ਬੱਦਲਾਂ ਤੇ ਸੂਰਜ ਨੇ ਖੇਡੀ ਲੁਕਣਮੀਟੀ, ਅਗਲੇ ਹਫਤੇ ਮੌਸਮ ਸੁਹਾਵਣਾ ਰਹਿਣ ਦੇ ਆਸਾਰ

Thursday, Jun 08, 2017 - 03:44 AM (IST)

ਜਲੰਧਰ (ਰਾਹੁਲ)-ਕੱਲ ਰਾਤ ਤੋਂ ਸ਼ੁਰੂ ਹਨੇਰੀ ਤੇ ਮੀਂਹ ਕਾਰਨ ਤਾਪਮਾਨ ਵਿਚ 5 ਤੋਂ 8 ਡਿਗਰੀ ਸੈਲਸੀਅਸ ਤੱਕ ਗਿਰਾਵਟ ਦਰਜ ਕੀਤੀ ਗਈ। ਤੇਜ਼ ਹਨੇਰੀ ਨੇ ਸ਼ਹਿਰ ਵਿਚ ਲੱਗੇ ਹੋਰਡਿੰਗ ਤੇ ਰੁੱਖ ਪੁੱਟ ਸੁੱਟੇ। ਕਈ ਥਾਵਾਂ 'ਤੇ ਛੱਜੇ ਤੇ ਟੀਨ ਦੀਆਂ ਛੱਤਾਂ ਉਡਣ ਦਾ ਵੀ ਸਮਾਚਾਰ ਹੈ। ਰਾਤ ਨੂੰ 9.5 ਐੱਮ. ਐੱਮ. ਪਏ ਮੀਂਹ ਨਾਲ ਮੌਸਮ ਸੁਹਾਵਣਾ ਹੋ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ ਹਫਤੇ ਮੌਸਮ ਸੁਹਾਵਣਾ ਰਹੇਗਾ ਤੇ ਬੱਦਲਾਂ ਤੇ ਸੂਰਜ ਦੀ ਲੁਕਣਮੀਟੀ ਦੌਰਾਨ ਤਾਪਮਾਨ ਵਿਚ ਘਾਟਾ-ਵਾਧਾ ਹੁੰਦਾ ਰਹੇਗਾ। 8 ਜੂਨ ਨੂੰ ਹਨੇਰੀ ਅਤੇ ਮੀਂਹ ਕਾਰਨ ਤਾਪਮਾਨ 1 ਤੋਂ 2 ਡਿਗਰੀ ਸੈਲਸੀਅਸ ਘਟੇਗਾ। 9 ਤੋਂ 10 ਜੂਨ ਤੱਕ ਆਸਮਾਨ ਵਿਚ ਬੱਦਲ ਛਾਏ ਰਹਿਣਗੇ ਤੇ ਹਲਕਾ ਅਤੇ ਤੇਜ਼ ਮੀਂਹ ਪੈਣ ਦੇ ਵੀ ਆਸਾਰ ਹਨ।
11 ਤੋਂ 13 ਜੂਨ ਤੱਕ ਆਸਮਾਨ ਵਿਚ ਬੱਦਲ ਛਾਏ ਰਹਿਣਗੇ ਪਰ ਤਾਪਮਾਨ ਵਿਚ 1 ਤੋਂ 3 ਡਿਗਰੀ ਸੈਲਸੀਅਸ ਤੇਜ਼ੀ ਆਉਣ ਦੇ ਆਸਾਰ ਹਨ।
ਝੋਨੇ ਦੀ ਫਸਲ ਦੀਆਂ ਤਿਆਰੀਆਂ ਨੂੰ ਮਿਲੇਗਾ ਲਾਭ
ਇਨ੍ਹੀਂ ਦਿਨੀਂ ਪੈ ਰਹੇ ਮੀਂਹ ਨਾਲ ਝੋਨੇ ਦੀ ਫਸਲ ਦੀਆਂ ਤਿਆਰੀਆਂ ਨੂੰ ਲਾਭ ਮਿਲੇਗਾ। ਜਿਨ੍ਹਾਂ ਕਿਸਾਨਾਂ ਨੇ ਝੋਨੇ ਦੀ ਪਨੀਰੀ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਹੈ, ਨੂੰ ਇਸ ਨਾਲ ਲਾਭ ਮਿਲ ਸਕਦਾ ਹੈ। ਮੀਂਹ ਕਾਰਨ ਖੇਤਾਂ ਵਿਚ ਪਾਣੀ ਖੜ੍ਹਾ ਹੋਣ ਕਾਰਨ ਜਿਥੇ ਝੋਨੇ ਦੀ ਫਸਲ ਨੂੰ ਲਾਭ ਮਿਲੇਗਾ, ਉਥੇ ਸਬਜ਼ੀਆਂ ਤੇ ਹਰੇ ਚਾਰੇ ਦੀ ਫਸਲ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਮੌਸਮ 'ਚ ਲੱਗਣ ਵਾਲੀਆਂ ਮੂੰਗੀ, ਮਾਂਹ, ਸੂਰਜਮੁਖੀ, ਮੱਕੀ ਦੀਆਂ ਫਸਲਾਂ ਨੂੰ ਮੀਂਹ ਦਾ ਲਾਭ ਮਿਲਣ ਦੇ ਆਸਾਰ ਹਨ, ਜਦੋਂਕਿ ਹਰੇ ਪਿਆਜ਼ ਦੀ ਪੁਟਾਈ, ਅੰਗੂਰ ਤੋੜਨ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ। ਨਿੰਬੂ, ਟਮਾਟਰ, ਬੈਂਗਨ, ਮਿਰਚ, ਭਿੰਡੀ, ਘੀਆ, ਰਾਮਾਤੋਰੀ, ਕੱਦੂ ਦੀ ਫਸਲ ਨੂੰ ਜਿਥੇ ਪਾਣੀ ਨਾਲ ਲਾਭ ਮਿਲਣਾ ਤੈਅ ਹੈ, ਉਥੇ ਤੇਜ਼ ਹਨੇਰੀ ਕਾਰਨ ਪੌਦਿਆਂ 'ਤੇ ਉਨ੍ਹਾਂ ਲੱਗੇ ਫੁੱਲਾਂ ਨੂੰ ਨੁਕਸਾਨ ਹੋ ਸਕਦਾ ਹੈ।


Related News