ਦੂਜੇ ਸੂਬਿਆਂ ਤੋਂ ਨਜਾਇਜ਼ ਹਥਿਆਰ ਲਿਆ ਕੇ ਵੇਚਣ ਵਾਲੇ ਕਾਬੂ, ਨਜਾਇਜ਼ ਪਿਸਤੌਲ, ਕਾਰਤੂਸ ਅਤੇ ਮੈਗਜ਼ੀਨ ਬਰਾਮਦ

Monday, Jun 20, 2022 - 02:23 PM (IST)

ਦੂਜੇ ਸੂਬਿਆਂ ਤੋਂ ਨਜਾਇਜ਼ ਹਥਿਆਰ ਲਿਆ ਕੇ ਵੇਚਣ ਵਾਲੇ ਕਾਬੂ, ਨਜਾਇਜ਼ ਪਿਸਤੌਲ, ਕਾਰਤੂਸ ਅਤੇ ਮੈਗਜ਼ੀਨ ਬਰਾਮਦ

ਲੁਧਿਆਣਾ (ਗੌਤਮ) : ਸੀ.ਆਈ.ਏ. 1 ਦੀ ਪੁਲਸ ਨੇ ਸੋਮਵਾਰ ਨੂੰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਦੂਜੇ ਸੂਬਿਆਂ ਤੋਂ ਸ਼ਰਾਰਤੀ ਅਨਸਰਾਂ ਨੂੰ ਨਜਾਇਜ਼ ਹਥਿਆਰ ਸਪਲਾਈ ਕਰਦੇ ਸਨ। ਮੁਲਜ਼ਮਾਂ ਖ਼ਿਲਾਫ਼ ਥਾਣਾ ਟਿੱਬਾ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਜਗਦੀਪ ਸਿੰਘ ਉਰਫ਼ ਦੀਪੂ ਵਾਸੀ ਪ੍ਰੇਮ ਵਿਹਾਰ ਅਤੇ ਪਰਮਜੀਤ ਕੁਮਾਰ ਵਾਸੀ ਗੋਲਡਨ ਐਵੀਨਿਊ ਕਲੋਨੀ ਟਿੱਬਾ ਵਜੋਂ ਕੀਤੀ ਹੈ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਨਾਜਾਇਜ਼ ਅਸਲਾ ਲਿਆ ਕੇ ਵੱਖ-ਵੱਖ ਲੋਕਾਂ ਨੂੰ ਸਪਲਾਈ ਕਰ ਰਹੇ ਹਨ।

ਸੂਚਨਾ ’ਤੇ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਗੋਪਾਲ ਨਗਰ ਟਿੱਬਾ ਰੋਡ ਤੋਂ ਕਾਬੂ ਕੀਤਾ ਗਿਆ। ਪੁਲਸ ਨੇ ਮੁਲਜ਼ਮਾਂ ਕੋਲੋਂ 3 ਨਾਜਾਇਜ਼ ਪਿਸਤੌਲ, 10 ਜਿੰਦਾ ਕਾਰਤੂਸ, ਦੋ ਮੈਗਜ਼ੀਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਯੂਪੀ, ਬਿਹਾਰ, ਝਾਰਖੰਡ ਦੇ ਇਲਾਕਿਆਂ ਤੋਂ ਹਥਿਆਰ ਲਿਆ ਕੇ ਮਹਿੰਗੇ ਭਾਅ 'ਤੇ ਵੇਚਦਾ ਸੀ। ਉਥੋਂ ਉਹ 18 ਤੋਂ 20 ਹਜ਼ਾਰ ਰੁਪਏ ਤੱਕ ਦੇ ਨਾਜਾਇਜ਼ ਪਿਸਤੌਲ 40 ਹਜ਼ਾਰ ਰੁਪਏ ਵਿਚ ਵੇਚਦਾ ਸੀ। ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਪਰਮਜੀਤ ਪੰਮਾ ਅੱਠਵੀਂ ਪਾਸ ਹੈ ਅਤੇ ਉਸ ਖ਼ਿਲਾਫ਼ ਅਸਲਾ ਐਕਟ ਤਹਿਤ ਦੋ ਹੋਰ ਅਪਰਾਧਿਕ ਕੇਸ ਦਰਜ ਹਨ ਜਦਕਿ ਮੁਲਜ਼ਮ ਜਗਦੀਪ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ। ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਕਿਨ੍ਹਾਂ ਪਾਸੋਂ ਨਜਾਇਜ਼ ਹਥਿਆਰ ਲੈ ਕੇ ਆਉਂਦੇ ਸਨ ਅਤੇ ਹੁਣ ਤੱਕ ਇਹ ਨਜਾਇਜ਼ ਹਥਿਆਰ ਕਿਸ ਨੂੰ ਸਪਲਾਈ ਕਰ ਚੁੱਕੇ ਹਨ।


author

Gurminder Singh

Content Editor

Related News