ਤੇਜ਼ਧਾਰ ਹਥਿਆਰਾਂ ਤੇ ਗੱਡੀਆਂ ਸਣੇ ਲੁਟੇਰਾ ਗਿਰੋਹ ਦੇ 5 ਵਿਅਕਤੀ ਕਾਬੂ

09/26/2019 10:45:45 PM

ਜ਼ੀਰਾ,(ਗੁਰਮੇਲ) : ਬੀਤੇ ਦਿਨੀਂ ਚੌਕੀਦਾਰਾਂ ਨੂੰ ਹਥਿਆਰਾਂ ਦੀ ਨੋਕ 'ਤੇ ਬੰਦੀ ਬਣਾ ਕੇ ਜ਼ੀਰਾ ਦੇ ਪਿੰਡ ਸੇਖਵਾਂ ਤੋਂ ਬਾਹਰ ਦਸ਼ਮੇਸ਼ ਐਗਰੋ ਇੰਡਸਟਰੀ (ਸ਼ੈਲਰ) ਚੋਟੀਆਂ ਖੁਰਦ ਰੋਡ ਤੋਂ ਟਰੈਕਟਰ, ਕਾਰ, ਸਕੂਟਰ ਅਤੇ ਐੱਲ. ਈ. ਡੀ. ਆਦਿ ਦੀ ਲੁੱਟ ਕੀਤੀ ਗਈ ਸੀ। ਜਿਸ ਦੀ ਜਾਣਕਾਰੀ ਸ਼ੈਲਰ ਦੇ ਮਾਲਕ ਸੁਰਾਜ ਗੁਲਾਟੀ ਅਤੇ ਅਭਿਸ਼ੇਕ ਮਿੱਤਲ ਵਾਸੀ ਤਲਵੰਡੀ ਭਾਈ ਨੇ ਥਾਣਾ ਸਦਰ ਜ਼ੀਰਾ ਪੁਲਸ ਨੂੰ ਦਿੱਤੀ। ਜਿਸ 'ਤੇ ਡੀ. ਐੱਸ .ਪੀ. ਰਾਜਵਿੰਦਰ ਸਿੰਘ ਰੰਧਾਵਾ ਸਮੇਤ ਐੱਸ. ਐੱਚ. ਓ. ਜਸਵਿੰਦਰ ਸਿੰਘ ਅਤੇ ਸੀ. ਆਈ. ਏ. ਸਟਾਫ਼ ਪਰਮਜੀਤ ਸਿੰਘ, ਏ. ਐੱਸ. ਆਈ. ਵਣ ਸਿੰਘ, ਮੁੱਖ ਮੁਣਸ਼ੀ ਕਰਮ ਸਿੰਘ, ਏ. ਐੱਸ. ਆਈ. ਕੁਲਵੰਤ ਸਿੰਘ ਅਤੇ ਫੋਰਾਂਸਿਕ ਟੀਮ ਫ਼ਿਰੋਜ਼ਪੁਰ ਨੇ ਘਟਨਾ ਸਥਾਨ ਤੋਂ ਅਹਿਮ ਸੁਰਾਗ ਪ੍ਰਾਪਤ ਕਰ ਕੇ ਐੱਸ. ਐੱਸ. ਪੀ. ਫ਼ਿਰੋਜ਼ਪੁਰ ਵਿਵੇਕਸ਼ੀਲ ਸੋਨੀ ਦੇ ਨਿਰਦੇਸ਼ਾਂ ਅਨੁਸਾਰ ਵੱਡੇ ਲੁਟੇਰਾ ਗਿਰੋਹ ਨੂੰ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਜਿਸ 'ਤੇ ਪੁਲਸ ਵੱਲੋਂ ਗੁਰਲਾਲ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਕੁੱਲਾ ਜ਼ਿਲਾ ਤਰਨਤਾਰਨ, ਮਨਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਕੁੱਲਾ, ਬਾਜ ਸਿੰਘ ਪੁੱਤਰ ਗੁਰਾ ਸਿੰਘ ਖੇਮਕਰਨ, ਸੁਖਦੇਵ ਸਿੰਘ ਪੁੱਤਰ ਬਚਨ ਸਿੰਘ ਆਂਸਲ ਤਰਨਤਾਰਨ, ਜਸਪਾਲ ਸਿੰਘ ਪੁੱਤਰ ਗੁਰਦਿਤਾਰ ਸਿੰਘ ਨੂੰ ਕਾਬੂ ਕਰ ਕੇ ਮਾਣਯੋਗ ਜੱਜ ਸਿਮਰਦੀਪ ਸਿੰਘ ਸੋਹੀ ਦੀ ਅਦਾਲਤ ਤੋਂ ਰਿਮਾਂਡ ਲੈ ਕੇ ਹੋਰ ਵੀ ਕੀਤੀਆਂ ਵਾਰਦਾਤਾਂ ਸਬੰਧੀ ਪੁੱਛਗਿੱਛ ਆਰੰਭ ਕਰ ਦਿੱਤੀ ਹੈ।

