉਸਤਾਦਾਂ ਨੂੰ ਹਾਇਰ ਕਰਨ ਲਈ ਬਕਾਇਦਾ ਕਾਨਟ੍ਰੈਕਟ ਬੇਸ 'ਤੇ ਵੱਡੀ ਨਕਦੀ ਖਰਚ ਕਰਕੇ ਸੀਮਤ ਸਮੇਂ ਲਈ ਪੰਜਾਬ ਦੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਬਰਨਾਲਾ, ਮੋਗਾ ਅਤੇ ਹੋਰਨਾਂ ਸ਼ਹਿਰਾਂ ਦੇ ਸਫੈਦ ਪੋਸ਼ ਚੋਰਾਂ ਵੱਲੋਂ ਲਿਆਇਆ ਜਾਂਦਾ ਹੈ ਜੋ ਕਿ ਖਰਚ ਕੀਤੀ ਗਈ ਰਕਮ ਪੂਰੀ ਕਰਨ ਲਈ ਵੱਡੇ ਸ਼ਹਿਰਾਂ, ਹੋਟਲਾਂ, ਪੈਲੇਸਾਂ ਅਤੇ ਹੋਰਨਾਂ ਥਾਵਾਂ 'ਤੇ ਹੋਣ ਵਾਲੇ ਵਿਆਹ ਸਮਾਗਮਾਂ ਵਿਚ ਖਾਸ ਨਜ਼ਰ ਰੱਖਦੇ ਹਨ।
ਚੋਰੀ ਕਰਨ 'ਤੇ ਫੜੇ ਜਾਣ ਵਾਲੇ ਬੱਚਿਆਂ ਨੂੰ ਛੁਡਵਾਉਣ ਵਿਚ ਨਿਭਾਉਂਦੇ ਹਨ ਮੁੱਖ ਭੂਮਿਕਾ
ਦੱਸਿਆ ਜਾ ਰਿਹਾ ਹੈ ਕਿ ਸਮਾਗਮ ਵਿਚ ਚੋਰੀ ਦੌਰਾਨ ਫੜੇ ਜਾਣ 'ਤੇ ਬੱਚਿਆਂ ਨੂੰ ਹਾਇਰ ਕਰਨ ਵਾਲਾ ਗਿਰੋਹ ਮੈਂਬਰ ਬੱਚਿਆਂ ਨੂੰ ਬਾਰਾਤੀਆਂ ਦੇ ਗੁੱਸੇ ਦਾ ਸ਼ਿਕਾਰ ਹੋਣ ਨਾਲ ਅਤੇ ਪੁਲਸ ਕਾਰਵਾਈ ਤੋਂ ਬਚਣ ਵਿਚ ਵੀ ਮੁੱਖ ਭੂਮਿਕਾ ਅਦਾ ਕਰਦੇ ਹਨ। ਅਜਿਹੇ ਹਾਲਾਤ ਵਿਚ ਉਹ ਆਪ ਵਿਆਹ ਸਮਾਗਮ ਵਿਚ ਹਾਜ਼ਰ ਬਰਾਤੀਆਂ ਦੀ ਭੀੜ ਦਾ ਹਿੱਸਾ ਬਣ ਕੇ ਪੀੜਤ ਵਿਅਕਤੀ ਨੂੰ ਇਹ ਤਰਕ ਦਿੰਦੇ ਹੋਏ ਮਾਮਲੇ ਨੂੰ ਰਫਾ-ਦਫਾ ਕਰਨ ਦੀ ਸਫਾਈ ਦਿੰਦੇ ਹਨ ਕਿ ਚਲੋ ਛੱਡੋ ਜੀ ਬੱਚਾ ਹੈ ਗਲਤੀ ਹੋ ਗਈ ਹੈ ਇਸ ਕੋਲੋਂ, ਜਦੋਂਕਿ ਉਕਤ ਪੀੜਤ ਵਿਅਕਤੀ ਵੀ ਵਿਆਹ ਸਮਾਗਮ ਦਾ ਮਜ਼ਾ ਕਿਰਕਿਰਾ ਨਾ ਕਰਨ ਦੀ ਸੋਚ ਕੇ ਪੁਲਸ ਵਿਚ ਸ਼ਿਕਾਇਤ ਕਰਨ ਤੋਂ ਪਰਹੇਜ਼ ਕਰਦਾ ਹੈ।
7 ਤੋਂ 15 ਸਾਲ ਦੀ ਉਮਰ ਦੇ ਹੁੰਦੇ ਹਨ ਨੰਨ੍ਹੇ ਉਸਤਾਦ
