ਜ਼ਹਿਰੀਲੀ ਹਵਾ ਦੀ ਲਪੇਟ ''ਚ ਬਠਿੰਡਾ-ਮਾਨਸਾ ਹਲਕੀ ਬੂੰਦਾ-ਬਾਂਦੀ ਨਾਲ ਮਿਲੀ ਕੁਝ ਰਾਹਤ
Sunday, Jun 17, 2018 - 03:15 AM (IST)
ਬਠਿੰਡਾ(ਵਰਮਾ)-ਮੌਸਮ 'ਚ ਆਏ ਅਚਾਨਕ ਬਦਲਾਅ ਕਾਰਨ ਪਿਛਲੇ ਚਾਰ ਦਿਨਾਂ ਤੋਂ ਧੂੜ ਭਰੀ ਹਨੇਰੀ ਚਲਣ ਕਾਰਨ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ। ਪੰਜਾਬ ਸਮੇਤ ਪੂਰਾ ਉੱਤਰੀ ਭਾਰਤ ਪਿਛਲੇ ਕੁਝ ਦਿਨਾਂ ਤੋਂ ਕੁਦਰਤੀ ਤਬਾਹੀ ਦਾ ਆਲਮ ਬਣਿਆ ਹੋਇਆ ਹੈ, ਜਿਸ ਨਾਲ ਜਨਜੀਵਨ ਅਸਤ-ਵਿਅਸਤ ਹੋ ਕੇ ਰਹਿ ਗਿਆ ਹੈ। ਦੂਸ਼ਿਤ ਹਵਾ ਕਾਰਨ ਏਅਰ ਕੁਆਲਟੀ ਇੰਡੈਕਸ ਖਤਰਨਾਕ ਮੌੜ 'ਤੇ ਪਹੁੰਚ ਗਿਆ ਜਦਕਿ ਬਠਿੰਡਾ ਦੇ ਇੰਡੈਕਸ ਦਾ ਆਂਕੜਾ 430 ਨੂੰ ਪਾਰ ਕਰ ਗਿਆ। ਗਰਮ ਹਵਾਵਾਂ ਤੇ ਧੂੜ ਕਾਰਨ ਆਸਮਾਨ ਵਿਚ ਗੁਬਾਰ ਬਣ ਗਿਆ। ਇਹੀ ਕਣ ਸਾਹ ਰਾਹੀਂ ਸਰੀਰ ਵਿਚ ਪਹੁੰਚ ਰਹੇ ਹਨ, ਜਿਸ ਨਾਲ ਸਾਹ ਲੈਣ 'ਚ ਮੁਸ਼ਕਲ ਆ ਰਹੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ 10 ਸਾਲਾ ਤੇ ਅੰਤਰਾਲ ਵਿਚ ਇਹ ਪਹਿਲਾ ਮੌਕਾ ਹੈ ਕਿ ਹਵਾ ਵਿਚ ਦੂਸ਼ਿਤ ਕਣ ਪੰਜ ਹਜ਼ਾਰ ਗੁਣਾ ਵੱਧ ਗਏ ਜੋ ਕਈ ਬੀਮਾਰੀਆਂ ਦੇ ਕਾਰਨ ਵੀ ਬਣ ਰਹੇ ਹਨ। ਐੱਮ. ਪੀ. 2 ਦੀ ਸਥਿਤੀ ਪੀ. ਐੱਮ 2.5 ਹੈ। ਅਜਿਹੇ ਵਿਚ ਵਾਤਾਵਰਣ ਦੀ ਅਸ਼ੁੱਧਤਾ ਨੂੰ ਕੁਦਰਤੀ ਤਬਾਹੀ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਧੂੜ ਭਰੀ ਹਨੇਰੀ ਕਾਰਨ 4 ਦਿਨਾਂ ਤੋਂ ਸੂਰਜ ਨਜ਼ਰ ਨਹੀਂ ਆਇਆ, ਜਿਸ ਨਾਲ ਹੁਮਸ ਵੱਧ ਗਈ ਹੈ। ਪਰ ਦੇਰ ਸ਼ਾਮ ਹਲਕੀ ਬੂੰਦਾ-ਬਾਂਦੀ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ।
