ਹਥਿਆਰਾਂ ਨਾਲ ਲੈਸ ਕਾਰ ਸਵਾਰ ਲੁਟੇਰੇ ਪੈਟਰੋਲ ਪੰਪ ਤੋਂ ਨਕਦੀ ਤੇ 2 ਮੋਬਾਈਲ ਖੋਹ ਕੇ ਫਰਾਰ

Sunday, Jul 24, 2022 - 06:25 PM (IST)

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਪਿੰਡ ਸੁਰ ਸਿੰਘ ਵਾਲਾ ਵਿਖੇ ਇੱਕ ਹੌਂਡਾ ਸਿਟੀ ਕਾਰ ’ਤੇ ਆਏ 3/4 ਹਥਿਆਰਬੰਦ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਸੇਲਜ਼ ਮੈਨ ਤੋਂ ਕਰੀਬ 25-30 ਹਜ਼ਾਰ ਰੁਪਏ ਅਤੇ 2 ਮੋਬਾਈਲ ਫ਼ੋਨ ਖੋਹ ਕੇ ਲੈ ਗਏ। ਇਸ ਘਟਨਾ ਦੇ ਸਬੰਧ ’ਚ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਮੁੱਦਈ ਰਣਧੀਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਮੂਸੇਵਾਲਾ ਨੇ ਦੱਸਿਆ ਹੈ ਕਿ ਉਹ ਪਿੰਡ ਸੁਰ ਸਿੰਘ ਵਾਲਾ ਦੇ ਪੈਟਰੋਲ ਪੰਪ ’ਤੇ ਲੱਗਾ ਹੋਇਆ ਹੈ ਜਿੱਥੇ ਇੱਕ ਹੌਂਡਾ ਸਿਟੀ ਪੰਜਾਬ ਦੀ ਨੰਬਰ ਕਾਰ ਵਿਚ 3/4 ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਪਿਸਤੌਲ, ਗੰਡਾਸਾ ਅਤੇ ਤਲਵਾਰਾਂ ਦੀ ਨੋਕ ’ਤੇ ਪੰਪ ਮੁਲਾਜ਼ਮਾਂ ਨੂੰ ਡਰਾ ਧਮਕਾ ਕੇ ਤੇਲ ਦੀ ਸੇਲ ਦੇ ਕਰੀਬ 25/30 ਹਜ਼ਾਰ ਰੁਪਏ ਅਤੇ 2 ਮੋਬਾਈਲ ਫੋਨ ਖੋਹ ਲਏ ਅਤੇ ਜੀਰਾ ਵੱਲ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਪੁਲਸ ਲੁਟੇਰਿਆਂ ਦੀ ਭਾਲ ਕਰ ਰਹੀ ਹੈ।

ਦੂਜੇ ਪਾਸੇ ਪਿੰਡ ਰੂਪੇ ਵਾਲਾ ਵਿਚ 3 ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਫਾਇਰਿੰਗ ਕਰਦੇ ਹੋਏ ਲਵਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਦਾ ਟੀ. ਵੀ. ਐੱਸ ਸਪੋਰਟਸ ਮੋਟਰਸਾਈਕਲ ਖੋਹ ਲਿਆ ਅਤੇ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੱਖੂ ਦੇ ਏ.ਐਸ.ਆਈ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਲਵਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਹ ਅਤੇ ਉਸਦਾ ਦੋਸਤ ਰਣਜੀਤ ਸਿੰਘ ਖੇਤਾਂ ਦੇ ਕੋਲ ਪੱਕੀ ਸੜਕ ’ਤੇ ਆਪਣੇ ਪੰਜਾਬ ਨੰਬਰ ਦੇ ਟੀ.ਵੀ.ਐਸ. ਸਪੋਰਟ ਮੋਟਰਸਾਈਕਲ ’ਤੇ ਜਾ ਰਹੇ ਸਨ ਤਾਂ ਸਾਹਮਣੇ ਤੋਂ 3 ਅਣਪਛਾਤੇ ਨੌਜਵਾਨ ਆਏ, ਜਿਨ੍ਹਾਂ ’ਚੋਂ ਇਕ ਕੋਲ ਪਿਸਤੌਲ ਸੀ ਅਤੇ ਉਸ ਨੇ ਸ਼ਿਕਾਇਤਕਰਤਾ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਸ਼ਿਕਾਇਤਕਰਤਾ ਅਤੇ ਉਸ ਦਾ ਦੋਸਤ ਆਪਣਾ ਮੋਟਰਸਾਈਕਲ ਉਥੇ ਹੀ ਛੱਡ ਕੇ ਆਪਣੀ ਜਾਨ ਬਚਾਉਂਦੇ ਹੋਏ ਖੇਤਾਂ ਵੱਲ ਭੱਜ ਗਏ ਅਤੇ ਤਿੰਨੇ ਲੁਟੇਰੇ ਉਸਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਏ ਅਤੇ ਰਸਤੇ ’ਚ ਹਵਾਈ ਫਾਇਰ ਕਰਦੇ ਰਹੇ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Gurminder Singh

Content Editor

Related News