ਪੰਜਾਬ 'ਚ ਆਦਮਪੁਰ ਸਭ ਤੋਂ ਠੰਡਾ, ਵਾਦੀ ਦੇ ਉਚੇਰੇ ਇਲਾਕਿਆਂ 'ਚ ਹਲਕੀ ਬਰਫਬਾਰੀ

Sunday, Dec 16, 2018 - 11:29 AM (IST)

ਪੰਜਾਬ 'ਚ ਆਦਮਪੁਰ ਸਭ ਤੋਂ ਠੰਡਾ, ਵਾਦੀ ਦੇ ਉਚੇਰੇ ਇਲਾਕਿਆਂ 'ਚ ਹਲਕੀ ਬਰਫਬਾਰੀ

ਚੰਡੀਗੜ੍ਹ/ਜਲੰਧਰ (ਭਾਸ਼ਾ) – ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ 'ਚ ਸ਼ਨੀਵਾਰ ਸੀਤ ਲਹਿਰ ਦਾ ਜ਼ੋਰ ਬਣਿਆ ਰਿਹਾ। ਪੰਜਾਬ 'ਚ ਸਭ ਤੋਂ ਘੱਟ ਤਾਪਮਾਨ ਜਲੰਧਰ ਨੇੜਲੇ ਆਦਮਪੁਰ ਵਿਖੇ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਸੈਲਾਨੀ ਕੇਂਦਰ ਮਨਾਲੀ ਵਿਖੇ ਇਹ ਤਾਪਮਾਨ ਮਨਫੀ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਬਠਿੰਡਾ 'ਚ ਘੱਟੋ-ਘੱਟ ਤਾਪਮਾਨ 3.5, ਪਠਾਨਕੋਟ ਵਿਖੇ 5, ਅੰਮ੍ਰਿਤਸਰ ਵਿਖੇ 5.6,  ਲੁਧਿਆਣਾ ਵਿਖੇ 7.9 ਅਤੇ ਪਟਿਆਲਾ ਵਿਖੇ 8.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿਖੇ ਘੱਟੋ-ਘੱਟ ਤਾਪਮਾਨ 6.8 ਸੀ। 

ਹਰਿਆਣਾ ਦੇ ਹਿਸਾਰ 'ਚ 7 ਅਤੇ ਕਰਨਾਲ 'ਚ 6.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਅੰਬਾਲਾ 'ਚ 8.3 ਅਤੇ ਨਾਰਨੌਲ 'ਚ 4.6 ਡਿਗਰੀ ਸੈਲਸੀਅਸ ਤਾਪਮਾਨ ਸੀ। ਸ਼ਿਮਲਾ ਦੇ ਮੌਸਮ ਵਿਭਾਗ ਦੇ ਮੁਖੀ ਮਨਮੋਹਨ ਸਿੰਘ ਨੇ ਦੱਸਿਆ ਕਿ ਕੁਫਰੀ 'ਚ ਸ਼ਨੀਵਾਰ ਘੱਟੋ-ਘੱਟ ਤਾਪਮਾਨ ਮਨਫੀ 1 ਡਿਗਰੀ ਸੀ। ਕੇਲਾਂਗ ਵਿਖੇ ਮਨਫੀ 12 ਅਤੇ ਕਲਪਾ ਵਿਖੇ ਮਨਫੀ 3 ਡਿਗਰੀ ਸੈਲਸੀਅਸ ਤਾਪਮਾਨ ਸੀ। ਕਸ਼ਮੀਰ 'ਚ ਬਰਫਬਾਰੀ-ਸ਼੍ਰੀਨਗਰ ਤੋਂ ਮਿਲੀਆਂ ਖਬਰਾਂ ਮੁਤਾਬਕ ਸ਼ਨੀਵਾਰ ਕਸ਼ਮੀਰ ਦੇ ਕਈ ਉਚੇਰੇ ਇਲਾਕਿਆਂ 'ਚ ਹਲਕੀ ਬਰਫਬਾਰੀ ਹੋਈ। ਮੁਗਲ ਰੋਡ ਛੇਵੇਂ ਦਿਨ ਵੀ ਬੰਦ ਰਹੀ। ਕਸ਼ਮੀਰ ਨੂੰ ਦੇਸ਼  ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੀ ਜੰਮੂ-ਸ਼੍ਰੀਨਗਰ ਜਰਨੈਲੀ ਸੜਕ ਸ਼ਨੀਵਾਰ ਇਕ ਪਾਸੜ ਖੋਲ੍ਹ ਦਿੱਤੀ ਗਈ। ਮੁਗਲ ਰੋਡ 'ਤੇ ਪੀਰ ਕੀ ਗਲੀ ਸਮੇਤ ਕਈ ਥਾਵਾਂ 'ਤੇ ਬਰਫਬਾਰੀ ਹੋਈ ਹੈ। ਇਹ ਸੜਕ ਸ਼ੋਪੀਆਂ ਨੂੰ ਰਾਜੌਰੀ ਅਤੇ ਪੁੰਛ ਨਾਲ ਜੋੜਦੀ ਹੈ।


Related News