ਬਦਲਣ ਲੱਗਿਆ ਬੱਦਲਾਂ ਦਾ ਰੁਖ, ਮਾਨਸੂਨ ਵੀ ਮੱਠਾ ਪੈਣ ਲੱਗਾ

Thursday, Aug 22, 2024 - 10:23 AM (IST)

ਬਦਲਣ ਲੱਗਿਆ ਬੱਦਲਾਂ ਦਾ ਰੁਖ, ਮਾਨਸੂਨ ਵੀ ਮੱਠਾ ਪੈਣ ਲੱਗਾ

ਚੰਡੀਗੜ੍ਹ (ਪਾਲ) : ਜੁਲਾਈ 'ਚ ਮਾਨਸੂਨ ਦੀ ਹੌਲੀ ਰਫ਼ਤਾਰ ਤੋਂ ਬਾਅਦ ਹੁਣ ਤੱਕ ਅਗਸਤ 'ਚ ਮੀਂਹ ਪੈਣ ਵਾਲੇ ਬੱਦਲ ਵੀ ਆਪਣਾ ਰੁਖ ਮੋੜ ਰਹੇ ਹਨ। ਉੱਤਰ ਭਾਰਤ 'ਚ ਹਾਲਾਂਕਿ ਦੱਖਣੀ ਹਰਿਆਣਾ ਅਤੇ ਪੰਜਾਬ ਦੇ ਕੁੱਝ ਹਿੱਸਿਆ 'ਚ ਬਿਖਰੇ ਰੂਪ ਨਾਲ ਛੋਟੇ-ਛੋਟੇ ਸਪੈਲ 'ਚ ਬਾਰਸ਼ ਹੋ ਰਹੀ ਹੈ, ਪਰ ਹੁਣ ਚੰਡੀਗੜ੍ਹ ਦੇ ਆਸਮਾਨ ਤੋਂ ਮਾਨਸੂਨ ਦੇ ਬੱਦਲ ਹਟਣ ਲੱਗੇ ਹਨ। ਭਵਿੱਖਬਾਣੀ ਦੇ ਅਨੁਸਾਰ 21 ਤੋਂ 31 ਅਗਸਤ ਤੱਕ ਚੰਡੀਗੜ੍ਹ 'ਚ ਹਲਕੀਆਂ ਵਾਛੜਾਂ ਦੀ ਸੰਭਾਵਨਾ ਦੇ ਬਾਵਜੂਦ ਬੁੱਧਵਾਰ ਨੂੰ ਪੂਰੇ ਦਿਨ ਗਰਮੀ ਅਤੇ ਹੁੰਮਸ ਲੋਕਾਂ ਨੂੰ ਸਤਾਉਂਦੀ ਰਹੀ।

ਸਵੇਰ ਤੋਂ ਹੀ ਸਾਫ਼ ਆਸਮਾਨ ਤੋਂ ਬਾਅਦ ਸ਼ਾਮ ਤੱਕ ਹਲਕੇ ਬੱਦਲ ਆਏ ਪਰ ਵਰ੍ਹੇ ਬਗੈਰ ਅੱਗੇ ਵੱਧ ਗਏ। ਮਾਨਸੂਨ ਦੇ ਮੱਠਾ ਪੈਣ ਨਾਲ ਹੁਣ ਸ਼ਹਿਰ 'ਚ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵੱਧਣ ਦੀ ਸੰਭਾਵਨਾ ਬਣ ਰਹੀ ਹੈ। ਬੁੱਧਵਾਰ ਨੂੰ ਵੀ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਨੂੰ ਪਾਰ ਕਰਕੇ 35.5 ਡਿਗਰੀ ਦਰਜ ਹੋਇਆ, ਹਾਲਾਂਕਿ ਹਾਲੇ ਰਾਤ ਦਾ ਤਾਪਮਾਨ 26.2 ਡਿਗਰੀ ਦਰਜ ਹੋਇਆ, ਪਰ ਹੁੰਮਸ ਦੇ ਕਾਰਨ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ।

ਸ਼ਹਿਰ ਵਿਚ ਨਮੀ ਦੀ ਮਾਤਰਾ 90 ਫ਼ੀਸਦੀ ਤੱਕ ਜਾਣ ਦੇ ਨਾਲ ਹੀ ਹੁੰਮਸ ਤੋਂ ਰਾਹਤ ਨਹੀਂ ਹੈ। ਆਉਣ ਵਾਲੇ ਦਿਨਾਂ ਵਿਚ ਵੀ ਸ਼ਹਿਰ ਵਿਚ ਚੰਗੀ ਬਾਰਸ਼ ਦੀ ਸੰਭਾਵਨਾ ਘੱਟ ਹੀ ਹੈ। 27 ਅਗਸਤ ਤੋਂ ਬਾਅਦ ਸ਼ਹਿਰ ਵਿਚ ਤਾਪਮਾਨ ਵਿਚ ਹੋਰ ਵਾਧਾ ਅਤੇ ਬਾਰਿਸ਼ ਦੇ ਲਗਾਤਾਰ ਘੱਟ ਹੁੰਦੇ ਜਾਣ ਦੀ ਸੰਭਾਵਨਾ ਬਣ ਰਹੀ ਹੈ।


author

Babita

Content Editor

Related News