ਹਥਿਆਰਾਂ ਦੀ ਨੋਕ ’ਤੇ ਪੈਟਰੋਲ ਨਾਲ ਟੈਂਕੀ ਫੁੱਲ ਕਰਵਾ ਕੇ ਭੱਜੇ ਕਾਰ ਸਵਾਰ ਕਾਬੂ
Friday, May 20, 2022 - 05:38 PM (IST)
ਮੱਖੂ (ਵਾਹੀ) : ਪਿਛਲੇ ਲੰਮੇ ਸਮੇਂ ਤੋਂ ਸੁਰਖੀਆਂ ’ਚ ਚੱਲਦੇ ਆ ਰਹੇ ਇਲਾਕਾ ਮੱਖੂ ’ਚ ਹੋਈ ਇਕ ਹੋਰ ਤਾਜ਼ਾ ਵਾਰਦਾਤ ’ਚ ਸ਼ਾਮਲ ਤਿੰਨ ਬਦਮਾਸ਼ਾਂ ਨੂੰ ਪੁਲਸ ਵਲੋਂ ਲੋਕਾਂ ਦੇ ਸਹਿਯੋਗ ਨਾਲ ਕਾਬੂ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਹੌਂਡਾ ਸਿਟੀ ਕਾਰ ਸਵਾਰਾਂ ਨੇ ਪੁਲਸ ਚੌਕੀ ਜੋਗੇਵਾਲਾ ਤੋਂ ਦੋ ਕੁ ਫਰਲਾਂਗ ਦੀ ਦੂਰੀ ’ਤੇ ਸਥਿਤ ਰਾਣਾ ਫਿਲਿੰਗ ਸਟੇਸ਼ਨ ਤੋਂ ਹਥਿਆਰਾਂ ਦੀ ਨੋਕ ’ਤੇ 42 ਸੌ ਰੁਪਏ ਦਾ ਪੈਟਰੋਲ ਪੁਆਇਆ ਅਤੇ ਫਰਾਰ ਹੋ ਗਏ। ਪੰਪ ਦੇ ਕਰਿੰਦਿਆਂ ਨੇ ਵਾਰਦਾਤ ਦੀ ਸੂਚਨਾ ਮਾਲਕ ਨੂੰ ਦੇ ਕੇ ਖੁਦ ਦਲੇਰੀ ਨਾਲ ਬਦਮਾਸ਼ਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਗਿੱਦੜਪਿੰਡੀ ਟੋਲ ਪਲਾਜ਼ਾ ਵੇਖ ਕੇ ਬਦਮਾਸ਼ਾਂ ਨੇ ਗੱਡੀ ਵਾਪਸ ਮੋੜ ਲਈ ਪਰ ਖਬਰ ਹੋਣ ਦੇ ਬਾਵਜੂਦ ਪੁਲਸ ਚੌਕੀ ਜੋਗੇਵਾਲਾ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਬਦਮਾਸ਼ਾਂ ਨੇ ਟੋਲ ਪਲਾਜ਼ੇ ਤੋਂ ਵਾਪਸ ਕਾਰ ਮਖੂ ਵੱਲ ਨੂੰ ਭਜਾ ਲਈ ਜਿਸ ਦੌਰਾਨ ਕਾਰ ਸੜਕ ਕੰਢੇ ਲੱਗੇ ਸਫ਼ੈਦੇ ਨਾਲ ਜਾ ਟਕਰਾਈ। ਜਿੱਥੇ ਹਾਦਸੇ ਤੋਂ ਬਾਅਦ ਪੰਪ ਮਾਲਕ, ਕਰਿੰਦਿਆਂ ਅਤੇ ਹੋਰ ਆਸ-ਪਾਸ ਦੇ ਲੋਕਾਂ ਨੇ ਕਾਰ ਨੂੰ ਘੇਰਾ ਪਾ ਲਿਆ। ਮੌਕੇ ’ਤੇ ਪਹੁੰਚੀ ਪੁਲਸ ਵਲੋਂ ਤਿੰਨਾਂ ਬਦਮਾਸ਼ਾਂ ਨੂੰ ਕਾਬੂ ਕੀਤਾ। ਜਿਨ੍ਹਾਂ ਦੀ ਪਛਾਣ ਬਲਰਾਮ ਪੁੱਤਰ ਰਾਮ ਚੰਦ, ਰਣਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਦੋਵੇਂ ਵਾਸੀ ਪਿਉਰੀ ਥਾਣਾ ਗਿੱਦੜਬਾਹਾ ਜ਼ਿਲ੍ਹਾ ਮੁਕਤਸਰ ਸਾਹਿਬ ਅਤੇ ਹਰਜਿੰਦਰ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਬਾਜਕ ਜ਼ਿਲ੍ਹਾ ਬਠਿੰਡਾ ਵਜੋਂ ਹੋਈ। ਮਾਮਲੇ ਦਾ ਸਭ ਤੋਂ ਹੈਰਾਨੀਜਨਕ ਪਹਿਲੂ ਇਹ ਸੀ ਕਿ ਦਿੱਲੀ ਨੰਬਰ ਵਾਲੀ ਹੌਂਡਾ ਸਿਟੀ ਕਾਰ ਦਾ ਨੰਬਰ ਗੁਰਮੁਖੀ ’ਚ ਡੀਐੱਲ ੩ਸੀ.ਏ.ਜੀ.੦੬੨੭ ਲਿਖਿਆ ਹੋਇਆ ਸੀ। ਕਾਬੂ ਦੋਸ਼ੀ ਪੇਸ਼ਾਵਰ ਅਪਰਾਧੀ ਹਨ ਤੇ ਇਨ੍ਹਾਂ ’ਚੋਂ 2 ’ਤੇ ਪਹਿਲਾਂ ਵੀ ਮਾਮਲੇ ਦਰਜ ਹਨ।