ਹੈਵਾਨ ਬਣੇ ਭਰਾ ਨੇ ਕੁਹਾੜੇ ਨਾਲ ਵੱਢਿਆ ਭੈਣ ਦਾ ਗਲਾ (ਵੀਡੀਓ)
Thursday, Aug 02, 2018 - 03:11 PM (IST)
ਨਾਭਾ, (ਜੈਨ)-ਅੱਜ ਸ਼ਾਮੀ ਬੌਡ਼ਾਂ ਗੇਟ ਪ੍ਰੇਮ ਨਗਰ ਵਿਚ ਗੁਰਦੁਆਰਾ ਸਾਹਿਬ ਲਾਗੇ ਕਿਰਾਏ ਦੇ ਮਕਾਨ ਵਿਚ ਰਹਿੰਦੀ 35 ਸਾਲਾ ਅੌਰਤ ਕੁਲਦੀਪ ਕੌਰ ਪਤਨੀ ਬੱਬੂ ਸਿੰਘ ਨੂੰ ਉਸਦੇ ਅਾਪਣੇ ਹੀ ਭਰਾ ਸਤਨਾਮ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕਿਸ਼ਨਗਡ਼੍ਹ ਗੁਰਥਲੀ ਨੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਕੇ ਗੰਭੀਰ ਫੱਟਡ਼ ਕਰ ਦਿੱਤਾ। ਗੁਆਂਢੀਆਂ ਨੇ ਤੁਰੰਤ ਫੱਟਡ਼ ਅੌਰਤ ਨੂੰ ਮੈਡੀਕਲ ਅਫਸਰ ਡਾ. ਗੁਰਵਿੰਦਰ ਕੌਰ ਦੇ ਦੇਖ-ਰੇਖ ’ਚ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ। ਫੱਟਡ਼ ਕੁਲਦੀਪ ਕੌਰ ਨੇ ਦੱਸਿਆ ਕਿ ਮੇਰਾ ਵਿਅਾਹ ਪਹਿਲਾਂ ਗੁਲਜ਼ਾਰ ਸਿੰਘ ਪਿੰਡ ਫੰਮਨਵਾਲ ਨਾਲ ਹੋਇਅਾ ਸੀ, ਜਿਸ ਤੋਂ ਦੋ ਬੱਚੇ ਹਨ। ਇਕ ਸਾਲ ਪਹਿਲਾਂ ਮੇਰਾ ਗੁਲਜ਼ਾਰ ਸਿੰਘ ਨਾਲ ਤਲਾਕ ਹੋ ਗਿਆ ਕਿਉਂਕਿ ਉਹ ਮੇਰਾ ਇਕ ਗੁਰਦਾ ਵੇਚਣਾ ਚਾਹੁੰਦਾ ਸੀ। ਹੁਣ ਮੈਂ 22 ਦਿਨ ਪਹਿਲਾਂ ਕਾਕਡ਼ਾ ਨਿਵਾਸੀ ਬੱਬੂ ਸਿੰਘ ਨਾਲ ਵਿਆਹ ਕਰਵਾ ਲਿਆ, ਜੋ ਕਿ ਟਰੱਕ ਡਰਾਇਵਰ ਹੈ। ਮੇਰਾ ਭਰਾ ਮੇਰੇ ਨਾਲ ਕੁੱਟ-ਮਾਰ ਕਰ ਕੇ ਦੋਵੇਂ ਬੱਚਿਆਂ ਨੂੰ ਵੀ ਨਾਲ ਲੈ ਗਿਆ ਹੈ ਜਦੋਂਕਿ ਪਤੀ ਅੱਜ ਬਾਹਰ ਗਿਆ ਹੋਇਆ ਸੀ। ਕੋਤਵਾਲੀ ਪੁਲਸ ਦੇ ਐੱਸ. ਐੱਚ. ਓ. ਸੁਖਰਾਜ ਸਿੰਘ ਘੁੰਮਣ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ।