ਪੁਲਸ ਨੇ ਭਾਵੇਂ ਉਕਤ ਵਿਅਕਤੀਆਂ ਤੋਂ ਸ਼ੈਲਰ ਤੋਂ ਚੋਰੀ ਕੀਤਾ ਮਹਿੰਦਰਾ ਟਰੈਕਟਰ, ਦੋ ਟਰੱਕ, ਦੋ ਮੋਟਰਸਾਈਕਲ ਅਤੇ ਮਾਰੂ ਹਥਿਆਰ ਕਬਜ਼ੇ 'ਚ ਲਏ ਹਨ ਅਤੇ ਦੋਸ਼ੀਆਂ ਵਿਰੁੱਧ ਥਾਣਾ ਸਦਰ ਜ਼ੀਰਾ ਵਿਖੇ ਮੁਕੱਦਮਾ ਨੰਬਰ 98 ਦਰਜ ਕਰ ਕੇ ਅਗਲੇਰੀ ਕਾਰਵਾਈ ਜਾਰੀ ਹੈ, ਤਾਂ ਜੋ ਨਿੱਤ ਦਿਨ ਦੀਆਂ ਵਾਪਰਦੀਆਂ ਲੁੱਟਾਂ-ਖੋਹਾਂ ਅਤੇ ਚੋਰੀਆਂ ਨੂੰ ਨੱਥ ਪਾਈ ਜਾ ਸਕੇ। ਜ਼ੀਰਾ ਪੁਲਸ ਦੀ ਇਸ ਵੱਡੀ ਪ੍ਰਾਪਤੀ ਨੇ ਜਿਥੇ ਪੁਲਸ ਮੁਲਾਜ਼ਮਾਂ ਦਾ ਮਨੋਬਲ ਵਧਾਇਆ ਹੈ, ਉਥੇ ਲੋਕਾਂ 'ਚ ਵੀ ਇਸ ਗੱਲ ਦਾ ਵਿਸ਼ਵਾਸ ਵਧ ਰਿਹਾ ਹੈ ਕਿ ਚਾਹੇ ਤਾਂ ਪੁਲਸ ਕੀ ਨਹੀਂ ਕਰ ਸਕਦੀ ਕਿਉਂਕਿ ਘਟਨਾ ਤੋਂ ਕੁਝ ਦਿਨ ਬਾਅਦ ਹੀ ਜ਼ੀਰਾ ਪੁਲਸ ਦੇ ਬਹਾਦਰ ਅਫ਼ਸਰਾਂ ਦੇ ਹੱਥ ਲੁਟੇਰਾ ਗਿਰੋਹ ਦੇ ਗਲਬੇ ਤੱਕ ਪਹੁੰਚ ਗਏ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਨ੍ਹਾਂ ਨੇ ਹੋਰ ਕੀ-ਕੀ ਵਾਰਦਾਤਾਂ ਕੀਤੀਆਂ ਸਨ।


Related News