ਰੰਜਿਸ਼ ਤਹਿਤ ਪੰਚ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ
Tuesday, Jun 16, 2020 - 04:13 PM (IST)
ਬਟਾਲਾ (ਬੇਰੀ) : ਰੰਜ਼ਿਸ਼ ਤਹਿਤ ਪਿੰਡ ਤੱਤਲੇ ਦੇ ਰਹਿਣ ਵਾਲੇ ਪੰਚ ਨੂੰ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਵੱਢਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪਿੰਡ ਦੇ ਮੌਜੂਦਾ ਸਰਪੰਚ ਜਸਪਾਲ ਸਿੰਘ ਤੱਤਲਾ ਨੇ ਦੱਸਿਆ ਕਿ ਪੰਚਾਇਤ ਮੈਂਬਰ ਹੰਸਾ ਸਿੰਘ ਪਿੰਡ ਵਿਚ ਚੱਲ ਰਹੀ ਚਾਚੇ-ਭਤੀਜੇ ਦੀ ਝਗੜੇ 'ਚ ਉਨ੍ਹਾਂ ਨੂੰ ਸਮਝਾਉਣ ਲਈ ਗਿਆ ਸੀ। ਹੰਸਾ ਨੇ ਪੈਲੀ ਠੇਕੇ 'ਤੇ ਲਈ ਹੋਈ ਸੀ, ਜਿਸ 'ਤੇ ਉਹ ਰਾਤ ਸਮੇਂ ਪੈਲੀ ਨੂੰ ਪਾਣੀ ਲਾ ਕੇ ਵਾਪਸ ਘਰ ਆ ਰਿਹਾ ਸੀ ਤਾਂ ਸਬੰਧਤ ਭਤੀਜੇ ਨੇ ਆਪਣੇ ਸਾਥੀ ਨੌਜਵਾਨਾਂ ਸਮੇਤ ਵਾਰਦਾਤ ਨੂੰ ਅੰਜਾਮ ਦਿੰਦਿਆਂ ਹੰਸਾ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਉਸ ਨੂੰ ਵੱਢ ਦਿੱਤਾ ਅਤੇ ਫਰਾਰ ਹੋ ਗਿਆ। ਸਰਪੰਚ ਤੱਤਲਾ ਨੇ ਪੁਲਸ ਦੇ ਆਲਾ ਅਫਸਰਾਂ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਬਣਦਾ ਇਨਸਾਫ ਦਿੱਤਾ ਜਾਵੇ।
ਉਧਰ ਹੰਸਾ ਸਿੰਘ ਦੀ ਪਤਨੀ ਅਤੇ ਬੇਟੇ ਰਵਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਾਡੀ ਮੁਲਜ਼ਮਾਂ ਨਾਲ ਕੋਈ ਰੰਜਿਸ਼ ਨਹੀਂ ਹੈ ਅਤੇ ਮੇਰੇ ਪਿਤਾ ਹੰਸਾ ਸਿੰਘ ਰਾਤ ਸਮੇਂ ਪੈਲੀ ਨੂੰ ਪਾਣੀ ਲਾਉਣ ਗਏ ਸੀ, ਜਿਥੇ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਬੁਰੀ ਤਰ੍ਹਾਂ ਵੱਢਿਆ ਅਤੇ ਭੱਜ ਗਏ। ਇਹ ਵੀ ਪਤਾ ਲੱਗਾ ਹੈ ਕਿ ਗੰਭੀਰ ਜ਼ਖਮੀ ਹਾਲਤ 'ਚ ਹੰਸਾ ਸਿੰਘ ਨੂੰ ਪਹਿਲਾਂ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ, ਜਿਥੋਂ ਡਾਕਟਰਾਂ ਨੇ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਹੇ।
ਇਸ ਬਾਰੇ ਨੌਜਵਾਨ ਦੇ ਚਾਚੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਪੰਚ ਹੰਸਾ ਸਿੰਘ ਸਿਰਫ ਸਮਝਾਉਣ ਲਈ ਹੀ ਆਇਆ ਸੀ ਅਤੇ ਉਸੇ ਰੰਜਿਸ਼ ਨੂੰ ਮਨ ਵਿਚ ਰੱਖਦਿਆਂ ਮੇਰੇ ਭਤੀਜੇ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਮੰਦਭਾਗਾ ਕੰਮ ਕੀਤਾ ਹੈ। ਉੁਕਤ ਮਾਮਲੇ ਸਬੰਧੀ ਜਦੋਂ ਮੈਂਬਰ ਪੰਚਾਇਤ ਨੂੰ ਵੱਢਣ ਵਾਲੇ ਨੌਜਵਾਨ ਦੀ ਪਤਨੀ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਸਾਡੀ ਚਾਚੇ ਨਾਲ ਰੰਜਿਸ਼ ਚੱਲ ਰਹੀ ਹੈ ਪਰ ਮੇਰੇ ਪਤੀ 'ਤੇ ਜੋ ਨਸ਼ੇ ਦੇ ਦੋਸ਼ ਲਾਏ ਜਾ ਰਹੇ ਹਨ, ਉਹ ਸਰਾਸਰ ਝੂਠੇ ਅਤੇ ਬੇਬੁਨਿਆਦ ਹਨ।
ਮੌਕੇ 'ਤੇ ਪਹੁੰਚੇ ਤਫਤੀਸ਼ੀ ਅਫਸਰ ਏ. ਐੱਸ. ਆਈ. ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੀਤੀ ਦੇਰ ਰਾਤ ਸਾਢੇ 10 ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਤੱਤਲਾ ਵਿਖੇ ਝਗੜਾ ਹੋ ਰਿਹਾ ਹੈ, ਜਿਸ ਦੇ ਤੁਰੰਤ ਬਾਅਦ ਅਸੀਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਪੰਚ ਹੰਸਾ ਸਿੰਘ ਨੂੰ ਪਿੰਡ ਦੇ ਹੀ ਇਕ ਨੌਜਵਾਨ ਨੇ ਆਪਣੇ 4-5 ਸਾਥੀਆਂ ਨਾਲ ਮਿਲ ਕੇ ਬੁਰੀ ਤਰ੍ਹਾਂ ਵੱਢ ਦਿੱਤਾ ਹੈ ਜੋ ਕਿ ਅਮਨਦੀਪ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਹੈ। ਉਕਤ ਤਫਤੀਸ਼ੀ ਅਫਸਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਬਿਆਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।