ਸਾਨੂੰ ਦਿੱਲੀ ’ਚ 26 ਜਨਵਰੀ ਤੋਂ ਪਹਿਲਾਂ ਵਾਲੇ ਹਾਲਾਤ ਬਣਾਉਣੇ ਪੈਣਗੇ : ਲੱਖਾ ਸਿਧਾਣਾ

Sunday, Apr 25, 2021 - 10:57 PM (IST)

ਭਾਈਰੂਪਾ,(ਸ਼ੇਖਰ)- ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਬਾਰਡਰਾਂ ’ਤੇ ਚੱਲ ਰਹੇ ਸੰਘਰਸ਼ ਵਿਚ ਨਵਾਂ ਉਤਸ਼ਾਹ ਭਰਨ ਲਈ ਪੰਜਾਬ ਦੇ ਨੌਜਵਾਨਾਂ ਦਾ ਵੱਡਾ ਕਾਫਲਾ ਲਖਵੀਰ ਸਿੰਘ ਲੱਖਾ ਸਿਧਾਣਾ ਦੀ ਅਗਵਾਈ ਹੇਠ ਪਿੰਡ ਸਿਧਾਣਾ ਤੋਂ ਦਿੱਲੀ ਦੇ ਲਈ ਰਵਾਨਾ ਹੋਇਆ। ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਇਕੱਤਰ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ ਇਹ ਲੜਾਈ ਇਕੱਲੇ ਲੱਖੇ ਦੀ ਨਹੀਂ ਜਾਂ ਇਕੱਲੀਆਂ ਜਥੇਬੰਦੀਆਂ ਦੀ ਨਹੀਂ, ਇਹ ਲੜਾਈ ਸਾਡੇ ਸਾਰਿਆਂ ਦੀ ਹੈ, ਹਰ ਘਰ ਦੀ, ਹਰ ਚੁੱਲ੍ਹੇ ਦੀ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਹੈ, ਜਿਸ ਨੂੰ ਜਿੱਤਣ ਲਈ ਸਾਨੂੰ ਦਿੱਲੀ ਦੀਆਂ ਬਰੂਹਾਂ ’ਤੇ ਇਕੱਠ ਵਧਾਉਣਾ ਪੈਣਾ।

ਇਹ ਵੀ ਪੜ੍ਹੋ- ਸਿੱਖ ਪੰਥ ਵਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਗੋਲਡ ਮੈਡਲ ਨਾਲ ਕੀਤਾ ਜਾਵੇਗਾ ਸਨਮਾਨ : ਜਥੇ. ਦਾਦੂਵਾਲ

ਉਨ੍ਹਾਂ ਕਿਹਾ ਕਿ 26 ਜਨਵਰੀ ਤੋਂ ਪਹਿਲਾਂ ਦਿੱਲੀ ’ਚ ਬਹੁਤ ਵੱਡੇ ਇਕੱਠ ਹੁੰਦੇ ਸਨ, ਉਹ ਹਾਲਾਤ, ਉਹ ਮਾਹੌਲ ਸਾਨੂੰ ਦੁਬਾਰਾ ਸਿਰਜਣਾ ਪੈਣਾ ਕਿਉਂਕਿ, ਜਿਸ ਤਰ੍ਹਾਂ ਸਰਕਾਰ ਨੇ ਪਿਛਲੇ ਦੋ ਢਾਈ ਮਹੀਨਿਆਂ ਤੋਂ ਗੱਲਬਾਤ ਤੋੜੀ ਹੋਈ ਹੈ। ਸਰਕਾਰ ’ਤੇ ਦਬਾਅ ਬਣਾਉਣ ਲਈ ਸਾਨੂੰ ਘਰਾਂ ਤੋਂ ਬਾਹਰ ਨਿਕਲਣਾ ਪੈਣਾ, ਜੇਕਰ ਅਸੀਂ ਨਿਰਾਸ਼ ਹੋ ਕੇ ਘਰਾਂ ਵਿਚ ਬੈਠੇ ਰਹੇ ਤਾਂ ਅਸੀਂ ਖਤਮ ਹੋ ਜਾਵਾਂਗੇ, ਤਬਾਹ ਹੋ ਜਾਵਾਂਗੇ ਤੇ ਪੂੰਜੀਪਤੀਆਂ ਅੱਗੇ ਹੱਥ ਬੰਨ੍ਹਿਆ ਕਰਾਂਗੇ।

ਉਨ੍ਹਾਂ ਕਿਹਾ ਕਿ ਕੁਝ ਲੋਕ ਹਾਲੇ ਵੀ ਕਹੀ ਜਾਂਦੇ ਨੇ ਕਿ ਉੱਥੇ ਕੀ ਹੈ ਹੁਣ ਕੁਝ ਨਹੀਂ ਬਣਨਾ ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਕਿ ਨਿਰਾਸ਼ਾ ਛੱਡਕੇ ਅੱਗੇ ਵਧੋ, ਇਹ ਵੇਲਾ ਇਕ ਵਾਰ ਲੰਘ ਗਿਆ ਤਾਂ ਫਿਰ ਹੱਥ ਨਹੀਂ ਆਉਣਾ ਸਾਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਕਦੇ ਮੁਆਫ ਨਹੀਂ ਕਰਨਾ। ਉਨ੍ਹਾ ਕਿਹਾ ਕਿ ਇਹ ਕਾਫਲਾ ਸੋਮਵਾਰ ਨੂੰ ਟੀ. ਡੀ. ਆਈ. ਮਾਲ ਅੱਗੇ ਇਕੱਤਰ ਹੋ ਕੇ ਕਾਫਲੇ ਦੇ ਰੂਪ ’ਚ ਸਿੰਘੂ ਮੋਰਚੇ ’ਚ ਸ਼ਾਮਲ ਹੋਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਐਤਵਾਰ ਨੂੰ ਕੋਰੋਨਾ ਦੇ 7014 ਨਵੇਂ ਮਾਮਲੇ ਆਏ ਸਾਹਮਣੇ, ਇੰਨੇ ਲੋਕਾਂ ਦੀ ਹੋਈ ਮੌਤ

ਇਸ ਮੌਕੇ ਨੌਜਵਾਨਾਂ ਨੇ ਲੱਖੇ ਸਿਧਾਣੇ ਦੀ ਫੋਟੋ ਵਾਲੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਸਨ, ਜਿਨ੍ਹਾਂ ’ਤੇ ਨਾਆਰਾ ਲਿਖਿਆ ਸੀ ‘ਜਿੱਤਾਂਗੇ ਜਾ ਮਰਾਗੇ ਪਿੱਛੇ ਨਹੀਂ ਹਟਾਗੇ’। ਇਸ ਮੌਕੇ ਬੂਟਾ ਸਿੰਘ ਸਿਧਾਣਾ, ਬਲਤੇਜ ਸਿੰਘ, ਨੌਨਾ ਸਿੰਘ, ਬਾਬਾ ਇੰਦਰਜੀਤ ਸਿੰਘ, ਬਾਬਾ ਹਰਦੀਪ ਸਿੰਘ ਮਹਿਰਾਜ, ਸੁਰਿੰਦਰ ਸਿੰਘ ਦੁੱਲੇਵਾਲਾ, ਜਗਦੀਪ ਰੰਧਾਵਾ, ਸੁਖਵਿੰਦਰ ਪੀ.ਪੀ., ਭਾਨਾ ਸਿੱਧੂ, ਕੌਰੀ ਦਿਆਲਪੁਰਾ ਆਦਿ ਹਾਜ਼ਰ ਸਨ।


Bharat Thapa

Content Editor

Related News