ਕਬੱਡੀ ਟੂਰਨਾਮੈਂਟ ''ਚ ਸ਼ਰੇਆਮ ਹਥਿਆਰ ਲੈ ਕੇ ਘੁੰਮਦੇ ਦਿਖੇ ਨੌਜਵਾਨ, ਉੱਡੀਆਂ ਕਾਨੂੰਨ ਦੀਆਂ ਧੱਜੀਆਂ (ਤਸਵੀਰਾਂ)
Wednesday, Dec 08, 2021 - 03:21 PM (IST)
ਲੁਧਿਆਣਾ (ਰਾਜ) : ਪਿੰਡ ਫੁੱਲਾਂਵਾਲ ਵਿਖੇ ਹੋਏ ਕਬੱਡੀ ਟੂਰਨਾਮੈਂਟ ਦੌਰਾਨ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉੱਡਦੀਆਂ ਦਿਖਾਈ ਦਿੱਤੀਆਂ। ਪੁਲਸ ਦੀ ਮੌਜੂਦਗੀ ਦੇ ਬਾਵਜੂਦ ਟੂਰਨਾਮੈਂਟ ’ਚ ਆਏ ਕਈ ਨੌਜਵਾਨ ਹਥਿਆਰਾਂ ਸਮੇਤ ਇਧਰ-ਉਧਰ ਘੁੰਮਦੇ ਦੇਖੇ ਗਏ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮੌਕੇ ’ਤੇ ਮੌਜੂਦ ਪੁਲਸ ਨੂੰ ਇਹ ਹਥਿਆਰ ਨਜ਼ਰ ਨਹੀਂ ਆਏ। ਦਰਅਸਲ ਮੰਗਲਵਾਰ ਨੂੰ ਥਾਣਾ ਸਦਰ ਦੇ ਇਲਾਕੇ ਪਿੰਡ ਫੁੱਲਾਂਵਾਲ ’ਚ ਕਬੱਡੀ ਦਾ ਟੂਰਨਾਮੈਂਟ ਸੀ।
ਇੱਥੇ ਕਾਂਗਰਸ ਅਤੇ ਅਕਾਲੀ ਦਲ ਤੋਂ ਇਲਾਵਾ ਕਈ ਹੋਰ ਪਾਰਟੀਆਂ ਦੇ ਆਗੂਆਂ ਨੇ ਵੀ ਸ਼ਿਰੱਕਤ ਕੀਤੀ ਅਤੇ ਵੱਡੀ ਗਿਣਤੀ ’ਚ ਲੋਕ ਵੀ ਹਾਜ਼ਰ ਸਨ। ਇਸ ਟੂਰਨਾਮੈਂਟ ਵਿਚ ਕਈ ਨੌਜਵਾਨ ਆਪਣੇ ਨਾਲ ਹਥਿਆਰ ਵੀ ਲੈ ਕੇ ਆਏ ਸਨ। ਜਦੋਂ ਕਿ ਸੀ. ਪੀ. ਦੇ ਹੁਕਮਾਂ ਅਨੁਸਾਰ ਜਨਤਕ ਥਾਵਾਂ ’ਤੇ ਹਥਿਆਰ ਲੈ ਕੇ ਜਾਣ ਜਾਂ ਲਹਿਰਾਉਣ ’ਤੇ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਸ਼ਰੇਆਮ ਹਥਿਆਰਾਂ ਦਾ ਪ੍ਰਦਰਸ਼ਨ ਹੋਇਆ।
ਇਸ ਸਬੰਧੀ ਜਦੋਂ ਉੱਥੇ ਡਿਊਟੀ ’ਤੇ ਤਾਇਨਾਤ ਏ. ਐੱਸ. ਆਈ. ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਸੇ ਕੋਲ ਹਥਿਆਰ ਹੋਣ ਦੀ ਗੱਲ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਜੇਕਰ ਕੋਈ ਹਥਿਆਰ ਲੈ ਕੇ ਆਇਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜਦੋਂ ਕਿ ਸਾਰੇ ਨੌਜਵਾਨ ਪੁਲਸ ਦੇ ਸਾਹਮਣੇ ਹਥਿਆਰਾਂ ਸਮੇਤ ਘੁੰਮ ਰਹੇ ਸਨ।
ਇਹ ਵੀ ਪੜ੍ਹੋ : ਕੈਪਟਨ-ਭਾਜਪਾ ਵਿਚਾਲੇ ਗਠਜੋੜ ਦੀਆਂ ਕਿਆਸਰਾਈਆਂ ਤੇਜ਼, ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਦੀ ਸੰਭਾਵਨਾ
ਇਸ ਬਾਰੇ ਜੁਆਇੰਟ ਸੀ. ਪੀ. ਦਿਹਾਤੀ ਰਵਚਰਨ ਸਿੰਘ ਬਰਾੜ ਦਾ ਕਹਿਣਾ ਹੈ ਕਿ ਕਬੱਡੀ ਟੂਰਨਾਮੈਂਟ ਹੋਇਆ ਪਰ ਲੋਕਾਂ ਦੇ ਹਥਿਆਰ ਲੈ ਕੇ ਘੁੰਮਣ ਦਾ ਮੁੱਦਾ ਮੇਰੇ ਧਿਆਨ ’ਚ ਨਹੀਂ ਹੈ। ਜੇਕਰ ਅਜਿਹੀ ਕੋਈ ਗੱਲ ਸਾਹਮਣੇ ਆਈ ਤਾਂ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