ਹਸਪਤਾਲਾਂ 'ਚ ਸਾਹ ਦੇ ਰੋਗੀਆਂ ਦੀ ਭਰਮਾਰ
ਕੁਦਰਤੀ ਕਹਿਰ ਦੇ ਕਾਰਨ ਧੂੜ ਭਰੀ ਦੂਸ਼ਿਤ ਹਵਾ ਨਾਲ ਸਾਹ ਦੀਆਂ ਬੀਮਾਰੀਆਂ ਵਧੀਆਂ ਹਨ, ਜਿਸ ਨਾਲ ਹਸਪਤਾਲਾਂ 'ਚ ਰੋਗੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਖਾਲੀ ਬਿਸਤਰ ਵੀ ਮਿਲਣਾ ਮੁਸ਼ਕਲ ਹੋ ਗਿਆ। ਜਦਕਿ ਡਾਕਟਰ ਪ੍ਰਾਥਮਿਕ ਇਲਾਜ ਕਰ ਕੇ ਰੋਗੀਆਂ ਨੂੰ ਛੁੱਟੀ ਦੇ ਰਹੇ ਹਨ। ਜਿੰਦਲ ਹਾਰਟ ਦੇ ਡਾਕਟਰ ਰਾਜੇਸ਼ ਜਿੰਦਲ ਦਾ ਕਹਿਣਾ ਹੈ ਕਿ ਇਸ ਦੂਸ਼ਿਤ ਹਵਾ ਨਾਲ ਸਾਹ ਲੈਣ ਵਿਚ ਤਾਂ ਪ੍ਰੇਸ਼ਾਨੀ ਆ ਰਹੀ ਹੈ ਜਦਕਿ ਇਹ ਸਿਹਤ ਲਈ ਵੀ ਖਤਰਨਾਕ ਹੈ। ਸਿਵਲ ਹਸਪਤਾਲ ਦੇ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਦੂਸ਼ਿਤ ਹਵਾ ਨਾਲ ਛਾਤੀ ਬਲਾਕ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਦਕਿ ਦਿਲ 'ਤੇ ਵੀ ਇਸ ਦਾ ਬੁਰਾ ਅਸਰ ਪੈ ਸਕਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਹਾਲਾਤ ਚਿੰਤਾਜਨਕ ਹੁੰਦੇ ਜਾ ਰਹੇ ਹਨ ਜੇਕਰ ਇਕ ਦੋ-ਦਿਨ 'ਚ ਹਾਲਾਤ ਨਾ ਸੁਧਰੇ ਤਾਂ ਰੋਗੀਆਂ ਦੀ ਗਿਣਤੀ ਵਿਚ ਦੁੱਗਣਾ ਵਾਧਾ ਹੋ ਸਕਦਾ ਹੈ।
ਕੀ ਕਹਿਣਾ ਹੈ ਪ੍ਰਦੂਸ਼ਣ ਬੋਰਡ ਦਾ
ਪ੍ਰਦੁਸ਼ਣ ਵਿਭਾਗ ਦੀ ਰਿਪੋਰਟ 'ਚ ਖੁਲਾਸਾ ਹੋਇਆ ਕਿ ਰਾਜਸਥਾਨ ਤੋਂ ਧੂੜ ਕਣ ਉਡ ਕੇ ਭਾਰਤ 'ਚ ਉੱਤਰੀ ਭਾਰਤ ਦੇ ਆਸਮਾਨ 'ਤੇ ਛਾ ਗਏ, ਜਿਸ ਨਾਲ ਤਾਪਮਾਨ ਵਿਚ ਵਾਧਾ ਹੋਇਆ ਤੇ ਏਅਰ ਕੁਆਲਟੀ ਜਨਤਕ ਪੱਧਰ 'ਤੇ ਪਹੁੰਚ ਗਿਆ ਜੋ ਇਕ ਚਿੰਤਾ ਦਾ ਵਿਸ਼ਾ ਹੈ। ਪ੍ਰਦੂਸ਼ਣ ਬੋਰਡ ਦੀ ਸਿਫਾਰਿਸ਼ 'ਤੇ ਪੰਜਾਬ ਸਰਕਾਰ ਨੇ ਸੂਬੇ ਨੂੰ ਕੁਦਰਤੀ ਆਪਦਾ ਘੋਸ਼ਿਤ ਕੀਤਾ। ਇਸਦਾ ਸਿਹਤ 'ਤੇ ਖਤਰਨਾਕ ਅਸਰ ਪੈ ਸਕਦਾ ਹੈ। ਅੱਖਾਂ 'ਚ ਜਲਣ ਹੋਣਾ ਤੇ ਸਾਹ ਨਲੀ 'ਚ ਰੇਤ ਭਰਨਾ ਸਭ ਤੋਂ ਜ਼ਿਆਦਾ ਖਤਰਨਾਕ ਹੈ।
ਬੀਮਾਰੀਆਂ ਫੈਲਣ ਦਾ ਖਦਸ਼ਾ
ਆਸਮਾਨ 'ਚ ਧੂੜ ਉਡਣ ਕਾਰਨ ਤੇ ਲੋਕਾਂ ਦੀਆਂ ਅੱਖਾਂ 'ਚ ਜਲਣ, ਗਲੇ ਦੀ ਖਰਾਸ਼ ਹੋਣਾ ਆਮ ਗੱਲ ਹੈ ਪਰ ਬਹੁਤ ਸਾਰੇ ਲੋਕ ਖੰਘ, ਖਾਂਸੀ, ਹਲਕੇ ਬੁਖਾਰ ਨਾਲ ਤੜਫ ਰਹੇ ਹਨ। ਇਸ ਤੋਂ ਇਲਾਵਾ ਚਮੜੀ, ਦਮੇ ਅਤੇ ਸਾਹ ਦੀਆਂ ਬੀਮਾਰੀਆਂ ਦੇ ਰੋਗੀ ਬਣਨ ਦਾ ਖਦਸ਼ਾ ਹੈ। ਇਨ੍ਹਾਂ ਬੀਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਅਤੇ ਸਮਾਜ ਸੇਵੀ ਸੰਗਠਨਾਂ ਨੂੰ ਸਿਹਤ ਜਾਂਚ ਕੈਂਪ ਅਤੇ ਜਾਗਰੂਕਤਾ ਅਭਿਆਨ ਚਲਾਉਣਾ ਸਮੇਂ ਦੀ ਲੋੜ ਹੈ।
ਦੂਸ਼ਿਤ ਹਵਾ ਤੋਂ ਬਚਣ ਦਾ ਉਪਾਅ
* ਨਿਯਮਿਤ ਸੈਰ ਤੇ ਕਸਰਤ ਨੂੰ ਬੰਦ ਕੀਤਾ ਜਾਵੇ
* ਖਿਡਾਰੀ ਖੁੱਲ੍ਹੇ ਵਿਚ ਕਸਰਤ ਤੇ ਖੇਡਾਂ ਨਾ ਖੇਡਣ
* ਟਰੱਕ, ਟਰਾਲੀਆਂ ਤੇ ਹੋਰ ਵਾਹਨਾਂ 'ਤੇ ਖੁੱਲੇ 'ਚ ਮਿੱਟੀ-ਰੇਤ ਨਾ ਭਰੀ ਜਾਵੇ
* ਵੱਧ ਤੋਂ ਵੱਧ ਵਾਟਰ ਕੂਲਰ ਦਾ ਉਪਯੋਗ ਕੀਤਾ ਜਾਵੇ
* ਵਾਟਰ ਕੂਲਰ ਨਾਲ ਹਵਾ ਦੀ ਕੁਆਲਟੀ ਸੁਧਾਰਨ 'ਚ ਸਹਾਇਤਾ ਮਿਲਦੀ ਹੈ, ਹਵਾ ਦੀ ਧੂੜ ਨੂੰ ਪਾਣੀ ਸਾਫ ਕਰ ਦਿੰਦਾ ਹੈ
* ਲੋਕਾਂ ਨੂੰ ਸਲਾਹ ਹੈ ਕਿ ਬੱਚਿਆਂ ਨੂੰ ਬਾਹਰ ਨਾ ਜਾਣ ਦਿਓ
* ਰੋਗੀਆਂ ਨੂੰ ਖਾਸ ਤੌਰ 'ਤੇ ਬੰਦ ਕਮਰੇ ਤੋਂ ਬਾਹਰ ਨਹੀਂ ਜਾਣ ਦੇਣਾ ਚਾਹੀਦਾ।