ਹਾਲ ਹੀ ਵਿਚ ਦਿੱਲੀ ਪੁਲਸ ਵੱਲੋਂ ਫੜੇ ਗਏ ਇਕ ਅਜਿਹੇ ਹੀ ਨੰਨ੍ਹੇ ਉਸਤਾਦਾਂ ਦੇ ਗਿਰੋਹ ਦਾ ਖੁਲਾਸਾ ਕੀਤਾ ਹੈ ਜਿਸ ਵਿਚ ਇਨ੍ਹਾਂ ਨੂੰ ਹਾਇਰ ਕਰਨ ਦੇ ਚਾਹਵਾਨ ਵੱਲੋਂ ਪੈਕੇਜ ਤੈਅ ਕਰਕੇ ਬਤੌਰ ਅਡਵਾਂਸ ਮੋਟੀ ਰਕਮ ਚੋਰੀ ਕਰਨ ਦੀ ਗੱਲ ਸਾਹਮਣੇ ਆਈ ਹੈ। ਪੁਲਸ ਮੁਤਾਬਕ ਦਿੱਲੀ ਐਨ.ਸੀ.ਆਰ. ਵਿਚ ਅਜਿਹੇ 70 ਬੱਚਿਆਂ ਨੂੰ ਲਿਆਂਦਾ ਗਿਆ ਹੈ ਜਿਨ੍ਹਾਂ ਵਿਚ 7 ਤੋਂ 15 ਸਾਲ ਦੀ ਉਮਰ ਦੇ ਬੱਚੇ ਸ਼ਾਮਲ ਹਨ ਜਿਨ੍ਹਾਂ ਦੇ ਨਿਸ਼ਾਨੇ 'ਤੇ ਵੱਡੇ-ਵੱਡੇ ਫਾਰਮ ਹਾਊਸ, ਹੋਟਲ ਅਤੇ ਬੈਂਕੁਏਟ ਹਾਲ ਰਹੇ ਹਨ। ਪੁਲਸ ਮੁਤਾਬਕ ਇਹ ਬੱਚੇ ਇੰਨੇ ਸ਼ਾਤਰ ਹਨ ਕਿ ਨਜ਼ਰ ਹਟਦੇ ਹੀ ਬਰਾਤੀਆਂ ਦਾ ਕੀਮਤੀ ਸਮਾਨ ਉਡਾ ਦਿੰਦੇ ਹਨ।
ਲੁਧਿਆਣਾ ਵਿਚ ਵੀ ਹੋ ਚੁੱਕੀਆਂ ਹਨ ਅਜਿਹੀਆਂ ਕਈ ਵਾਰਦਾਤਾਂ
ਇਥੇ ਦੱਸ ਦੇਈਏ ਕਿ ਵਿਆਹ ਸਮਾਗਮ ਸਮੇਤ ਰੈੱਡ ਲਾਈਟ 'ਤੇ ਖੜ੍ਹੀਆਂ ਗੱਡੀਆਂ ਤੋਂ ਕੀਮਤੀ ਸਮਾਨ, ਨਕਦੀ ਅਤੇ ਸ਼ਗਨ ਬੈਗ ਸਮੇਤ ਜਿਊਲਰੀ ਆਦਿ ਉਡਾਉਣ ਦੀਆਂ ਕਈ ਵਾਰਦਾਤਾਂ ਨੂੰ ਇਨ੍ਹਾਂ ਨੰਨ੍ਹੇ ਉਸਤਾਦਾਂ ਵੱਲੋਂ ਅੰਜਾਮ ਦਿੱਤਾ ਜਾ ਚੁੱਕਾ ਹੈ ਜਿਨ੍ਹਾਂ ਨੂੰ ਇਥੋਂ ਦੇ ਗਿਰੋਹ ਸਰਗਣੇ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਹਾਇਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਬਾਅਦ ਵਿਚ ਪੀੜਤ ਲੋਕਾਂ ਨੇ ਬੱਚੇ ਜਾਣ ਕੇ ਮੁਆਫ ਕਰ ਦਿੱਤਾ ਹੈ।


Related News